ਧੂਰੀ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ)
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਅਤੇ ਹਾਲਾਤ ਸੁਖਾਵੇਂ ਰੱਖਣ ਲਈ ਭਾਰਤ ਸਰਕਾਰ ਵੱਲੋਭ ਲਾਈਆਂ ਰੋਕਾਂ ਕਾਰਨ ਪਿਛਲੇ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਬੰਦ ਪਏ ਆਈਲੈਟਸ ਸੈਂਟਰਾਂ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਆਈਲੈਟਸ ਸੈਂਟਰ ਮਾਲਕਾਂ ਦੇ ਵਫ਼ਦ ਵੱਲੋਂ ਗਰੇਅ ਮੈਟਰਜ਼ ਗਰੁੱਪ ਦੀ ਮੈਨੇਜਿੰਗ ਡਾਇਰੈਕਟਰ ਸੋਨੀਆ ਧਵਨ ਦੀ ਅਗਵਾਈ ਹੇਠ ਉਦਯੋਗ ਤੇ ਵਣਜ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਮਿਲਿਆ। ਆਗੂਆਂ ਨੇ ਦੱਸਿਆ ਕਿ ਆਈਲੈਟਸ ਸੈਂਟਰ ਮਾਲਕਾਂ ਨੂੰ ਕਿਰਾਏ 'ਤੇ ਲਈਆਂ ਇਮਾਰਤਾਂ ਦੇ ਹਜ਼ਾਰਾਂ-ਲੱਖਾਂ ਰੁਪਿਆ ਦਾ ਬੋਝ ਪੈ ਰਿਹਾ ਹੈ, ਦੂਜੇ ਪਾਸੇ ਉਚੇਰੀ ਸਿੱਖਿਆ ਲਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਦੇ ਇਛੁੱਕ ਨੌਜਵਾਨ ਲੜਕੇ-ਲੜਕੀਆਂ ਦਾ ਭਵਿੱਖ ਵੀ ਦਾਅ 'ਤੇ ਲੱਗਾ ਹੋਇਆ ਹੈ। ਵਫ਼ਦ ਦੀ ਅਗਵਾਈ ਕਰਦਿਆਂ ਸੋਨੀਆ ਧਵਨ ਨੇ ਦੱਸਿਆ ਕਿ ਵਫ਼ਦ ਨੇ ਮੰਤਰੀ ਨੂੰ ਜਾਣੂ ਕਰਾਉਦਿਆਂ ਕੋਚਿੰਗ ਸੈਂਟਰ ਖੋਲ੍ਹਣ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਕੋਚਿੰਗ ਸੈਂਟਰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਉਹ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ 'ਤੇ ਪਹਿਰਾ ਦਿੰਦਿਆਂ ਸਮਾਜਿਕ ਦੂਰੀਆਂ, ਸਾਫ਼ ਸਫ਼ਾਈ, ਸੈਨੇਟਾਈਜਰ, ਮਾਸਕ ਆਦਿ ਹਦਾਇਤਾਂ ਦੀ ਪਾਲਣਾ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਖਰਾਬ ਹੋ ਰਹੇ ਭਵਿੱਖ ਦੇ ਮੱਦੇਨਜ਼ਰ ਜਲਦੀ ਆਈਲੈਟਸ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।