Latest News
ਅਸੀਂ ਹਾਂ ਬੱਸ ਰਾਮ ਭਰੋਸੇ

Published on 19 Mar, 2020 11:34 AM.


ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਸ਼ੇਅਰ ਬਾਜ਼ਾਰ 28 ਫ਼ੀਸਦੀ ਤੱਕ ਟੁੱਟ ਚੁੱਕਾ ਹੈ ਤੇ ਲਗਾਤਾਰ ਹੇਠਾਂ ਜਾ ਰਿਹਾ ਹੈ। ਨਿਵੇਸ਼ਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਹਰ ਪਾਸੇ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ ਤੇ ਇਮਤਿਹਾਨ ਮੁਲਤਵੀ ਹੋ ਚੁੱਕੇ ਹਨ। ਸਿਨੇਮਾ ਹਾਲ ਤੇ ਮਾਲਜ਼ ਦੇ ਬੂਹੇ ਬੰਦ ਹਨ। ਲੋਕਾਂ ਨੇ ਘਰਾਂ ਵਿੱਚੋਂ ਨਿਕਲਣਾ ਬੰਦ ਕਰ ਦਿੱਤਾ ਹੈ। ਬਹੁਤ ਸਾਰੀਆਂ ਕੰਪਨੀਆਂ ਤੇ ਅਦਾਰਿਆਂ ਨੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਹਿ ਦਿੱਤਾ ਹੈ। ਰੇਲਵੇ ਨੇ 168 ਗੱਡੀਆਂ ਰੱਦ ਕਰ ਦਿੱਤੀਆਂ ਹਨ। ਹਵਾਈ ਉਡਾਣਾਂ ਕੈਂਸਲ ਹੋ ਰਹੀਆਂ ਹਨ। ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਸੀਲ ਹਨ। ਇਹ ਇੱਕ ਪੱਖ ਹੈ, ਜਿਹੜਾ ਸਮੁੱਚੇ ਮੀਡੀਆ 'ਤੇ ਛਾਇਆ ਹੋਇਆ ਹੈ, ਪਰ ਇੱਕ ਹੋਰ ਪੱਖ ਹੈ, ਜਿਸ ਦਾ ਜ਼ਿਕਰ ਮੀਡੀਆ 'ਤੇ ਨਹੀਂ ਹੋ ਰਿਹਾ, ਉਹ ਹੈ ਲੋਕਾਂ ਦੀ ਰੋਜ਼ੀ-ਰੋਟੀ ਦਾ। ਸਾਡੇ ਸ਼ਹਿਰਾਂ ਤੇ ਪਿੰਡਾਂ ਵਿੱਚ ਵਸਦਾ ਇੱਕ ਵੱਡਾ ਗ਼ਰੀਬ ਤਬਕਾ ਉਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਦਾ ਹੈ, ਜਿਹੜਾ ਰੋਜ਼ ਕਮਾ ਕੇ ਦੋ ਡੰਗ ਦੀ ਰੋਟੀ ਖਾਂਦਾ ਹੈ। ਕਰੋੜਾਂ ਛੋਟੇ ਕਾਰੋਬਾਰੀ ਹਨ, ਜਿਹੜੇ ਨਿੱਕੇ-ਮੋਟੇ ਧੰਦੇ ਕਰਕੇ ਪਰਵਾਰ ਦਾ ਪੇਟ ਪਾਲਦੇ ਹਨ। ਅੱਜ ਉਨ੍ਹਾਂ ਲਈ ਹਾਲਾਤ ਬੇਹੱਦ ਸੰਕਟ ਭਰੇ ਹੋ ਚੁੱਕੇ ਹਨ। ਪ੍ਰਚੂਨ ਦੀਆਂ ਦੁਕਾਨਾਂ, ਸਬਜ਼ੀ ਫਰੋਸ਼ਾਂ, ਢਾਬਿਆਂ ਤੇ ਖਾਣ-ਪੀਣ ਦੀਆਂ ਰੇਹੜੀਆਂ 'ਤੇ ਗਾਹਕਾਂ ਦਾ ਕਾਲ ਪੈ ਚੁੱਕਾ ਹੈ। ਲੇਬਰ ਚੌਕਾਂ ਵਿੱਚ ਖੜ੍ਹੇ ਬੇਵੱਸ ਮਜ਼ਦੂਰ ਖਾਲੀ ਹੱਥ ਘਰਾਂ ਨੂੰ ਮੁੜਨ ਲਈ ਮਜਬੂਰ ਹਨ। ਸਭ ਕੰਮ ਧੰਦੇ ਬੰਦ ਹਨ। ਅਜਿਹੀ ਹਾਲਤ ਕਿੰਨਾ ਚਿਰ ਰਹੇਗੀ, ਇਸ ਦੀ ਕੋਈ ਸਮਾਂ ਹੱਦ ਨਹੀਂ ਹੈ। ਰੋਜ਼ਾਨਾ ਕਮਾ ਕੇ ਖਾਣ ਵਾਲੇ ਕਿੰਨੇ ਕੁ ਦਿਨ ਭੁੱਖ ਨਾਲ ਵਿਲਕਦੇ ਬੱਚਿਆਂ ਦਾ ਦਰਦ ਸਹਿਣ ਕਰਦੇ ਰਹਿਣਗੇ। ਬੰਦੇ ਨੂੰ ਭੁੱਖ ਹੀ ਅਪਰਾਧੀ ਬਣਾਉਂਦੀ ਹੈ। ਅਜਿਹੀ ਸਥਿਤੀ ਹੀ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਦੀ ਹੈ।
ਪਰ ਜਾਪਦਾ ਹੈ ਕਿ ਸਾਡੀ ਕੇਂਦਰ ਸਰਕਾਰ ਨੂੰ ਇਸ ਸਥਿਤੀ ਦੀ ਕੋਈ ਪ੍ਰਵਾਹ ਨਹੀਂ ਹੈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਸਾਡੀ ਅਰਥ-ਵਿਵਸਥਾ 'ਤੇ ਕੋਈ ਬੁਰਾ ਅਸਰ ਪੈਣ ਵਾਲਾ ਨਹੀਂ। ਉਸ ਨੇ ਤਾਂ ਇਥੋਂ ਤੱਕ ਦਾਅਵਾ ਕਰ ਦਿੱਤਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਭਾਰਤੀ ਅਰਥ-ਵਿਵਸਥਾ ਨੂੰ ਫਾਇਦਾ ਹੋ ਸਕਦਾ ਹੈ, ਪਰ ਦੂਜੇ ਪਾਸੇ ਰੇਟਿੰਗ ਏਜੰਸੀ ਐੱਸ ਐਂਡ ਪੀ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 5.7 ਫ਼ੀਸਦੀ ਤੋਂ ਘਟਾ ਕੇ 5.2 ਫ਼ੀਸਦੀ ਕਰ ਦਿੱਤਾ ਹੈ। ਉਸ ਨੇ ਨਾਲ ਹੀ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਡਿਮਾਂਡ ਤੇ ਸਪਲਾਈ ਪ੍ਰਭਾਵਤ ਹੋਵੇਗੀ ਤੇ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵਧ ਸਕਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਤੱਕ ਦਾ ਰਵੱਈਆ ਨਿਰਾਸ਼ਾਜਨਕ ਹੀ ਰਿਹਾ ਹੈ। ਸਰਕਾਰ ਕੋਲ ਇੱਕ ਮੌਕਾ ਸੀ ਕਿ ਉਹ ਪੈਟਰੌਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇ ਸਕਦੀ ਸੀ, ਪਰ ਇਸ ਦੇ ਉਲਟ ਉਸ ਨੇ ਐਕਸਾਈਜ਼ ਡਿਊਟੀ ਵਿੱਚ ਵਾਧਾ ਕਰਕੇ ਸਰਕਾਰੀ ਖ਼ਜ਼ਾਨਾ ਭਰਨ ਨੂੰ ਪਹਿਲ ਦਿੱਤੀ।
ਸਾਡੀ ਸਰਕਾਰ ਦੇ ਉਲਟ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ ਖ਼ਜ਼ਾਨਿਆਂ ਦੇ ਮੂੰਹ ਖੋਲ੍ਹ ਦਿੱਤੇ ਹਨ। ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰ ਵਿੱਚ 1 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਸਰਕਾਰ ਨੇ ਇੱਕ ਟ੍ਰਿਲੀਅਨ ਡਾਲਰ ਦਾ ਰਾਹਤ ਪੈਕੇਜ ਐਲਾਨ ਦਿੱਤਾ ਹੈ। ਇਸ ਵਿੱਚੋਂ 500 ਅਰਬ ਡਾਲਰ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲੇਗਾ। ਇਸੇ ਤਰ੍ਹਾਂ ਹੀ 200 ਅਰਬ ਡਾਲਰ ਵਪਾਰ ਨੂੰ ਰਾਹਤ ਦੇਣ ਲਈ ਵਰਤੇ ਜਾਣਗੇ, ਬਾਕੀ ਰਕਮ ਹਵਾਈ ਸੇਵਾ, ਸੈਰ-ਸਪਾਟਾ ਤੇ ਨੁਕਸਾਨ ਝੱਲ ਰਹੇ ਹੋਰ ਸੈਕਟਰਾਂ ਦੀ ਸਹਾਇਤਾ ਲਈ ਖਰਚੀ ਜਾਵੇਗੀ। ਬਰਤਾਨੀਆ ਦੀ ਸਰਕਾਰ ਨੇ 330 ਅਰਬ ਪੌਂਡ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਉਥੋਂ ਦੇ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਨੌਕਰੀਆਂ ਨੂੰ ਬਚਾਇਆ ਜਾਵੇਗਾ, ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ ਤੇ ਲੋਕਾਂ ਦੀ ਆਮਦਨ ਡਿੱਗਣ ਨਹੀਂ ਦਿੱਤੀ ਜਾਵੇਗੀ। ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ।
ਇਸ ਤੋਂ ਇਲਾਵਾ ਇਟਲੀ, ਫਰਾਂਸ ਤੇ ਸਪੇਨ ਵਰਗੇ ਦੇਸ਼ਾਂ ਨੇ ਲੋਕਾਂ ਨੂੰ ਰਾਹਤ ਪੁਚਾਉਣ ਲਈ ਕਈ ਕਦਮ ਚੁੱਕੇ ਹਨ। ਜੋ ਬਿੱਲ ਨਹੀਂ ਭਰ ਸਕਦੇ ਜਾਂ ਕਿਸ਼ਤਾਂ ਨਹੀਂ ਮੋੜ ਸਕਦੇ, ਕੋਈ ਚਿੰਤਾ ਨਾ ਕਰਨ। ਤਕਰੀਬਨ ਸਾਰੀ ਦੁਨੀਆ ਦੇ ਹਰ ਦੇਸ਼ ਵਿੱਚ ਮਹਾਂਮਾਰੀ ਨਾਲ ਅਰਥ-ਵਿਵਸਥਾ ਨੂੰ ਘੱਟੋ-ਘੱਟ ਨੁਕਸਾਨ ਹੋਵੇ ਤੇ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ, ਇਸ ਉੱਤੇ ਜੰਗੀ ਪੱਧਰ 'ਤੇ ਕੰਮ ਹੋ ਰਿਹਾ ਹੈ। ਹੁਣ ਤੱਕ 20 ਤੋਂ ਵੱਧ ਦੇਸ਼ਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਤੇ ਹੋਰ ਸਹੂਲਤਾਂ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ ਹੈ।
ਪਰ ਸਾਡੇ ਦੇਸ਼ ਦੇ ਨਾਗਰਿਕ ਰਾਮ ਭਰੋਸੇ ਹਨ। ਉਹ ਤਾਂ ਇਸ ਲਈ ਲੜ ਰਹੇ ਹਨ ਕਿ ਉਹ ਨਾਗਰਿਕ ਵੀ ਹਨ ਜਾਂ ਨਹੀਂ। ਵਿਆਜ ਦਰਾਂ ਵਿੱਚ ਕਟੌਤੀ ਬਾਰੇ ਰਿਜ਼ਰਵ ਬੈਂਕ ਦਾ ਗਵਰਨਰ ਕਹਿ ਰਿਹਾ ਹੈ ਕਿ ਸਹੀ ਸਮਾਂ ਆਉਣ 'ਤੇ ਫੈਸਲਾ ਲਿਆ ਜਾਵੇਗਾ, ਪਰ ਜਿਸ ਵਿਅਕਤੀ ਦੀ ਨੌਕਰੀ ਚਲੇ ਗਈ ਤੇ ਜਿਸ ਦੀ ਦਿਹਾੜੀ ਲੱਗਣੀ ਬੰਦ ਹੋ ਗਈ, ਉਹ ਸਹੀ ਸਮੇਂ ਦਾ ਕਦੋਂ ਤੱਕ ਇੰਤਜ਼ਾਰ ਕਰੇਗਾ? ਇਹ ਸਾਡੀ ਤ੍ਰਾਸਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਸੱਤਾ ਸੌਂਪੀ ਹੈ, ਜਿਹੜੇ ਹਾਸ਼ੀਏ 'ਤੇ ਰਹਿ ਰਹੇ ਲੋਕਾਂ ਨੂੰ ਇੱਕ ਭੀੜ ਸਮਝਦੇ ਹਨ। ਅੱਜ ਉਹ ਮੱਧ ਵਰਗ ਨੂੰ ਵੀ ਇਸੇ ਭੀੜ ਦਾ ਹਿੱਸਾ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੇ ਹਨ। ਇਹੋ ਭੀੜ ਹੀ ਉਨ੍ਹਾਂ ਦੀ ਤਾਕਤ ਹੈ। ਇਸੇ ਭੀੜ ਨੂੰ ਧਰਮ, ਜਾਤ ਤੇ ਫਿਰਕਿਆਂ ਦੇ ਨਾਂਅ 'ਤੇ ਲੜਾ ਕੇ ਸੱਤਾਧਾਰੀ ਬਣੇ ਰਹਿਣਾ ਹੀ ਉਨ੍ਹਾਂ ਦੀ ਪਰਖੀ ਹੋਈ ਰਾਜਨੀਤੀ ਹੈ।
-ਚੰਦ ਫਤਿਹਪੁਰੀ

566 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper