Latest News
ਲੋਕਾਂ ਦੀ ਚਿੰਤਾ ਨਹੀਂ

Published on 15 Mar, 2020 09:57 AM.


ਕੋਰੋਨਾ ਵਾਇਰਸ ਦੀ ਦਹਿਸ਼ਤ ਤੇ ਦੋ ਵੱਡੇ ਤੇਲ ਉਤਪਾਦਕ ਦੇਸਾਂ ਰੂਸ ਤੇ ਸਾਊਦੀ ਅਰਬ ਵਿੱਚ ਪੈਦਾ ਹੋਏ ਟਕਰਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਰਹੀਆਂ ਹਨ। ਇਹ ਗਿਰਾਵਟ ਇਸ ਸਾਲ ਜਨਵਰੀ ਤੋਂ ਹੀ ਸ਼ੁਰੂ ਹੋ ਗਈ ਸੀ। ਹੁਣ ਤੱਕ ਕੱਚੇ ਤੇਲ ਦੇ ਭਾਅ 45 ਫ਼ੀਸਦੀ ਤੱਕ ਡਿੱਗ ਚੁੱਕੇ ਹਨ। ਜੇਕਰ ਜਨਵਰੀ ਦੀ ਗੱਲ ਕਰੀਏ ਤਾਂ ਉਸ ਸਮੇਂ ਕੱਚਾ ਤੇਲ 30.08 ਰੁਪਏ ਪ੍ਰਤੀ ਲਿਟਰ ਸੀ, ਜੋ 12 ਮਾਰਚ ਨੂੰ 17.79 ਰੁਪਏ ਲਿਟਰ ਤੱਕ ਪੁੱਜ ਚੁੱਕਾ ਸੀ।
ਭਾਰਤ ਦੀ ਆਰਥਿਕ ਵਿਕਾਸ ਦਰ ਲਗਾਤਾਰ ਹੇਠਾਂ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਨਾਲ ਇਸ ਨੂੰ ਹੋਰ ਕਿੰਨਾ ਨੁਕਸਾਨ ਹੋਵੇਗਾ, ਅੱਜ ਦੀ ਘੜੀ ਅਨੁਮਾਨ ਲਾਉਣਾ ਅਸੰਭਵ ਹੈ। ਇਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਭਾਰਤ ਦੀ ਅਰਥ-ਵਿਵਸਥਾ ਨੂੰ ਰਾਹਤ ਦੇਣ ਵਾਲੀ ਸੀ। ਭਾਰਤ ਆਪਣੀ ਲੋੜ ਦਾ 80 ਫ਼ੀਸਦੀ ਕੱਚਾ ਤੇਲ ਬਾਹਰੋਂ ਖਰੀਦਦਾ ਹੈ। ਲੰਘੇ ਵਿੱਤੀ ਵਰ੍ਹੇ ਅਸੀਂ 112 ਅਰਬ ਡਾਲਰ ਦਾ ਕੱਚਾ ਤੇਲ ਦਰਾਮਦ ਕੀਤਾ ਸੀ। ਇਸ ਸਾਲ ਜਨਵਰੀ ਤੱਕ ਅਸੀਂ 87.7 ਅਰਬ ਡਾਲਰ ਦਾ ਕੱਚਾ ਤੇਲ ਖ਼ਰੀਦ ਚੁੱਕੇ ਹਾਂ। ਕੱਚੇ ਤੇਲ ਦੇ ਭਾਅ ਵਿੱਚ 30 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਨਾਲ ਭਾਰਤ ਸਰਕਾਰ ਨੂੰ ਲੱਗਭੱਗ ਤਿੰਨ ਲੱਖ ਰੁਪਏ ਦੀ ਬੱਚਤ ਹੁੰਦੀ ਹੈ।
ਭਾਰਤ ਲਈ ਇਹ ਇੱਕ ਸੁਨਹਿਰੀ ਮੌਕਾ ਸੀ, ਪ੍ਰੰਤੂ ਸਰਕਾਰ ਨੇ ਪੁਰਾਣੀ ਨੀਤੀ ਉੱਤੇ ਚੱਲਦਿਆਂ ਐਕਸਾਈਜ਼ ਡਿਊਟੀ ਵਿੱਚ ਤਿੰਨ ਰੁਪਏ ਲੀਟਰ ਦਾ ਵਾਧਾ ਕਰਕੇ ਸਭ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ। ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਆਪਣੀਆਂ ਤਿਜੌਰੀਆਂ ਭਰਨ ਨੂੰ ਪਹਿਲ ਦਿੱਤੀ ਹੈ। ਕੱਚੇ ਤੇਲ ਦੇ ਸਸਤਾ ਹੋਣ ਦਾ ਮਤਲਬ ਸਿਰਫ਼ ਇਹ ਹੀ ਨਹੀਂ ਕਿ ਆਮ ਲੋਕਾਂ ਨੂੰ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਸਤੀ ਮਿਲਣ ਲੱਗੇਗੀ। ਇਨ੍ਹਾਂ ਪਦਾਰਥਾਂ ਦੇ ਸਸਤਾ ਹੋਣ ਨਾਲ ਉਦਯੋਗਾਂ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਵੀ ਸਸਤਾ ਹੋ ਜਾਂਦਾ ਹੈ। ਬਹੁਤ ਸਾਰੇ ਉਦਯੋਗ ਹਨ, ਜਿੱਥੇ ਕੱਚਾ ਤੇਲ ਹੀ ਇਸਤੇਮਾਲ ਹੁੰਦਾ ਹੈ। ਬਹੁਤ ਸਾਰੀਆਂ ਸਨਅਤਾਂ ਵਿੱਚ ਪੈਟਰੋਲ, ਡੀਜ਼ਲ ਤੇ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਫੈਕਟਰੀ ਵਿੱਚ ਆਉਣ ਵਾਲਾ ਤੇ ਨਿਕਲਣ ਵਾਲਾ ਸਮਾਨ, ਜਿਨ੍ਹਾਂ ਨੂੰ ਟਰੱਕਾਂ ਰਾਹੀਂ ਢੋਇਆ ਜਾਂਦਾ ਹੈ, ਦਾ ਕਿਰਾਇਆ ਡੀਜ਼ਲ ਦੀਆਂ ਕੀਮਤਾਂ ਨਾਲ ਹੀ ਤੈਅ ਕੀਤਾ ਜਾਂਦਾ ਹੈ। ਜੇਕਰ ਕਿਰਾਇਆ ਘੱਟ ਹੁੰਦਾ ਹੈ ਤੇ ਕੱਚਾ ਮਾਲ ਸਸਤਾ ਹੁੰਦਾ ਹੈ ਤਾਂ ਕੰਪਨੀਆਂ ਮੰਗ ਵਧਾਉਣ ਲਈ ਕੀਮਤਾਂ ਘੱਟ ਕਰ ਦਿੰਦੀਆਂ ਹਨ। ਦਾਮ ਘੱਟ ਹੋਣ ਨਾਲ ਖਰੀਦਦਾਰ ਵੀ ਖੁੱਲ੍ਹਾ ਖ਼ਰਚ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਕਾਰੋਬਾਰ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਜੇਕਰ ਪਿੱਛੇ ਝਾਤ ਮਾਰੀ ਜਾਵੇ ਤਾਂ 2016 ਵਿੱਚ ਜਦੋਂ ਕੱਚੇ ਤੇਲ ਦੇ ਭਾਅ ਡਿੱਗੇ ਸਨ ਤਾਂ ਭਾਰਤ ਸਰਕਾਰ ਦੀ ਟੈਕਸ ਆਮਦਨੀ ਵਿੱਚ ਵੱਡਾ ਵਾਧਾ ਹੋਇਆ ਸੀ। ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਕੌਮਾਂਤਰੀ ਬਜ਼ਾਰ ਵਿੱਚ ਤੇਲ ਦੇ ਭਾਅ ਘਟਣ ਨਾਲ ਸਾਡੀ ਅਰਥ-ਵਿਵਸਥਾ ਨੂੰ ਹੁਲਾਰਾ ਆ ਸਕਦਾ ਹੈ। ਇੱਕ ਰਿਸਰਚ ਰਿਪੋਰਟ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ 10 ਡਾਲਰ ਦੀ ਗਿਰਾਵਟ ਆਉਣ ਨਾਲ ਭਾਰਤ ਦੀ ਜੀ ਡੀ ਪੀ ਵਿੱਚ ਅੱਧਾ ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ, ਯਾਨੀ ਅਰਥ ਵਿਵਸਥਾ ਨੂੰ 15 ਅਰਬ ਡਾਲਰ ਦਾ ਹੁਲਾਰਾ ਆ ਸਕਦਾ ਹੈ। ਇਸੇ ਰਿਪੋਰਟ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ 33 ਡਾਲਰ ਦੀ ਗਿਰਾਵਟ ਨਾਲ ਭਾਰਤ ਵਿੱਚ ਮਹਿੰਗਾਈ ਦੀ ਦਰ ਵਿੱਚ ਇੱਕ ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਪਰ ਲੱਗਦਾ ਹੈ ਸਾਡੇ ਹਾਕਮਾਂ ਨੂੰ ਦੇਸ਼ ਦੀ ਅਰਥ ਵਿਵਸਥਾ ਦੀ ਕੋਈ ਚਿੰਤਾ ਹੀ ਨਹੀਂ ਹੈ। ਉਨ੍ਹਾਂ ਨੇ ਥੋੜ੍ਹ ਚਿਰੇ ਲਾਭ ਲਈ ਲੋਕਾਂ ਨੂੰ ਮਿਲਣ ਵਾਲੀ ਰਾਹਤ ਨੂੰ ਆਪਣੇ ਪੇਟੇ ਪਾ ਕੇ ਆਪਣੀ ਤਿਜੌਰੀ ਭਰਨ ਦਾ ਤਾਂ ਹੀਲਾ ਕਰ ਲਿਆ ਹੈ, ਪਰ ਦੇਸ਼ ਦੀ ਅਰਥ-ਵਿਵਸਥਾ ਨੂੰ ਸੰਭਾਲਣ ਦਾ ਮੌਕਾ ਗੁਆ ਲਿਆ ਹੈ।

578 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper