Latest News
ਕੋਰੋਨਾ ਦਾ ਕਹਿਰ ਤੇ ਸਾਡੇ ਹਾਕਮ

Published on 13 Mar, 2020 11:48 AM.


ਕੋਰੋਨਾ ਵਾਇਰਸ ਦੀ ਆਫ਼ਤ ਦਿਨੋਂ-ਦਿਨ ਹਫ਼ੜਾ-ਦਫੜੀ ਮਚਾਈ ਜਾ ਰਹੀ ਹੈ। ਸਮੁੱਚੀ ਦੁਨੀਆ ਹੀ ਇਸ ਦੀ ਲਪੇਟ ਵਿੱਚ ਆ ਚੁੱਕੀ ਹੈ। ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ ਦੇ ਨਾਲ ਭਾਰਤੀ ਸ਼ੇਅਰ ਬਜ਼ਾਰ ਵੀ ਨਿੱਤ ਨਵੀਂਆਂ ਨੀਵਾਣਾਂ ਛੂਹ ਰਿਹਾ ਹੈ। (ਹਾਲਾਂਕਿ ਸ਼ੁੱਕਰਵਾਰ ਕੁਝ ਸੁਧਾਰ ਨਜ਼ਰ ਆਇਆ) ਕੋਰੋਨਾ ਵਾਇਰਸ ਤੋਂ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਹੁਣ ਤੱਕ ਇੱਕ ਮਰੀਜ਼ ਦੀ ਮੌਤ ਦੀ ਵੀ ਪੁਸ਼ਟੀ ਹੋ ਚੁੱਕੀ ਹੈ।
ਭਾਰਤ ਦੀ ਅਰਥ-ਵਿਵਸਥਾ ਪਿਛਲੇ ਕਾਫ਼ੀ ਸਮੇਂ ਤੋਂ ਮੰਦੇ ਦੀ ਮਾਰ ਹੇਠ ਆਈ ਹੋਈ ਹੈ। ਉਪਰੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਇਸ ਉੱਤੇ ਡਰ ਤੇ ਸਹਿਮ ਦਾ ਨਵਾਂ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਕਾਨਫ਼ਰੰਸ ਆਨ ਟਰੇਡਿੰਗ ਡਿਵੈੱਲਪਮੈਂਟ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਪ੍ਰਭਾਵਤ ਹੋਣ ਵਾਲੀਆਂ ਦੁਨੀਆ ਦੀਆਂ 15 ਵੱਡੀਆਂ ਅਰਥ-ਵਿਵਸਥਾਵਾਂ ਵਿੱਚੋਂ ਇੱਕ ਭਾਰਤ ਵੀ ਹੈ। ਚੀਨ ਵਿੱਚ ਉਤਪਾਦਨ ਵਿੱਚ ਆਈ ਕਮੀ ਦਾ ਅਸਰ ਭਾਰਤ ਦੇ ਵਪਾਰ ਉੱਤੇ ਵੀ ਪੈ ਰਿਹਾ ਹੈ। ਇਸ ਨਾਲ ਭਾਰਤ ਦੀ ਅਰਥ-ਵਿਵਸਥਾ ਨੂੰ ਕਰੀਬ 34.8 ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਯੂਰਪ ਦੇ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓ ਈ ਸੀ ਡੀ) ਨੇ 2020-21 ਲਈ ਭਾਰਤ ਦੀ ਆਰਥਕ ਵਿਕਾਸ ਦਰ ਦਾ ਅਨੁਮਾਨ 1.1 ਫ਼ੀਸਦੀ ਘਟਾ ਦਿੱਤਾ ਹੈ। ਓ ਈ ਸੀ ਡੀ ਨੇ ਪਹਿਲਾਂ ਅਨੁਮਾਨ ਲਾਇਆ ਸੀ ਕਿ ਭਾਰਤ ਦੀ ਵਿਕਾਸ ਦਰ 6.2 ਫ਼ੀਸਦੀ ਰਹੇਗੀ, ਪਰ ਹੁਣ ਉਸ ਨੇ ਇਸ ਨੂੰ ਘੱਟ ਕਰਕੇ 5.1 ਫ਼ੀਸਦੀ ਕਰ ਦਿੱਤਾ ਹੈ।
ਡਰ ਤੇ ਸਹਿਮ ਦਾ ਮਹੌਲ ਇਸ ਕਦਰ ਹਾਵੀ ਹੈ ਕਿ ਲੋਕ ਦਵਾਈਆਂ, ਮਾਸਕ ਤੇ ਸੈਨੀਟਾਈਜ਼ਰ ਜਮ੍ਹਾਂ ਕਰਨ ਲੱਗ ਪਏ ਹਨ। ਮੈਡੀਕਲ ਸਟੋਰਾਂ ਉੱਤੇ ਦਵਾਈਆਂ ਦੀ ਕਮੀ ਹੋ ਰਹੀ ਹੈ। ਸਭ ਵੱਡੇ ਸ਼ਹਿਰਾਂ ਦੇ ਕੈਮਿਸਟ ਦਵਾਈਆਂ, ਮਾਸਕ ਤੇ ਸੈਨੀਟਾਈਜ਼ਰ ਦੇ ਆਰਡਰ ਦੇ ਰਹੇ ਹਨ, ਪਰ ਮਾਲ ਨਹੀਂ ਮਿਲ ਰਿਹਾ। ਇਸ ਸਮੇਂ ਮਾਸਕ ਅਸਲ ਕੀਮਤ ਨਾਲੋਂ ਤਿੰਨ ਗੁਣਾ ਵੱਧ ਕੀਮਤ ਉੱਤੇ ਵਿਕ ਰਹੇ ਹਨ। ਆਨਲਾਈਨ ਥੋਕ ਕਾਰੋਬਾਰ ਕਰਨ ਵਾਲੀ ਕੰਪਨੀ ਟਰੇਡ ਇੰਡੀਆ ਡਾਟ ਕਾਮ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਾਸਕ ਤੇ ਸੈਨੀਟਾਈਜ਼ਰ ਦੀ ਮੰਗ ਵਿੱਚ 316 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਭਾਰਤ ਜੈਨੇਰਿਕ ਦਵਾਈਆਂ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਸਪਲਾਇਰ ਹੈ। ਚੀਨ ਵਿੱਚ ਉਤਪਾਦਨ ਬੰਦ ਹੋਣ ਕਾਰਨ ਭਾਰਤ ਨੇ ਕੁਝ ਦਵਾਈਆਂ ਦੇ ਨਿਰਯਾਤ ਉੱਤੇ ਪਾਬੰਦੀ ਲਾ ਦਿੱਤੀ ਹੈ, ਤਾਂ ਜੋ ਘਰੇਲੂ ਮੰਗ ਪੂਰੀ ਕੀਤੀ ਜਾ ਸਕੇ, ਪਰ ਆਰਥਿਕਤਾ ਉੱਤੇ ਇਸ ਦਾ ਬੁਰਾ ਪ੍ਰਭਾਵ ਪਵੇਗਾ ਹੀ।
ਇਸ ਸੰਸਾਰ ਵਿਆਪੀ ਮਹਾਂਮਾਰੀ ਦਾ ਸਭ ਤੋਂ ਬੁਰਾ ਅਸਰ ਸੈਰ-ਸਪਾਟਾ ਉਦਯੋਗ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਭਾਰਤ ਨੇ ਇਟਲੀ, ਈਰਾਨ, ਦੱਖਣੀ ਕੋਰੀਆ ਤੇ ਜਪਾਨ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੂਜੇ ਦੇਸ਼ਾਂ ਵੱਲੋਂ ਵੀ ਅਜਿਹੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਟੂਰ ਕੈਂਸਲ ਹੋ ਰਹੇ ਹਨ। ਭਾਰਤ ਆਉਣ ਵਾਲੇ ਟੂਰਿਸਟਾਂ ਵਿੱਚ ਵੱਡੀ ਪੱਧਰ ਉੱਤੇ ਕਮੀ ਆਈ ਹੈ। ਦੁਨੀਆ ਭਰ ਵਿੱਚ ਹੋਣ ਵਾਲੇ ਬਹੁਤ ਸਾਰੇ ਕੌਮਾਂਤਰੀ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਹਨ। ਇਸ ਦਾ ਅਸਰ ਹਵਾਈ ਕੰਪਨੀਆਂ ਉੱਤੇ ਪੈ ਰਿਹਾ ਹੈ। ਸਾਡੇ ਦੇਸ਼ ਵਿੱਚ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵਿੱਚ 20 ਤੋਂ 90 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।
ਟਰੈਵਲਜ਼ ਐਂਡ ਟੂਰਿਜ਼ਮ ਕੌਂਸਲ ਵੱਲੋਂ ਵਿਸ਼ਵ ਦੇ ਸੈਰ-ਸਪਾਟਾ ਉਦਯੋਗ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਬਾਰੇ ਕੀਤੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਸੈਰ-ਸਪਾਟਾ ਸਨਅਤ ਨੂੰ 22 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਹਵਾਬਾਜ਼ੀ ਉਦਯੋਗ ਨੂੰ ਵੀ 63 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸੈਰ-ਸਪਾਟਾ ਉਦਯੋਗ ਉੱਤੇ ਕੋਰੋਨਾ ਵਾਇਰਸ ਦਾ ਜੋ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ, ਉਹ ਇਹ ਹੈ ਕਿ ਤੈਅ ਹੋਏ ਪ੍ਰੋਗਰਾਮ ਰੱਦ ਹੋ ਰਹੇ ਹਨ। ਸੀ ਏ ਆਈ ਟੀ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਵੱਖ-ਵੱਖ ਵਪਾਰਕ ਸੰਗਠਨਾਂ ਵੱਲੋਂ ਦੇਸ਼ ਭਰ ਵਿੱਚ ਹੋਣ ਵਾਲੇ 10 ਹਜ਼ਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।
ਸੈਰ-ਸਪਾਟਾ, ਹਵਾਬਾਜ਼ੀ ਤੇ ਹੋਟਲ ਸਨਅਤ ਤੋਂ ਇਲਾਵਾ ਬਾਕੀ ਸਨਅਤਾਂ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਮੁਸ਼ਕਲਾਂ ਦੇ ਦੌਰ ਸ਼ੁਰੂ ਹੋ ਗਏ ਹਨ। ਆਟੋਮੋਬਾਇਲ ਸੈਕਟਰ, ਜਿਸ ਵਿੱਚ ਪੌਣੇ ਚਾਰ ਕਰੋੜ ਲੋਕ ਕੰਮ ਕਰਦੇ ਹਨ, ਪਹਿਲਾਂ ਤੋਂ ਹੀ ਮੰਦੀ ਦਾ ਸ਼ਿਕਾਰ ਸੀ। ਹੁਣ ਚੀਨ ਵਿੱਚ ਮੰਦੀ ਕਾਰਨ ਇਸ ਸੈਕਟਰ ਵਿੱਚ ਕਲਪੁਰਜ਼ਿਆਂ ਦੀ ਕਿੱਲਤ ਸ਼ੁਰੂ ਹੋ ਗਈ ਹੈ। ਇਸ ਤੋਂ ਬਿਨਾਂ ਭਵਿੱਖ ਤੋਂ ਚਿੰਤਤ ਕੋਈ ਵੀ ਵਿਅਕਤੀ ਨਵੀਂ ਕਾਰ ਜਾਂ ਹੋਰ ਵਾਹਨ ਖਰੀਦਣ ਬਾਰੇ ਸੋਚਦਾ ਵੀ ਨਹੀਂ।
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਸਭ ਤੋਂ ਵੱਧ ਨੁਕਸਾਨ ਜਵਾਹਰਾਤ ਤੇ ਜਿਊਲਰੀ ਕਾਰੋਬਾਰ ਦਾ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸੈਕਟਰ ਵਿੱਚ ਕਰੀਬ ਸਵਾ ਅਰਬ ਡਾਲਰ ਦਾ ਨੁਕਸਾਨ ਹੋਣ ਦਾ ਡਰ ਹੈ। ਭਾਰਤ ਦੇ ਤਰਾਸ਼ੇ ਹੀਰਿਆਂ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਤੇ ਹਾਂਗਕਾਂਗ ਹਨ। ਇਨ੍ਹਾਂ ਦੋਵਾਂ ਥਾਵਾਂ ਉੱਤੇ ਹੀ ਵਾਇਰਸ ਦਾ ਬੁਰਾ ਅਸਰ ਹੈ। ਇਸ ਸਮੇਂ ਇਨ੍ਹਾਂ ਦੇਸ਼ਾਂ ਤੋਂ ਪੁਰਾਣੇ ਭੇਜੇ ਮਾਲ ਦਾ ਭੁਗਤਾਨ ਨਹੀਂ ਹੋ ਰਿਹਾ ਤੇ ਨਾ ਕੋਈ ਨਵਾਂ ਆਰਡਰ ਆ ਰਿਹਾ ਹੈ। ਇਹੋ ਨਹੀਂ ਚਿਕਨ ਤੇ ਆਂਡੇ ਖਾਣ ਨਾਲ ਕੋਰੋਨਾ ਹੋ ਜਾਣ ਦੀਆਂ ਅਫ਼ਵਾਹਾਂ ਨੇ ਸਮੁੱਚੇ ਦੇਸ਼ ਦੇ ਪੋਲਟਰੀ ਉਦਯੋਗ ਦਾ ਦਮ ਕੱਢ ਕੇ ਰੱਖ ਦਿੱਤਾ ਹੈ। ਇਹ ਹਾਲਤ ਕਿੰਨਾ ਚਿਰ ਰਹੇਗੀ, ਇਸ ਦਾ ਕੋਈ ਅੰਦਾਜ਼ਾ ਨਹੀਂ।
ਪਰ ਸਾਡੇ ਹਾਕਮਾਂ ਨੂੰ ਕੁਰਸੀਆਂ ਲਈ ਲੜਨ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਹੈ। ਇਸ ਗੰਭੀਰ ਹੋ ਰਹੀ ਹਾਲਤ ਨਾਲ ਕਿਵੇਂ ਨਜਿੱਠਣਾ ਹੈ, ਇਹ ਉਨ੍ਹਾਂ ਦੇ ਏਜੰਡੇ ਵਿੱਚ ਹੀ ਸ਼ਾਮਲ ਨਹੀਂ। ਇਸ ਬਿਮਾਰੀ ਦਾ ਪ੍ਰਕੋਪ ਵਧਦਾ ਹੈ ਤਾਂ ਸਾਡੇ ਪਾਸ ਮੁਕਾਬਲਾ ਕਰਨ ਦੀ ਸਮਰੱਥਾ ਹੀ ਨਹੀਂ ਹੈ। ਸਾਡੀਆਂ ਸਿਹਤ ਸੇਵਾਵਾਂ ਦਾ ਹਾਲ ਸਾਥੋਂ ਗੁੱਝਾ ਨਹੀਂ। ਜੇਕਰ ਇੱਕ ਵੱਡਾ ਐਕਸੀਡੈਂਟ ਹੋ ਜਾਵੇ ਤਾਂ ਸਾਡੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ ਮਰੀਜ਼ਾਂ ਨੂੰ ਝੱਲਣੋਂ ਅਸਮਰੱਥ ਹੁੰਦੇ ਹਨ। ਸਾਡਾ ਦੇਸ਼ ਚੀਨ ਤਾਂ ਹੈ ਨਹੀਂ, ਜਿਹੜਾ ਝਟਪਟ ਹਸਪਤਾਲ ਦੀ ਬਿਲਡਿੰਗ ਖੜ੍ਹੀ ਕਰ ਦੇਵੇਗਾ।
-ਚੰਦ ਫਤਿਹਪੁਰੀ

639 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper