Latest News
ਯੈੱਸ ਬੈਂਕ ਮਿੱਤਰਾਂ ਨੇ ਡੋਬਿਆ

Published on 11 Mar, 2020 10:53 AM.


ਮੱਧ ਪ੍ਰਦੇਸ਼ ਵਿੱਚ ਰਾਜ ਸਭਾ ਦੀਆਂ ਤਿੰਨ ਸੀਟਾਂ ਸੰਬੰਧੀ ਐਲਾਨ ਤੋਂ ਬਾਅਦ ਹੀ ਉੱਥੇ ਕਾਂਗਰਸ ਅੰਦਰ ਘਮਸਾਨ ਸ਼ੁਰੂ ਹੋ ਗਿਆ ਸੀ। ਜਿਉਤਰਦਿੱਤਿਆ ਸਿੰਧੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਹਮਾਇਤੀ ਕਰੀਬ ਡੇਢ ਦਰਜਨ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਰਾਜਪਾਲ ਨੂੰ ਭੇਜ ਦਿੱਤੇ ਹਨ। ਕਮਲਨਾਥ ਸਰਕਾਰ ਇਸ ਸਮੇਂ ਘੱਟ ਗਿਣਤੀ ਵਿੱਚ ਆਈ ਲੱਭਦੀ ਹੈ। ਇਸ ਦੇ ਬਾਵਜੂਦ ਕਮਲਨਾਥ ਸਰਕਾਰ ਨੂੰ ਕੋਈ ਖ਼ਤਰਾ ਨਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੋਵੇਂ ਧਿਰਾਂ ਕਾਂਗਰਸ ਤੇ ਭਾਜਪਾ ਨੇ ਆਪਣੇ-ਆਪਣੇ ਵਿਧਾਇਕਾਂ ਨੂੰ 'ਸੰਭਾਲਣ' ਲਈ 'ਰਿਜ਼ਾਰਟ ਰਾਜਨੀਤੀ' ਸ਼ੁਰੂ ਕਰ ਦਿੱਤੀ ਹੈ। ਇਸ ਡਰਾਮੇ ਦਾ ਡਰਾਪਸੀਨ ਕੀ ਹੋਵੇਗਾ, ਇਸ ਬਾਰੇ ਹਾਲੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ ਹੋਰ ਉਡੀਕ ਕਰਾਂਗੇ।
ਸਾਡੇ ਸਾਹਮਣੇ ਅੱਜ ਦਾ ਅਹਿਮ ਸਵਾਲ ਇਹ ਹੈ ਕਿ ਯੈੱਸ ਬੈਂਕ ਡੁੱਬਾ ਕਿਉਂ? ਇਸ ਦਾ ਸਿੱਧਾ ਜਵਾਬ ਹੈ ਕਿ 17 ਸਾਲ ਪੁਰਾਣੇ ਇਸ ਬੈਂਕ ਨੇ ਸਿਰਫ਼ ਪਿਛਲੇ ਦੋ ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਰਜ਼ ਦੇ ਖੁੱਲ੍ਹੇ ਗੱਫੇ ਵੰਡੇ, ਜਿਸ ਨਾਲ ਇਸ ਦਾ ਕਰਜ਼ 1,32,000 ਕਰੋੜ ਰੁਪਏ ਤੋਂ ਵਧ ਕੇ 2,41,000 ਕਰੋੜ ਰੁਪਏ ਹੋ ਗਿਆ। ਜੇ ਜ਼ਰਾ ਪਿੱਛੇ ਝਾਤ ਮਾਰੀ ਜਾਵੇ ਤਾਂ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਦੇ ਸ਼ੁਰੂਆਤੀ ਸਮੇਂ 2014 ਵਿੱਚ ਇਸ ਬੈਂਕ ਨੇ 12 ਸਾਲਾਂ 'ਚ 55000 ਕਰੋੜ ਰੁਪਏ ਕਰਜ਼ਾ ਦਿੱਤਾ ਸੀ, ਪਰ ਨਰਿੰਦਰ ਮੋਦੀ ਦੇ ਪੰਜ ਸਾਲਾਂ ਦੌਰਾਨ ਬੈਂਕ ਨੇ ਕਾਰਪੋਰੇਟਾਂ ਨੂੰ 1,86,000 ਕਰੋੜ ਵੰਡ ਦਿੱਤੇ, ਯਾਨੀ 400 ਫ਼ੀਸਦੀ ਦਾ ਵਾਧਾ। ਇਹ ਵੀ ਉਸ ਹਾਲਤ ਵਿੱਚ ਜਦੋਂ ਸਰਕਾਰੀ ਬੈਂਕ ਨੋਟਬੰਦੀ ਤੇ ਜੀ ਐੱਸ ਟੀ ਕਾਰਨ ਆਈ ਮੰਦੀ ਕਰਕੇ ਬੋਚ-ਬੋਚ ਕੇ ਕਦਮ ਰੱਖ ਰਹੇ ਸਨ। ਪਿਛਲੇ ਦੋ ਸਾਲ ਦਾ ਸਮਾਂ ਤਾਂ ਉਹ ਸੀ, ਜਦੋਂ ਦੇਸ਼ ਦੀ ਅਰਥ-ਵਿਵਸਥਾ ਲੜਖੜਾ ਰਹੀ ਸੀ, ਕਰਜ਼ ਦੀ ਮੰਗ ਘੱਟ ਸੀ ਤੇ ਨਿੱਜੀ ਨਿਵੇਸ਼ ਦੇ ਪਟੜੀ ਉੱਤੇ ਵਾਪਸ ਆਉਣ ਦਾ ਕੋਈ ਸੰਕੇਤ ਨਹੀਂ ਸੀ ਮਿਲਦਾ। ਇਸ ਹਾਲਤ ਵਿੱਚ ਬੈਂਕ ਕਾਰਪੋਰੇਟਾਂ ਨੂੰ 1 ਲੱਖ 900 ਕਰੋੜ ਰੁਪਏ ਦੇ ਦਿੰਦਾ ਹੈ, ਇਹ ਸਿੱਧੇ ਤੌਰ 'ਤੇ ਇੱਕ ਵੱਡੇ ਘਪਲੇ ਵੱਲ ਇਸ਼ਾਰਾ ਕਰਦਾ ਹੈ।
ਇਸ ਘਪਲੇ ਦੀਆਂ ਪਰਤਾਂ ਤਦ ਹੀ ਖੁੱਲ੍ਹ ਸਕਦੀਆਂ ਹਨ, ਜੇਕਰ ਉਨ੍ਹਾਂ ਕਾਰਪੋਰੇਟਾਂ ਦੇ ਨਾਂਅ ਸਾਹਮਣੇ ਲਿਆਂਦੇ ਜਾਣ, ਜਿਨ੍ਹਾਂ ਨੂੰ ਯੈੱਸ ਬੈਂਕ ਤੇ ਹੋਰਨਾਂ ਬੈਂਕ ਵੱਲੋਂ ਰਿਓੜੀਆਂ ਵਾਂਗ ਕਰਜ਼ਾ ਵੰਡਿਆ ਗਿਆ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸੋਸ਼ਲ ਮੀਡੀਆ 'ਤੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਗਏ ਕਰਜ਼ੇ ਵਿਚਲੇ 18 ਨਾਵਾਂ 'ਤੇ ਦਿੱਤੀਆਂ ਕਰਜ਼ਾ ਰਕਮਾਂ ਦਾ ਵੇਰਵਾ ਪੇਸ਼ ਕੀਤਾ ਹੈ। ਇੱਥੇ ਅਸੀਂ ਉਸ ਵਿੱਚੋਂ ਕੁਝ ਨਾਂਅ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਵੱਲ ਬੈਂਕਾਂ ਦੇ ਮੋਟੇ ਕਰਜ਼ੇ ਖੜ੍ਹੇ ਹਨ। ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਵੱਲ 1 ਲੱਖ 25 ਹਜ਼ਾਰ ਕਰੋੜ, ਅਨਿਲ ਅਗਰਵਾਲ ਦੇ ਵੇਦਾਂਤਾ ਗਰੁੱਪ ਵੱਲ 1 ਲੱਖ 3 ਹਜ਼ਾਰ ਕਰੋੜ, ਰੁਈਆ ਬ੍ਰਦਰਜ਼ ਦੇ ਐੱਸ ਆਰ ਗਰੁੱਪ ਵੱਡਲ ਇੱਕ ਲੱਖ ਇੱਕ ਹਜ਼ਾਰ ਕਰੋੜ, ਅਡਾਨੀ ਗਰੁੱਪ ਵੱਲ 96,031 ਕਰੋੜ, ਮਨੋਜ ਗੌੜ ਦੇ ਜੇ ਪੀ ਗਰੁੱਪ ਵੱਲ 75,163 ਕਰੋੜ ਤੇ ਸੱਜਣ ਜਿੰਦਲ ਦੇ ਜੇ ਐੱਸ ਡਬਲਿਊ ਗਰੁੱਪ ਵੱਲ 58,171 ਕਰੋੜ ਰੁਪਏ ਦਾ ਕਰਜ਼ ਖੜ੍ਹਾ ਹੈ।
ਭਾਜਪਾ ਦੇ ਸਾਬਕਾ ਐਮ ਪੀ ਤੇ ਮੁੰਬਈ ਦੇ ਸੀਨੀਅਰ ਆਗੂ ਕਰੀਟ ਸੋਮੱਈਆ ਨੇ ਯੈੱਸ ਬੈਂਕ ਤੋਂ ਲਏ ਕਰਜ਼ੇ ਦੀ ਲਿਸਟ ਜਾਰੀ ਕੀਤੀ ਹੈ। ਉਸ ਮੁਤਾਬਕ 10 ਕੰਪਨੀਆਂ ਨੇ 60,000 ਕਰੋੜ ਦਾ ਚੂਨਾ ਲਾਇਆ ਹੈ। ਇਹ ਹਨ: ਅਨਿਲ ਅੰਬਾਨੀ 12,800 ਕਰੋੜ, ਐੱਸ ਐੱਲ ਗਰੁੱਪ 8400 ਕਰੋੜ, ਡੀ ਐੱਚ ਐੱਫ਼ ਐੱਲ ਗਰੁੱਪ 4735 ਕਰੋੜ, ਆਈ ਐੱਲ ਐਂਡ ਐੱਫ਼ ਐੱਸ 2500 ਕਰੋੜ, ਜੈੱਟ ਏਅਰ 1100 ਕਰੋੜ, ਕੌਕਸ ਐਂਡ ਕਿੰਗਜ ਟਰੈਵਲ 1000 ਕਰੋੜ, ਬੀ ਐਮ ਖੇਤਾਨ ਗਰੁੱਪ 1250 ਕਰੋੜ, ਓਂਕਾਰ ਰਿਐਲਟਰਜ਼ 2710 ਕਰੋੜ, ਰੇਡੀਅਸ ਡਿਵੈੱਲਪਰਜ਼ 1200 ਕਰੋੜ ਅਤੇ ਸੀ ਜੀ ਪਾਵਰ ਥਾਪਰ ਗਰੁੱਪ 500 ਕਰੋੜ।
ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਯੈੱਸ ਬੈਂਕ ਤੋਂ ਲਏ ਕਰਜ਼ੇ ਨਾਲ ਇਨ੍ਹਾਂ ਕੰਪਨੀਆਂ ਨੇ ਕੋਈ ਨਵਾਂ ਨਿਵੇਸ਼ ਕੀਤਾ? ਇਸ ਦਾ ਜਵਾਬ ਤਾਂ ਯੈੱਸ ਬੈਂਕ ਦੇ ਡੁੱਬਣ ਦਾ ਠੀਕਰਾ ਕਾਂਗਰਸ ਸਿਰ ਭੰਨਣ ਵਾਲੀ ਵਿੱਤ ਮੰਤਰੀ ਸੀਤਾਰਮਨ ਹੀ ਦੇ ਸਕਦੀ ਹੈ। ਇਸ ਸੰਬੰਧੀ ਵਿੱਤ ਮੰਤਰੀ ਦੀ ਚੁੱਪ ਦਾ ਤਾਂ ਇਹੋ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਾਰਪੋਰੇਟ ਕੰਪਨੀਆਂ ਨੇ ਨਵੇਂ ਨਿਵੇਸ਼ ਦੀ ਥਾਂ ਇਹ ਪੈਸਾ ਸਰਕਾਰੀ ਬੈਕਾਂ ਪਾਸੋਂ ਲਏ ਪੁਰਾਣੇ ਕਰਜ਼ੇ ਨੂੰ ਐੱਨ ਪੀ ਏ ਤੋਂ ਰੋਕਣ ਲਈ ਉਨ੍ਹਾਂ ਬੈਂਕਾਂ ਨੂੰ ਦੇ ਦਿੱਤਾ ਹੈ। ਇਹ ਉਹੋ ਕੰਪਨੀਆਂ ਹਨ, ਜਿਹੜੀਆਂ ਪਹਿਲਾਂ ਸਰਕਾਰੀ ਬੈਂਕਾਂ ਨੂੰ ਵੀ ਚੂਨਾ ਲਗਾ ਚੁੱਕੀਆਂ ਸਨ।
ਪਿਛਲੇ ਦਿਨੀਂ ਈ ਡੀ ਵੱਲੋਂ ਬੈਂਕ ਦੇ ਸਾਬਕਾ ਪ੍ਰਮੋਟਰ ਰਾਣਾ ਕਪੂਰ ਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਛਾਪੇ ਮਾਰੇ ਗਏ ਸਨ, ਪਰ ਇਸ ਨਾਲ ਇਸ ਵੱਡੇ ਘਪਲੇ ਦੀਆਂ ਪਰਤਾਂ ਖੁੱਲ੍ਹਣੀਆਂ ਅਸੰਭਵ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਅੰਬਾਨੀ-ਅਡਾਨੀ ਨੂੰ ਏਨੇ ਵੱਡੇ ਕਰਜ਼ੇ ਸਿਆਸੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਹੀ ਦੇ ਦਿੱਤੇ ਗਏ ਹੋਣ? ਇਹ ਪੁੱਛਿਆ ਜਾ ਸਕਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਆਰ ਬੀ ਆਈ ਦੇ ਅਧਿਕਾਰੀ ਚਾਦਰ ਤਾਣ ਕੇ ਕਿਉਂ ਸੁੱਤੇ ਰਹੇ? ਜਦੋਂ ਬੈਂਕ ਨੇ ਆਖਰੀ ਤਿਮਾਹੀ ਜੁਲਾਈ ਤੋਂ ਸਤੰਬਰ 2019 ਦੇ ਅੰਕੜੇ ਜਨਤਕ ਕੀਤੇ ਸਨ ਤਾਂ ਉਸ ਨੇ ਕੁੱਲ ਐੱਨ ਪੀ ਏ ਕੁਲ ਕਰਜ਼ੇ ਦਾ 5 ਤੋਂ 6 ਫ਼ੀਸਦੀ ਦਿਖਾਇਆ ਸੀ, ਜਦੋਂ ਕਿ ਅਸਲ ਵਿੱਚ ਇਹ 30 ਫ਼ੀਸਦੀ ਤੋਂ ਵੱਧ ਸੀ। ਉਸ ਸਮੇਂ ਆਰ ਬੀ ਆਈ ਉੱਤੇ ਖਾਮੋਸ਼ ਰਹਿਣ ਲਈ ਕਿਸ ਦਾ ਦਬਾਅ ਸੀ, ਇਹ ਸਾਹਮਣੇ ਆਉਣਾ ਚਾਹੀਦਾ ਹੈ। 'ਇਕਨਾਮਿਕ ਟਾਈਮਜ਼' ਵੱਲੋਂ ਕਰਾਈ ਗਈ 'ਗਲੋਬਲ ਸਮਿਟ', ਜਿਸ ਦੇ ਅਯੋਜਕਾਂ ਵਿੱਚ ਯੈੱਸ ਬੈਂਕ ਵੀ ਸ਼ਾਮਲ ਸੀ, ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, 'ਅਸੀਂ ਇਮਾਨਦਾਰਾਂ ਨਾਲ ਖੜ੍ਹੇ ਹੋਵਾਂਗੇ ਤੇ ਭ੍ਰਿਸ਼ਟਾਚਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆਵਾਂਗੇ।' ਪਰ ਮੋਦੀ ਸਰਕਾਰ ਦੇ ਕੰਮਕਾਜ ਤੋਂ ਤਾਂ ਨਾਅਰਾ ਇਹ ਸੱਚ ਜਾਪਦਾ ਹੈ, 'ਅਸੀਂ ਇਮਾਨਦਾਰੀ ਨਾਲ ਭ੍ਰਿਸ਼ਟਾਚਾਰੀਆਂ ਨਾਲ ਖੜ੍ਹੇ ਰਹਾਂਗੇ।'

606 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper