Latest News
ਨਵਾਂ ਸ਼ਹਿਰ ਦੀ ਧੀ ਨੇ ਇਟਲੀ ਦੇ ਵਿੱਦਿਅਕ ਖੇਤਰ 'ਚ ਨਵੀਆਂ ਪੈੜਾਂ ਪਾ ਕੇ ਚਮਕਾਇਆ ਭਾਰਤ ਦਾ ਨਾਂਅ

Published on 12 Mar, 2020 10:45 AM.


ਰੋਮ (ਦਲਵੀਰ ਕੈਂਥ)-ਕਦੀ ਸਮਾਂ ਸੀ ਕਿ ਇਟਲੀ ਦੇ ਕਈ ਭਾਰਤੀਆਂ ਦਾ ਇਟਾਲੀਅਨ ਭਾਸ਼ਾ ਵਿੱਚ ਹੱਥ ਤੰਗ ਹੋਣ ਕਾਰਨ ਕੰਮ ਵਾਲੇ ਮਾਲਿਕ ਇਨ੍ਹਾਂ ਵਿਚਾਰਿਆਂ ਨੂੰ ਕਈ ਤਰ੍ਹਾਂ ਦੀਆਂ ਹੁਜਤਾਂ ਕਰਦੇ ਨਹੀਂ ਸਨ, ਪਰ ਹੁਣ ਲੱਗਦਾ ਹੈ ਕਿ ਉਸ ਦੌਰ ਦਾ ਅੰਤ ਹੋ ਚੁੱਕਾ ਹੈ, ਕਿਉਂਕਿ ਜਦੋਂ ਦੇ ਪਰਿਵਾਰਾਂ ਨਾਲ ਆਏ ਭਾਰਤੀ ਬੱਚਿਆਂ ਨੇ ਇਟਲੀ ਦੇ ਸਕੂਲ-ਕਾਲਜਾਂ ਵਿੱਚ ਪੜ੍ਹਾਈ ਵਿੱਚੋਂ 100/100 ਨੰਬਰ ਲੈ ਕੇ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਉਦੋਂ ਤੋਂ ਇਟਾਲੀਅਨ ਲੋਕ ਭਾਰਤੀ ਲੋਕਾਂ ਖਾਸਕਰ ਭਾਰਤੀ ਬੱਚਿਆਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਕਿ ਭਾਰਤੀ ਲੋਕ ਵੀ ਬਹੁਤ ਦਿਮਾਗੀ ਹਨ।ਅਜਿਹੀ ਹੀ ਸਿਫ਼ਤ ਦਾ ਪਾਤਰ ਬਣੀ ਹੈ ਪੰਜਾਬ ਦੇ ਸ਼ਹਿਰ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਜੰਮਪਲ ਧੀ ਲਵਪ੍ਰੀਤ ਕੌਰ ਪੁੱਤਰੀ ਜਸਦੀਸ਼ ਪੌੜਵਾਲ/ਜਸਵੰਤ ਕੌਰ, ਜਿਹੜੀ ਕਿ ਸੰਨ 2014 ਵਿੱਚ ਹੀ ਇਟਲੀ ਦੇ ਸ਼ਹਿਰ ਇਮਪੋਲੀ (ਫਿਰੈਂਸੇ) ਆਈ।ਲਵਪ੍ਰੀਤ ਕੌਰ ਪਹਿਲਾਂ ਤੋਂ ਹੀ ਪੜ੍ਹਾਈ ਵਿੱਚ ਤੇਜ਼ ਸੀ, ਜਿਸ ਕਾਰਨ ਇਟਲੀ ਆਉਂਦੇ ਹੀ ਇਸ ਨੇ ਆਪਣੀ ਪੜ੍ਹਾਈ ਰੁਕਣ ਨਹੀਂ ਦਿੱਤੀ ਤੇ 5 ਸਾਲਾਂ ਦੀ ਸਖ਼ਤ ਮਿਹਨਤ ਨਾਲ ਇਸ ਧੀ ਰਾਣੀ ਨੇ ਡੈਂਟਲ ਟੈਕਨੀਸ਼ੀਅਨ ਦੇ ਕੋਰਸ ਵਿੱਚੋਂ 100 ਵਿੱਚੋਂ 100 ਨੰਬਰ ਹਾਸਲ ਕਰਕੇ ਆਪਣੇ ਪਰਿਵਾਰ ਸਮੇਤ ਪੂਰੇ ਭਾਰਤ ਦਾ ਨਾਮ ਇਟਲੀ ਵਿੱਚ ਚਮਕਾਇਆ ਹੈ।ਨਵੇਂ ਸ਼ਹਿਰ ਦੀ ਧੀ ਨੇ ਇਟਲੀ ਦੇ ਵਿੱਦਿਆਕ ਖੇਤਰ ਵਿੱਚ ਨਵੀਂਆਂ ਪੈੜਾਂ ਪਾ ਕੇ ਭਾਰਤੀ ਭਾਈਚਾਰੇ ਦਾ ਇਟਲੀ ਭਰ ਵਿੱਚ ਮਾਣ ਵਧਾਈਆ ਹੈ, ਜਿਸ ਕਾਰਨ ਇਮਪੋਲੀ ਦਾ ਸਮੁੱਚਾ ਭਾਈਚਾਰਾ ਜਸਦੀਸ਼ ਪੌੜਵਾਲ/ਜਸਵੰਤ ਕੌਰ ਨੂੰ ਵਿਸ਼ੇਸ਼ ਮੁਬਾਰਕਾਂ ਦੇ ਰਿਹਾ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ ਨੇ ਕਿਹਾ ਕਿ ਇੱਕ ਕਾਬਿਲ ਸਿਖਿਆਰਥੀ ਹੋਣ ਨਾਤੇ ਉਸ ਨੂੰ ਜਿੱਥੇ ਸਰਕਾਰ ਵੱਲੋਂ ਵਿਸ਼ੇਸ਼ ਸਕਾਲਰਸ਼ਿੱਪ ਮਿਲ ਰਹੀ ਹੈ, ਉੱਥੇ ਹੀ ਯੂਰਪ ਦੀ ਪਾਰਲੀਮੈਂਟ ਤੇ ਫਰਾਂਸ ਦੀ ਪਾਰਲੀਮੈਂਟ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਹੈ।ਉਸ ਨੂੰ ਆਪਣੇ ਅਧਿਆਪਕਾਂ ਵੱਲੋਂ ਬਹੁਤ ਹੀ ਪਿਆਰ ਮਿਲਿਆ ਹੈ।ਇਸ ਮੌਕੇ ਲਵਪ੍ਰੀਤ ਕੌਰ ਦੀ ਮਾਤਾ ਜਸਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਧੀਆਂ ਹਨ, ਜਿਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਕਾਮਯਾਬ ਬਣਾਉਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ।ਲਵਪ੍ਰੀਤ ਕੌਰ ਜਦੋਂ ਸੰਨ 2014 ਵਿੱਚ ਇਟਲੀ ਆਈ ਸੀ ਤਾਂ ਉਸ ਨੇ ਸਿਰਫ਼ 6 ਮਹੀਨਿਆਂ ਵਿੱਚ ਹੀ ਇਸ ਤਰ੍ਹਾਂ ਇਟਾਲੀਅਨ ਭਾਸ਼ਾ ਬੋਲਣੀ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ, ਜਿਵੇਂ ਕਿ ਉਹ ਇਟਲੀ ਦੀ ਜੰਮਪਲ ਹੋਵੇ।ਇਸ ਕੁੜੀ ਨੂੰ ਹੋਰ ਬੱਚਿਆਂ ਵਾਂਗਰ ਇਟਾਲੀਅਨ ਸਿੱਖਣ ਲਈ ਕੋਈ ਵੱਖਰੀ ਟਿਊਸ਼ਨ ਨਹੀਂ ਲੈਣੀ ਪਈ।ਲਵਪ੍ਰੀਤ ਕੌਰ ਦੇ ਪੜ੍ਹਾਈ ਵਿੱਚ ਪਹਿਲਾ ਸਥਾਨ ਹਾਸਲ ਕਰਨ 'ਤੇ ਇਟਲੀ ਦੇ ਪ੍ਰਸਿੱਧ ਪੰਜਾਬੀ ਬੁੱਧੀਜੀਵੀ ਹਰਜਿੰਦਰ ਸਿੰਘ ਹੀਰਾ ਨੇ ਕਿਹਾ ਕਿ ਇਸ ਧੀ ਰਾਣੀ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਜਿਸ ਤਰ੍ਹਾਂ ਆਪਣੀ ਪੜ੍ਹਾਈ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਉਸ ਮੁਕਾਮ ਉੱਪਰ ਪਹੁੰਚਣਾ ਇਟਾਲੀਅਨ ਬੱਚਿਆਂ ਲਈ ਵੀ ਕੋਈ ਸੌਖਾ ਕੰਮ ਨਹੀਂ, ਪਰ ਲਵਪ੍ਰੀਤ ਕੌਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਹੁਣ ਇਟਲੀ ਦੇ ਵਿੱਦਿਅਦਕ ਖੇਤਰਾਂ ਵਿੱਚ ਨਵੇਂ ਰਿਕਾਰਡ ਬਣਾਉਣ ਦਾ ਆਗਾਜ਼ ਕਰ ਦਿੱਤਾ ਹੈ।ਆਉਣ ਵਾਲੇ ਸਮੇਂ ਵਿੱਚ ਹੋਰ ਪੰਜਾਬੀ ਬੱਚੇ ਵੀ ਅਜਿਹੇ ਕਾਰਨਾਮੇ ਜ਼ਰੂਰ ਕਰਨਗੇ।

1249 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper