Latest News
ਬੰਗਲਾਦੇਸ਼ 'ਚ ਮੋਦੀ ਖ਼ਿਲਾਫ਼ ਰੋਹ

Published on 05 Mar, 2020 11:03 AM.

ਨਾਗਰਿਕਤਾ ਸੰਬੰਧੀ ਕਾਲੇ ਕਾਨੂੰਨਾਂ ਵਿਰੁੱਧ ਉਠੇ ਜਨ-ਅੰਦੋਲਨਾਂ ਤੇ ਦਿੱਲੀ ਵਿੱਚ ਭੜਕੇ ਮੁਸਲਿਮ ਵਿਰੋਧੀ ਦੰਗਿਆਂ ਤੋਂ ਬਾਅਦ ਦੁਨੀਆ ਭਰ ਦੇ ਜਮਹੂਰੀਅਤਪਸੰਦ ਲੋਕ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਪਿਛਲੇ ਦਿਨੀਂ ਯੂਰਪ ਦੇ 18 ਵੱਡੇ ਸ਼ਹਿਰਾਂ-ਗਲਾਸਗੋ, ਕਰਾਕੋਵ, ਹੇਲਸਿੰਕੀ, ਸਟਾਕਹੋਮ, ਡਬਲਿਨ ਤੇ ਬਰਲਿਨ ਆਦਿ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਮੁਜ਼ਾਹਰੇ ਕਰਕੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 13-14 ਮਾਰਚ ਨੂੰ ਭਾਰਤ-ਯੂਰਪੀ ਯੂਨੀਅਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਆਉਣ ਸਮੇਂ ਬਰੱਸਲਜ਼ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਵੱਲੋਂ 17 ਮਾਰਚ ਨੂੰ ਢਾਕਾ ਦੀ ਪ੍ਰਸਤਾਵਤ ਯਾਤਰਾ ਤੋਂ ਪਹਿਲਾਂ ਹੀ ਬੰਗਲਾਦੇਸ਼ ਵਿੱਚ 'ਮੋਦੀ ਗੋ ਬੈਕ' ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਹਨ। ਬੰਗਲਾਦੇਸ਼ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੇਖ ਮੁਜੀਬ ਉਰ ਰਹਿਮਾਨ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਵਿਰੁੱਧ ਉੱਥੋਂ ਦੇ ਬੁੱਧੀਜੀਵੀ, ਵਿਦਿਆਰਥੀ ਤੇ ਸਮਾਜਿਕ ਸੰਸਥਾਵਾਂ ਦੇ ਕਾਰਕੁਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਯਾਤਰਾ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਲਾਦੇਸ਼ੀ ਪ੍ਰਵਾਸੀਆਂ ਦੀ ਤੁਲਨਾ ਸਿਓਂਕ ਨਾਲ ਕਰਕੇ ਬਲਦੀ ਉੱਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਸ਼ਾਹ ਨੇ ਇੱਕ ਰੈਲੀ ਵਿੱਚ ਤਕਰੀਰ ਕਰਦਿਆਂ ਕਿਹਾ ਸੀ ਕਿ ਬੰਗਲਾਦੇਸ਼ ਤੋਂ ਆਏ ਨਜਾਇਜ਼ ਪ੍ਰਵਾਸੀ 'ਦੀਮਕ' ਹਨ ਤੇ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਅਤੀ ਜ਼ਰੂਰੀ ਹੈ।
ਬੰਗਲਾਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਮੋਦੀ ਦੇ ਦੌਰੇ ਸੰਬੰਧੀ ਬੰਗਲਾਦੇਸ਼ ਜਨਰਲ ਸਟੂਡੈਂਟਸ ਰਾਈਟਸ ਪ੍ਰੋਟੈਕਸ਼ਨ ਕਾਊਂਸਲ ਵੱਲੋਂ ਰਾਜੂ ਮੈਮੋਰੀਅਲ ਹਾਲ ਢਾਕਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਢਾਕਾ ਯੂਨੀਵਰਸਿਟੀ ਸੈਂਟਰਲ ਯੂਨੀਅਨ ਦੇ ਉਪ ਪ੍ਰਧਾਨ ਨੂਰੁਲ ਹੱਕ ਨੂਰ ਨੇ ਨਰਿੰਦਰ ਮੋਦੀ ਨੂੰ ਮੁਜੀਬ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣੋਂ ਰੋਕਣ ਦੀ ਸਹੁੰ ਚੁੱਕੀ। ਨੂਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਮੋਦੀ ਵਰਗਾ ਵਿਅਕਤੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਬੰਗਲਾਦੇਸ਼ ਦੇ ਆਮ ਲੋਕਾਂ ਦਾ ਅਪਮਾਨ ਹੋਵੇਗਾ ਅਤੇ ਮੁਜੀਬ ਉਰ ਰਹਿਮਾਨ ਦਾ ਵੀ, ਜਿਨ੍ਹਾ ਬੰਗਲਾਦੇਸ਼ ਵਿੱਚ ਧਰਮ-ਨਿਰਪੱਖਤਾ ਤੇ ਧਾਰਮਿਕ ਭਾਈਚਾਰਾ ਬਣਾਈ ਰੱਖਣ ਦਾ ਮੁੱਢ ਬੰਨ੍ਹਿਆ। ਬੀਤੇ ਸ਼ੁੱਕਰਵਾਰ ਬੰਗਲਾਦੇਸ਼ ਵਿਦਿਆਰਥੀ ਸੰਘ ਅਤੇ ਕਰਾਂਤੀਕਾਰੀ ਵਿਦਿਆਰਥੀ ਤੇ ਨੌਜਵਾਨ ਏਕਤਾ ਵਰਗੇ ਖੱਬੇ-ਪੱਖੀ ਸੰਗਠਨਾਂ ਨੇ ਵੀ ਢਾਕਾ ਯੂਨੀਵਰਸਿਟੀ ਵਿੱਚ ਵੱਖ-ਵੱਖ ਰੈਲੀਆਂ ਕਰਕੇ ਦਿੱਲੀ ਹਿੰਸਾ ਵਿੱਚ ਮਾਰੇ ਗਏ ਮੁਸਲਮਾਨਾਂ ਤੇ ਹਿੰਦੂਆਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਇਸ ਤੋਂ ਇਲਾਵਾ ਉਲਮਾ-ਏ-ਇਸਲਾਮ ਦੇ ਜਨਰਲ ਸਕੱਤਰ ਨੂਰ ਹਸਨ ਕਾਸਮੀ ਨੇ ਸਰਕਾਰ ਵੱਲੋਂ ਮੋਦੀ ਨੂੰ ਦਿੱਤੇ ਸੱਦੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿੱਚ ਮੁਸਲਮਾਨਾਂ ਨੂੰ ਗੈਰ-ਮੁਸਲਮਾਨਾਂ ਦੀ ਰੱਖਿਆ ਕਰਕੇ ਫਿਰਕੂ ਸਦਭਾਵਨਾ ਬਣਾ ਕੇ ਰੱਖਣੀ ਚਾਹੀਦੀ ਹੈ। ਇਸੇ ਦੌਰਾਨ ਲੱਗਭੱਗ 3000 ਲੋਕਾਂ ਨੇ ਬਿਜੋਏ ਨਗਰ ਦੀ ਸੜਕ ਉੱਤੇ 'ਮੁਸਲਮਾਨਾਂ ਨੂੰ ਮਾਰਨਾ ਬੰਦ ਕਰੋ' ਨਾਅਰੇ ਲਿਖੀਆਂ ਤਖਤੀਆਂ ਨਾਲ ਮੁਜ਼ਾਹਰਾ ਕੀਤਾ। ਉਨ੍ਹਾਂ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਬੰਗਲਾਦੇਸ਼ ਅੰਜੁਮਨੇ ਤਲਮਿਜ਼ੇ ਇਸਲਾਮੀਆ ਸਿਲਹਟ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼ੋਭਾਘਾਟ ਵਿਖੇ 10 ਹਜ਼ਾਰ ਲੋਕਾਂ ਦੀ ਇੱਕ ਰੈਲੀ ਕੀਤੀ। ਸਿਲਹਟ ਵਿੱਚ ਹੀ ਹਜ਼ਾਰਾਂ ਮੁਸਲਿਮ ਧਰਮ ਗੁਰੂਆਂ ਦੇ ਸਾਂਝੇ ਮੰਚ 'ਉਲਮਾ ਮਸ਼ਾਏ ਪ੍ਰੀਸ਼ਦ' ਵੱਲੋਂ ਜਲੂਸ ਕੱਢਿਆ ਗਿਆ। ਇਸ ਦਿਨ ਹੀ ਵਿਦਿਆਰਥੀ ਸੰਗਠਨਾਂ ਦੇ ਸਾਂਝੇ ਮੋਰਚੇ ਵੱਲੋਂ ਵੀ ਵੱਖਰਾ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਬੰਗਲਾਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ, ਜਿਨ੍ਹਾਂ ਵਿੱਚ ਅਬਦੁਲ ਗੁਫਾਰ ਚੌਧਰੀ, ਅਨੁਪਮ ਸੇਨ, ਹਸਨ ਇਮਾਮ, ਰਾਮੇਂਦਰ ਮਜੂਮਦਾਰ, ਤਾਰਿਕ ਅਲੀ ਵਰਗੇ ਬੁੱਧੀਜੀਵੀ ਸ਼ਾਮਲ ਸਨ, ਨੇ ਇੱਕ ਸਾਂਝੇ ਬਿਆਨ ਵਿੱਚ ਦਿੱਲੀ ਦੀ ਹਿੰਸਾ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਸਥਿਤੀ ਸਹੀ ਨਹੀਂ ਹੈ ਤਾਂ ਇਹ ਇਸ ਸਾਰੇ ਖੇਤਰ ਵਿੱਚ ਅਸਥਿਰਤਾ ਪੈਦਾ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਅਸੀਂ ਆਪਣਾ ਗੁਆਂਢੀ ਮਿੱਤਰ ਸਮਝਦੇ ਹਾਂ, ਪੰ੍ਰਤੂ ਭਾਰਤ ਵਿੱਚ ਜਾਰੀ ਹਿੰਸਾ ਦੱਖਣੀ ਏਸ਼ੀਆ ਵਿੱਚ ਸ਼ਾਂਤੀ, ਲੋਕਤੰਤਰ, ਵਿਕਾਸ ਅਤੇ ਭਾਈਚਾਰਕ ਸਦਭਾਵਨਾ ਲਈ ਹਾਨੀਕਾਰਕ ਹੋ ਸਕਦੀ ਹੈ।
ਨਰਿੰਦਰ ਮੋਦੀ ਦੀ ਅਗਵਾਈ ਵਿੱਚ 2014 ਤੋਂ ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਹੋਈ ਭਾਜਪਾ ਦੇ ਰਾਜ ਵਿੱਚ ਅਸੀਂ ਇੱਕ ਤੋਂ ਬਾਅਦ ਇੱਕ ਆਪਣੇ ਗੁਆਂਢੀ ਮਿੱਤਰਾਂ ਨੂੰ ਗੁਆਉਂਦੇ ਆ ਰਹੇ ਹਾਂ। ਪਾਕਿਸਤਾਨ ਨਾਲ ਤਾਂ ਸ਼ੁਰੂ ਤੋਂ ਹੀ ਸਾਡਾ ਇੱਟ ਖੜਿੱਕਾ ਚਲਦਾ ਆਇਆ ਹੈ। ਨੇਪਾਲ ਦੀ ਨਾਕੇਬੰਦੀ ਕਾਰਨ ਉਸ ਨੇ ਵੀ ਸਾਡੇ ਨਾਲੋਂ ਚੀਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਸ੍ਰੀਲੰਕਾ ਤੇ ਮਿਆਂਮਾਰ ਦੀਆਂ ਵੀ ਸਾਡੇ ਨਾਲ ਦੂਰੀਆਂ ਵਧੀਆਂ ਹਨ। ਸਾਡਾ ਸਭ ਤੋਂ ਭਰੋਸੇਮੰਦ ਮਿੱਤਰ ਬੰਗਲਾਦੇਸ਼ ਹੀ ਬਚਿਆ ਸੀ, ਹੁਣ ਉਸ ਨੂੰ ਵੀ ਸਾਡੇ ਹਾਕਮ ਦੁਸ਼ਮਣਾਂ ਦੀ ਕਤਾਰ ਵਿੱਚ ਧੱਕਣ ਲਈ ਬਜ਼ਿੱਦ ਜਾਪਦੇ ਹਨ। ਅੱਗੇ ਕੀ ਵਾਪਰਨਾ ਹੈ, ਇਸ ਦਾ ਕਿਆਫ਼ਾ ਲਾਉਣਾ ਮੁਸ਼ਕਲ ਹੈ, ਪਰ ਗੁਆਂਢੀ ਦੇਸ਼ਾਂ ਨਾਲ ਦੂਰੀਆਂ ਦਾ ਸਾਡੇ ਇਸ ਸਮੁੱਚੇ ਖਿੱਤੇ ਨੂੰ ਲੰਮੇ ਸਮੇਂ ਤੱਕ ਖਮਿਆਜ਼ਾ ਭੁਗਤਣਾ ਪਵੇਗਾ।

688 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper