Latest News
ਘਰੀਂ ਰਹੋ, ਪਰ ਸਵਾਲ ਜ਼ਰੂਰ ਪੁੱਛੋ

Published on 22 Mar, 2020 09:45 AM.


ਇਸ ਸਮੇਂ ਸਮੁੱਚੇ ਦੇਸ਼ ਵਿੱਚ 'ਜਨਤਾ ਕਰਫਿਊ' ਜਾਰੀ ਹੈ ਤੇ ਇਹ ਕਿੰਨੇ ਦਿਨ ਜਾਰੀ ਰਹੇਗਾ, ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਪੀਲ 'ਤੇ ਲੋਕਾਂ ਨੇ ਫੁੱਲ ਚੜ੍ਹਾ ਦਿੱਤੇ ਹਨ। ਹੁਣ ਲੋਕਾਂ ਦਾ ਇਹ ਪੁੱਛਣ ਦਾ ਹੱਕ ਹੈ ਕਿ ਸਰਕਾਰ ਉਨ੍ਹਾਂ ਦੀ ਸਲਾਮਤੀ ਲਈ ਕੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਆਪਣੀ ਸਾਰੀ ਤਕਰੀਰ ਵਿੱਚ ਲੋਕਾਂ ਤੋਂ ਸਹਿਯੋਗ ਹੀ ਮੰਗਦੇ ਰਹੇ, ਪਰ ਉਨ੍ਹਾ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਰੁੱਧ ਲੜਨ ਲਈ ਸਰਕਾਰ ਕਿਹੜੇ ਕਦਮ ਪੁੱਟ ਰਹੀ ਹੈ। ਇਸ ਸਮੇਂ ਅਸੀਂ ਇਸ ਮਹਾਂਮਾਰੀ ਦੇ ਦੂਜੇ ਪੜਾਅ ਵਿੱਚੋਂ ਗੁਜ਼ਰ ਰਹੇ ਹਾਂ, ਜਿਸ ਵਿੱਚ ਉਹ ਮਰੀਜ਼ ਸ਼ਾਮਲ ਹੁੰਦੇ ਹਨ, ਜਿਹੜੇ ਵਿਦੇਸ਼ਾਂ ਵਿੱਚੋਂ ਇਹ ਬਿਮਾਰੀ ਲੈ ਕੇ ਆਏ ਹਨ ਤੇ ਉਨ੍ਹਾਂ ਅੱਗੇ ਹੋਰਾਂ ਨੂੰ ਲਾਗ ਲਾ ਦਿੱਤੀ ਹੈ।
ਦੂਜੇ ਪੜਾਅ 'ਤੇ ਬਿਮਾਰੀ ਨੂੰ ਠੱਲ੍ਹ ਪਾਉਣੀ ਸੌਖੀ ਹੈ, ਪਰ ਇਸ ਲਈ ਜ਼ਰੂਰੀ ਸੀ ਕਿ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਲਈ ਵੱਖਰਿਆਂ ਰੱਖ ਕੇ ਉਨ੍ਹਾ ਦੀ ਜਾਂਚ ਕੀਤੀ ਜਾਂਦੀ, ਪਰ ਇਸ ਪਾਸੇ ਪੂਰੀ ਅਣਗਹਿਲੀ ਵਰਤੀ ਗਈ। ਹੁਣ ਸਾਹਮਣੇ ਆਇਆ ਹੈ ਕਿ ਗਾਇਕਾ ਕੋਨਿਕਾ ਕਪੂਰ ਨੂੰ ਹਵਾਈ ਅੱਡੇ 'ਤੇ ਸਕਰੀਨਿੰਗ ਸਮੇਂ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਘਰ ਜਾਣ ਦਿੱਤਾ ਗਿਆ ਤੇ ਉਹ ਪਾਰਟੀਆਂ ਵਿੱਚ ਸ਼ਾਮਲ ਹੁੰਦੀ ਰਹੀ। ਇਹ ਇਕੱਲਾ ਕੇਸ ਨਹੀਂ ਹੈ, ਮੁੱਕੇਬਾਜ਼ ਮੈਰੀਕਾਮ 13 ਮਾਰਚ ਨੂੰ ਵਿਦੇਸ਼ੋਂ ਆਉਂਦੀ ਹੈ ਤੇ ਤਿੰਨ ਦਿਨਾ ਬਾਅਦ ਰਾਸ਼ਟਰਪਤੀ ਵੱਲੋਂ ਦਿੱਤੀ ਪਾਰਟੀ ਵਿੱਚ ਸ਼ਾਮਲ ਹੁੰਦੀ ਹੈ। ਇਨ੍ਹਾਂ ਗੁਨਾਹਾਂ ਲਈ ਕੌਣ ਜ਼ਿੰਮੇਵਾਰ ਹੈ? ਸਾਡੇ ਪੰਜਾਬ ਦੇ ਜਲੰਧਰ ਦਾ ਹਾਲ ਹੀ ਲਓ ਇਸ ਸਮੇਂ ਵਿਦੇਸ਼ਾਂ ਵਿੱਚੋਂ ਆਏ 4885 ਵਿਅਕਤੀ ਬਿਨਾਂ ਸਕਰੀਨਿੰਗ ਦੇ ਘੁੰਮ ਰਹੇ ਹਨ। ਸਰਕਾਰ ਸਿਰਫ਼ 950 ਵਿਅਕਤੀਆਂ ਤੱਕ ਹੀ ਪੁੱਜ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਬਾਕੀ ਲੱਭ ਨਹੀਂ ਰਹੇ। ਇਹੋ ਹਾਲ ਹੀ ਬਾਕੀ ਜ਼ਿਲ੍ਹਿਆਂ ਦਾ ਹੈ। ਇਨ੍ਹਾਂ ਵਿਅਕਤੀਆਂ ਦੀ ਸਕਰੀਨਿੰਗ ਹਵਾਈ ਅੱਡਿਆਂ 'ਤੇ ਹੀ ਕਿਉਂ ਨਹੀਂ ਕੀਤੀ ਗਈ।
ਭਾਰਤ ਵਿੱਚ ਕੋਰੋਨਾ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ 324 ਪੁੱਜ ਚੁੱਕੀ ਹੈ। ਸਰਕਾਰ ਜਿਸ ਤਰ੍ਹਾਂ ਦਾ ਰਵੱਈਆ ਅਪਣਾ ਰਹੀ ਹੈ, ਉਸ ਤੋਂ ਤਾਂ ਇਹੋ ਜਾਪਦਾ ਹੈ ਕਿ ਅਸੀਂ ਜਲਦੀ ਹੀ ਬਿਮਾਰੀ ਦੇ ਤੀਜੇ ਪੜਾਅ ਵਿੱਚ ਪਹੁੰਚ ਜਾਵਾਂਗੇ, ਜਿਹੜੀ ਹਕੀਕਤ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਕੁਝ ਸਿਹਤ ਮਾਹਰ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਭਾਰਤ ਜਾਣ-ਬੁੱਝ ਕੇ ਅੰਕੜੇ ਦਬਾ ਰਿਹਾ ਹੈ ਤੇ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਨਾ ਕਰਕੇ ਮਹਾਂਮਾਰੀ ਨੂੰ ਸੱਦਾ ਦੇ ਰਿਹਾ ਹੈ।
ਅਸਲੀਅਤ ਇਹ ਹੈ ਕਿ ਸਾਡੀਆਂ ਸਿਹਤ ਸੇਵਾਵਾਂ ਹੀ ਇਸ ਮਹਾਂਮਾਰੀ ਵਿਰੁੱਧ ਲੜਨ ਦੇ ਯੋਗ ਨਹੀਂ ਹਨ। ਹਾਲੇ ਤੱਕ ਦੋ ਦੇਸ਼ਾਂ ਚੀਨ ਤੇ ਦੱਖਣੀ ਕੋਰੀਆ ਨੇ ਇਸ ਉੱਤੇ ਕਾਬੂ ਪਾਇਆ ਹੈ। ਇਸ ਬਿਮਾਰੀ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਹੈ। ਸਿਰਫ਼ ਜਾਂਚ ਰਾਹੀਂ ਪ੍ਰਭਾਵਤ ਵਿਅਕਤੀ ਨੂੰ ਅਲੱਗ ਕਰਕੇ ਹੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਦੱਖਣੀ ਕੋਰੀਆ ਨੇ ਵੱਡੇ ਪੈਮਾਨੇ ਉੱਤੇ ਜਾਂਚ ਰਾਹੀਂ ਹੀ ਇਸ ਨੂੰ ਠੱਲ੍ਹ ਪਾਈ ਹੈ। ਸਾਡੇ ਦੇਸ਼ ਵਿੱਚ 51 ਬੀ ਆਰ ਡੀ ਐੱਲ ਲੈਬਾਰਟਰੀਆਂ ਹਨ, ਪਰ ਇਨ੍ਹਾਂ ਵਿੱਚੋਂ ਵੀ ਬਹੁਤੀਆਂ ਵਿੱਚ ਟੈਸਟਿੰਗ ਨਹੀਂ ਹੋ ਰਹੀ। ਉਦਾਹਰਣ ਲਈ ਕਰਨਾਟਕ ਦੇ ਸ਼ਿਮੋਗਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਲੈਬ ਵਿੱਚ ਹਾਲੇ ਤੱਕ ਇੱਕ ਵੀ ਸੈਂਪਲ ਦੀ ਜਾਂਚ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬੰਗਲੌਰ ਸਥਿਤ ਐੱਨ ਸੀ ਡੀ ਸੀ ਦੀ ਲੈਬ ਨੇ ਕੋਵਿਡ-19 ਦੀ ਜਾਂਚ ਹੀ ਸ਼ੁਰੂ ਨਹੀਂ ਕੀਤੀ। ਲੈਬ ਇੰਚਾਰਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੋਟੀਫਿਕੇਸ਼ਨ ਹੀ ਨਹੀਂ ਮਿਲਿਆ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਤੇ ਕਰਨਾਟਕ ਦੇ ਸ਼ਿਮੋਗਾ ਇੰਸਟੀਚਿਊਸ਼ਨ ਆਫ਼ ਮੈਡੀਕਲ ਸਾਇੰਸ ਨੇ ਤਾਂ ਇਹ ਕਹਿ ਕੇ ਹੈਰਾਨੀ ਪੈਦਾ ਕਰ ਦਿੱਤੀ ਹੈ ਕਿ ਉਨ੍ਹਾ ਦੀ ਲੈਬ ਵਿੱਚ ਕੋਵਿਡ-19 ਲਈ ਉਹ ਇਨਫਲੂਜ਼ਾ ਵਰਗੀ ਬਿਮਾਰੀ ਦੇ ਸੈਂਪਲ ਦੀ ਜਾਂਚ ਕਰ ਰਹੇ ਹਨ। ਆਖਰ ਕੇਂਦਰੀ ਸਿਹਤ ਮੰਤਰਾਲੇ ਨੂੰ ਲੋਕਾਂ ਨੂੰ ਸਫ਼ਾਈ ਦੇਣੀ ਚਾਹੀਦੀ ਹੈ ਕਿ ਇਹ ਲੈਬਜ਼ ਕਿਉਂ ਇਨਫਲੂਜਾ ਵਰਗੀ ਬਿਮਾਰੀ ਦੀ ਜਾਂਚ ਕਰ ਰਹੇ ਹਨ। ਸਿਹਤ ਮੰਤਰਾਲਾ ਨੇ ਹਾਲੇ ਤੱਕ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਟੈਸਟਿੰਗ ਦਾ ਘੇਰਾ ਕਿਉਂ ਨਹੀਂ ਵਧਾ ਰਿਹਾ।
ਇੰਡੀਅਨ ਕੌਂਸਲ ਆਫ਼ ਮੈਡੀਸਨ ਰਿਸਰਚ ਦੇ ਚੀਫ਼ ਰਮਨ ਗੰਗਾ ਖੇੜਾਕਰ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਹ ਕਹਿ ਕੇ ਸੱਚਾਈ ਸਾਹਮਣੇ ਲਿਆ ਦਿੱਤੀ ਹੈ ਕਿ ਜੇਕਰ ਭਾਰਤ ਜ਼ਿਆਦਾ ਲੋਕਾਂ ਦੀ ਜਾਂਚ ਕਰੇਗਾ ਤਾਂ ਵੱਧ ਕੇਸ ਸਾਹਮਣੇ ਆਉਣਗੇ ਤੇ ਇਨ੍ਹਾਂ ਸਾਰਿਆਂ ਨੂੰ ਵੱਖਰੇ ਰੱਖਣਾ ਸਰਕਾਰ ਲਈ ਮੁਸ਼ਕਲ ਹੋ ਜਾਵੇਗਾ।
ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕੁਝ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਇਸ ਸਮੇਂ ਦੇਸ਼ ਵਿੱਚ 84000 ਵਿਅਕਤੀਆਂ ਪਿੱਛੇ ਇੱਕ ਆਈਸੋਲੇਸ਼ਨ (ਵੱਖਰਾ) ਬੈੱਡ ਅਤੇ 11600 ਨਾਗਰਿਕਾਂ ਪਿੱਛੇ 1 ਡਾਕਟਰ ਹੈ। ਸਾਨੂੰ ਸਮੁੱਚੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਣਾ ਖਿਆਲ ਰੱਖਣ ਦੀ ਸਲਾਹ ਦੇਣ ਵਾਲੀ ਸਰਕਾਰ ਸਾਨੂੰ ਕਿਵੇਂ ਬਚਾਏਗੀ? ਸਾਨੂੰ ਪੁੱਛਣਾ ਚਾਹੀਦਾ ਹੈ ਕਿ ਮਹਾਂਮਾਰੀ ਦੀ ਵਿਆਪਕਤਾ ਰੋਕਣ ਲਈ ਉਹ ਟੈਸਟਿੰਗ ਨੂੰ ਵਿਆਪਕ ਕਿਉਂ ਨਹੀਂ ਕਰ ਰਹੀ? ਸਮਾਜ ਕੋਈ ਆਟੋਮੈਟਿਕ ਮਸ਼ੀਨ ਨਹੀਂ ਹੈ। ਸਰਕਾਰ ਤੋਂ ਬਿਨਾਂ ਉਸ ਲਈ ਮਹਾਂਮਾਰੀ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਹੈ, ਪਰ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸਿਰਫ਼ ਉਪਦੇਸ਼ ਦੇਣ ਦੀ ਰਹੀ ਹੈ। ਜਿਸ ਸਰਕਾਰ ਦੇ ਮੰਤਰੀ ''ਅਖੌਤੀ ਪ੍ਰਾਚੀਨ ਵਿਗਿਆਨੀਆਂ ਦੇ ਕਿੱਸੇ ਗਾਉਂਦੇ ਹੋਣ, ਤੇ ਜਿਹੜੇ ਗਾਂ ਦਾ ਮੂਤ ਪੀ ਕੇ ਬਿਮਾਰੀਆਂ ਭਜਾਉਣ ਦੀ ਗੱਲ ਕਰਦੇ ਹੋਣ, ਉਨ੍ਹਾਂ ਤੋਂ ਇਸ ਤੋਂ ਵੱਧ ਉਮੀਦ ਵੀ ਨਹੀਂ ਰੱਖੀ ਜਾ ਸਕਦੀ।
ਕੀ ਇਹ ਪੁੱਛਣਾ ਨਹੀਂ ਬਣਦਾ ਕਿ ਪ੍ਰਧਾਨ ਮੰਤਰੀ ਜੀ ਤੁਹਾਡੀ ਸਰਕਾਰ ਨੇ ਇਸ ਮਹਾਂਮਾਰੀ ਨਾਲ ਲੜਨ ਲਈ ਸਿਹਤ ਸਹੂਲਤਾਂ ਵਧਾਉਣ ਲਈ ਕੀ ਕਦਮ ਚੁੱਕੇ ਹਨ? ਕਿੰਨੀਆਂ ਨਵੀਂਆਂ ਲੈਬਜ਼ ਖੜੀਆਂ ਕੀਤੀਆਂ ਹਨ? ਕੋਰੋਨਾ ਵਾਇਰਸ ਵਿਰੁੱਧ ਮੈਡੀਕਲ ਖੋਜ ਲਈ ਕਿੰਨਾ ਪੈਸਾ ਖਰਚਿਆ ਜਾ ਰਿਹਾ ਹੈ? ਕੀ ਇਸ ਬਿਮਾਰੀ ਦੀ ਦਵਾ ਵੀ ਕੋਈ ਬਾਹਰਲਾ ਦੇਸ਼ ਹੀ ਬਣਾਏਗਾ ਤੇ ਅਸੀਂ ਹਮੇਸ਼ਾ ਵਾਂਗ ਖਰੀਦਦਾਰ ਹੀ ਰਹਾਂਗੇ? ਲਗਦਾ ਹੈ ਅਸੀਂ ਟੱਲ ਖੜਕਾਉਣ ਜੋਗੇ ਹੀ ਰਹਾਂਗੇ। ਇਸ ਲਈ ਜ਼ਰੂਰੀ ਹੈ ਕਿ ਘਰੀਂ ਰਹੋ, ਪਰ ਸਰਕਾਰ ਤੋਂ ਸਵਾਲ ਜ਼ਰੂਰ ਪੁੱਛੋ।
-ਚੰਦ ਫਤਿਹਪੁਰੀ

475 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper