Latest News
ਕੋਰੋਨਾ ਵਾਇਰਸ ਕਾਰਨ ਬ੍ਰੈਂਡਡ ਜੀਨ ਦਾ ਆਰਡਰ ਰੱਦ

Published on 12 Mar, 2020 10:38 AM.

ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਬੌਬੀ)–ਮਾਛੀਵਾੜਾ ਨੇੜੇ ਵੱਡੀ ਉਦਯੋਗਿਕ ਇਕਾਈ ਮਾਲਵਾ ਮਿੱਲ ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਬ੍ਰੈਂਡਡ ਜੀਨ ਤਿਆਰ ਹੁੰਦੀ ਸੀ ਜੋ ਕਿ ਬਾਹਰਲੇ ਵਿਦੇਸ਼ਾਂ ਵਿੱਚ ਵੀ ਇਸ ਦੀ ਸਪਲਾਈ ਹੁੰਦੀ ਸੀ।
ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਫੈਲਣ ਨਾਲ ਉਥੇ ਕਾਰੋਬਾਰ ਵੀ ਠੱਪ ਹੋ ਗਏ ਅਤੇ ਇਨ੍ਹਾਂ ਦੇਸ਼ਾਂ ਵਿੱਚ ਸਾਮਾਨ ਸਪਲਾਈ ਕਰਨ ਦੇ ਕਈ ਆਰਡਰ ਵੀ ਰੱਦ ਹੋ ਗਏ। ਮਾਲਵਾ ਮਿੱਲ 'ਚ ਵੀ ਤਿਆਰ ਹੁੰਦੀ ਬ੍ਰੈਂਡਡ ਜੀਨ ਦਾ ਆਰਡਰ ਰੱਦ ਹੋਣ ਦਾ ਕਾਰਨ ਵੀ ਵਿਦੇਸ਼ਾਂ 'ਚ ਇਸ ਦੀ ਮੰਗ ਘਟ ਜਾਣਾ ਹੈ। ਇਸ ਜੀਨ ਦਾ ਆਰਡਰ ਰੱਦ ਹੋਣ ਕਾਰਨ ਆਪਣੇ ਕਰੀਬ 700 ਮੁਲਾਜ਼ਮਾਂ ਨੂੰ 2 ਮਹੀਨੇ ਦੀ ਜਬਰੀ ਛੁੱਟੀ 'ਤੇ ਭੇਜ ਦਿੱਤੇ ਜਿਸ ਕਾਰਨ ਇਨ੍ਹਾਂ 700 ਕਾਮਿਆਂ ਨਾਲ ਜੁੜੇ ਉਨ੍ਹਾਂ ਦੇ ਹਜ਼ਾਰਾਂ ਪਰਿਵਾਰਕ ਮੈਂਬਰਾਂ ਨੂੰ ਵੀ ਰੋਟੀ ਦੇ ਲਾਲ੍ਹੇ ਪੈ ਗਏ। ਵੀਰਵਾਰ ਸਵੇਰੇ ਜਬਰੀ ਛੁੱਟੀ 'ਤੇ ਭੇਜੇ ਗਏ ਕਾਮੇ ਮਾਲਵਾ ਮਿੱਲ ਅੱਗੇ ਆਪਣੀ ਡੇਢ ਮਹੀਨੇ ਦੀ ਬਕਾਇਆ ਤਨਖਾਹ ਲੈਣ ਲਈ ਇਕੱਤਰ ਹੋਏ, ਜਿਨ੍ਹਾਂ ਦੱਸਿਆ ਕਿ ਘਰੇਲੂ ਹਾਲਾਤ ਇਹ ਬਣ ਗਏ ਹਨ ਕਿ ਮਿੱਲ ਬੰਦ ਹੋਣ ਕਾਰਨ ਬਜ਼ਾਰ 'ਚ ਉਨ੍ਹਾਂ ਨੂੰ ਕਰਿਆਨੇ ਦੀ ਦੁਕਾਨ ਤੋਂ ਉਧਾਰ ਮਿਲਣਾ ਬੰਦ ਹੋ ਗਿਆ ਅਤੇ ਜਿਨ੍ਹਾਂ ਕੁਆਰਟਰਾਂ ਵਿੱਚ ਉਹ ਕਿਰਾਏ 'ਤੇ ਰਹਿ ਰਹੇ ਹਨ ਮਾਲਕਾਂ ਨੇ ਉਹ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਿੱਲ 'ਚ ਕੰਮ ਕਰਦੇ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਲਈ ਹੋਲੀ ਦਾ ਤਿਉਹਾਰ ਸਭ ਤੋਂ ਵੱਡਾ ਹੁੰਦਾ ਹੈ, ਪਰ ਤਨਖਾਹ ਨਾ ਮਿਲਣ ਕਾਰਨ ਇਹ ਵੀ ਫਿੱਕਾ ਰਿਹਾ, ਕਿਉਂਕਿ ਉਨ੍ਹਾਂ ਦੀ ਜੇਬ 'ਚ ਅੱਜ ਰੋਟੀ ਜੋਗੇ ਪੈਸੇ ਨਹੀਂ ਤਿਉਹਾਰ ਕਿੱਥੋਂ ਮਨਾਉਣ। ਮਿੱਲ ਦੇ ਗੇਟ ਅੱਗੇ ਕਈ ਘੰਟੇ ਦਾ ਇੰਤਜ਼ਾਰ ਕਰਨ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਮਿੱਲ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਤਾਂ ਉਹ ਆਪਣੇ ਘਰਾਂ ਨੂੰ ਪਰਤੇ। ਮਾਲਵਾ ਮਿੱਲ ਪ੍ਰਬੰਧਕ ਕੇ. ਐੱਸ. ਵਰਮਾ ਨੇ ਗੇਟ ਅੱਗੇ ਇਕੱਠੇ ਹੋਏ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜੋ ਵੀ ਬਕਾਇਆ ਤਨਖਾਹ ਹੈ, ਉਹ 20 ਤੋਂ 30 ਮਾਰਚ ਤੱਕ ਖਾਤਿਆਂ 'ਚ ਪੈ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਜੋ ਬਕਾਇਆ ਹੋਵੇਗਾ, ਉਹ ਵੀ ਮਜ਼ਦੂਰਾਂ ਦਾ ਇੱਕ-ਇੱਕ ਪੈਸਾ ਮਿੱਲ ਅਦਾ ਕਰਨ ਦੀ ਪਾਬੰਦ ਹੈ। ਉਨ੍ਹਾ ਇਹ ਵੀ ਦੱਸਿਆ ਕਿ ਮਿੱਲ ਮਾਲਕਾਂ ਵੱਲੋਂ ਇਹ ਪੂਰਨ ਕੋਸ਼ਿਸ਼ਾਂ ਹਨ ਕਿ 2 ਮਹੀਨੇ ਬਾਅਦ ਦੁਬਾਰਾ ਇੰਡਸਟਰੀ ਨੂੰ ਚਾਲੂ ਕੀਤਾ ਜਾਵੇ ਅਤੇ ਜੋ ਵੀ ਮਜ਼ਦੂਰ ਕੰਮ 'ਤੇ ਆਉਣਾ ਚਾਹੁੰਦੇ ਹਨ ਆ ਸਕਦੇ ਹਨ।

741 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper