Latest News
ਸਿਆਣੇ ਬਣਨ ਦਾ ਵੇਲਾ

Published on 23 Mar, 2020 10:47 AM.

ਚੰਗਾ ਕੰਮ ਕਰਨ ਵਾਲਿਆਂ ਦੀ ਖਿੱਲੀ ਉਡਾਉਣ ਦੀ ਲੋਕਾਂ ਨੂੰ ਮਾੜੀ ਆਦਤ ਹੁੰਦੀ ਹੈ। ਕੋਰੋਨਾ ਵਾਇਰਸ ਨੂੰ ਫੈਲਣੋਂ ਰੋਕਣ ਖਾਤਰ ਵਿਦੇਸ਼ੋਂ ਆ ਕੇ ਖੁਦ ਹੀ ਕਮਰਾਬੰਦ ਹੋ ਜਾਣ ਜਾਂ ਕਿਸੇ ਰਿਸ਼ਤੇਦਾਰ ਦੇ ਬਾਹਰੋਂ ਆਉਣ 'ਤੇ ਖੁਦ ਹੀ ਦੂਜੇ ਲੋਕਾਂ ਨੂੰ ਮਿਲਣ ਤੋਂ ਗੁਰੇਜ਼ ਕਰਨ ਵਾਲੇ ਪਰਵਾਰਾਂ ਨੂੰ ਸ਼ਰਮਿੰਦਗੀ ਵਾਲੀ ਸਥਿਤੀ 'ਚੋਂ ਲੰਘਣਾ ਪੈ ਰਿਹਾ ਹੈ। ਅਜਿਹੇ ਲੋਕਾਂ ਦੇ ਘਰਾਂ ਅੱਗੇ ਪ੍ਰਸ਼ਾਸਨ ਪੋਸਟਰ ਲਾ ਦਿੰਦਾ ਹੈ ਕਿ ਇਥੇ ਕੋਈ ਬਾਹਰੋਂ ਆਇਆ ਹੈ ਤੇ ਉਸ ਨਾਲ ਫਾਸਲਾ ਬਣਾ ਕੇ ਰੱਖੋ। ਚੰਡੀਗੜ੍ਹ ਵਿਚ ਖੁਦ ਹੀ ਸੰਸਾਰ ਸਿਹਤ ਜਥੇਬੰਦੀ ਦੀਆਂ ਹਦਾਇਤਾਂ ਮੁਤਾਬਕ 14 ਦਿਨਾਂ ਲਈ ਕਿਸੇ ਦੂਜੇ ਦੇ ਸੰਪਰਕ ਵਿਚ ਨਾ ਆਉਣ ਦਾ ਐਲਾਨ ਕਰਨ ਵਾਲੇ ਵਕੀਲਾਂ, ਅਫਸਰਾਂ ਤੇ ਆਮ ਲੋਕਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਧੀ ਦੇ ਲੰਡਨ ਤੋਂ ਆਉਣ ਦੇ ਬਾਅਦ ਚੰਡੀਗੜ੍ਹ ਦੇ ਸਭ ਤੋਂ ਵੱਧ ਇਨਕਮ ਟੈਕਸ ਭਰਨ ਵਾਲੇ ਵਕੀਲ ਪੁਨੀਤ ਬਾਲੀ ਦੇ ਪਰਵਾਰ ਨੇ ਖੁਦ ਨੂੰ ਇਕ ਤਰ੍ਹਾਂ ਨਾਲ ਕੋਠੀਬੰਦ ਕਰ ਲਿਆ। ਉਨ੍ਹਾ ਦੀ ਪਤਨੀ ਪਵੀਲਾ ਬਾਲੀ ਮੁਤਾਬਕ ਇਸ ਤੋਂ ਬਾਅਦ ਤਾਂ ਉਨ੍ਹਾਂ ਨਾਲ ਲੋਕ ਅਜਿਹਾ ਸਲੂਕ ਕਰਨ ਲੱਗ ਪਏ, ਜਿਵੇਂ ਕਿ ਉਹ ਕੋਰੋਨਾ ਵਾਇਰਸ ਫੈਲਾਉਣ ਵਾਲੇ ਹੋਣ। ਦੋਧੀ ਨੇ ਪੋਸਟਰ ਦੇਖ ਕੇ ਦੁੱਧ ਦੇਣੋਂ ਨਾਂਹ ਕਰ ਦਿੱਤੀ। ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਅਜਿਹਾ ਹੋਰਨਾਂ ਲੋਕਾਂ ਦੇ ਬਚਾਅ ਲਈ ਕੀਤਾ ਹੈ, ਪਰ ਉਸ ਦੀ ਤਸੱਲੀ ਨਹੀਂ ਹੋਈ। ਇਸ ਤੋਂ ਇਲਾਵਾ ਲੋਕ ਪੋਸਟਰ ਦੀਆਂ ਫੋਟੋਆਂ ਖਿੱਚ ਕੇ ਵ੍ਹਟਸਅਪ ਕਰ ਕੇ ਵੀ ਬਦਨਾਮ ਕਰ ਰਹੇ ਹਨ। ਕੋਠੀ ਦੇ ਮੂਹਰੇ ਰਹਿੰਦੀ ਇਕ ਮਹਿਲਾ ਨੇ ਕਿਹਾ ਕਿ ਉਨ੍ਹਾ ਦੇ ਕੰਮ ਕਰਦੀ ਨੌਕਰਾਣੀ ਤੋਂ ਉਸ ਨੇ ਕੰਮ ਨਹੀਂ ਕਰਾਉਣਾ। ਇਸੇ ਤਰ੍ਹਾਂ ਪਰਵਾਰ ਸਮੇਤ ਆਪਣੇ ਘਰ ਵਿਚ ਬੰਦ ਇਕ ਆਈ ਏ ਐੱਸ ਅਫਸਰ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਇਕ-ਦੂਜੇ ਦਾ ਸਾਥ ਦੇਣ ਦੀ ਥਾਂ ਲੋਕ ਉਨ੍ਹਾਂ ਵਰਗਿਆਂ ਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਵਰਗਿਆਂ ਨੇ ਤਾਂ ਰਾਸ਼ਨ ਦਾ ਪ੍ਰਬੰਧ ਕਰ ਲੈਣਾ ਹੈ, ਪਰ ਜਿਨ੍ਹਾਂ ਗਰੀਬਾਂ ਨੂੰ ਕਮਰਾਬੰਦ ਹੋਣ ਦੀ ਨੌਬਤ ਆ ਗਈ ਉਨ੍ਹਾਂ ਦਾ ਕੀ ਬਣੂੰ? ਇਕ ਜੱਜ ਦੇ ਪਰਵਾਰ ਨੇ ਵੀ ਖੁਦ ਨੂੰ ਘਰ ਵਿਚ ਬੰਦ ਕਰ ਰੱਖਿਆ ਹੈ। ਸੈਕਟਰ 21 ਦੇ ਨਾਮੀ ਆਰਕੀਟੈਕਟ ਲਖਬੀਰ ਸਿੰਘ ਵੀ ਪਰਵਾਰ ਸਣੇ ਘਰ ਵਿਚ ਬੰਦ ਹਨ। ਉਨ੍ਹਾ ਦਾ ਬੇਟਾ ਸ਼ਹਿਰ ਦੀ ਪਹਿਲੀ ਪਾਜ਼ੇਟਿਵ ਮਰੀਜ਼ ਨਿਕਲੀ ਮਹਿਲਾ ਦੇ ਭਰਾ ਦੇ ਸੰਪਰਕ ਵਿਚ ਆ ਗਿਆ ਸੀ। ਇਨ੍ਹਾਂ ਸਭ ਦੇ ਘਰਾਂ ਦੇ ਬਾਹਰ ਵੀ ਪੋਸਟਰ ਲਾਏ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟਰ ਇਸ ਕਰਕੇ ਲਾਏ ਜਾਂਦੇ ਹਨ ਤਾਂ ਕਿ ਲੋਕ ਜਾਗਰੂਕ ਹੋਣ ਅਤੇ ਇਕ-ਦੂਜੇ ਦੇ ਕਰੀਬੀ ਸੰਪਰਕ ਵਿਚ ਨਾ ਆਉਣ।
ਚੰਡੀਗੜ੍ਹ ਦੇ ਇਨ੍ਹਾਂ ਸੱਜਣਾਂ ਨੇ ਉਹੀ ਕੀਤਾ, ਜਿਹੜਾ ਲਾਇਲਾਜ ਵਾਇਰਸ ਤੋਂ ਬਚਣ ਲਈ ਕਰਨਾ ਚਾਹੀਦਾ ਹੈ, ਪਰ ਨਾਸਮਝ ਲੋਕ ਇਨ੍ਹਾਂ ਦਾ ਮਖੌਲ ਉਡਾ ਰਹੇ ਹਨ। ਇਸੇ ਨਾਸਮਝੀ ਦਾ ਖਤਰਨਾਕ ਨਤੀਜਾ ਬੰਗਾ ਇਲਾਕੇ ਦੇ ਪਿੰਡ ਪਠਲਾਵਾ ਵਿਚ ਦੇਖਣ ਨੂੰ ਮਿਲਿਆ ਹੈ। ਜਰਮਨੀ ਤੇ ਇਟਲੀ ਦਾ ਗੇੜਾ ਲਾ ਕੇ ਆਏ ਪਿੰਡ ਦੇ ਬਲਦੇਵ ਸਿੰਘ ਨੇ ਟੈਸਟਿੰਗ ਨਾ ਕਰਵਾ ਕੇ ਅਤੇ ਖੁਦ ਹੀ ਲੋਕਾਂ ਤੋਂ ਅਲਹਿਦਾ ਨਾ ਰਹਿ ਕੇ ਆਪਣੀ ਜਾਨ ਤਾਂ ਗੁਆਈ ਹੈ, ਉਸ ਦੇ ਸੰਪਰਕ ਵਿਚ ਆਏ ਪਰਵਾਰ ਦੇ ਛੇ ਮੈਂਬਰ ਤੇ ਇਕ ਸਾਥੀ ਸ਼ਨੀਵਾਰ ਪਾਜੇਟਿਵ ਨਿਕਲੇ ਸਨ ਅਤੇ ਐਤਵਾਰ ਸੱਤ ਹੋਰ ਪਾਜੇਟਿਵ ਨਿਕਲ ਆਏ। ਇਨ੍ਹਾਂ ਵਿਚ ਵੀ ਚਾਰ ਉਸ ਦੇ ਪਰਿਵਾਰ ਦੇ ਹਨ। ਉਨ੍ਹਾਂ ਤੋਂ ਇਲਾਵਾ ਪਠਲਾਵਾ ਦਾ ਸਰਪੰਚ ਵੀ ਅੜਿੱਕੇ ਆ ਗਿਆ ਹੈ, ਜਿਹੜਾ ਬਲਦੇਵ ਸਿੰਘ ਦੇ ਸੰਪਰਕ ਵਿਚ ਆਇਆ ਸੀ। ਬਲਦੇਵ ਸਿੰਘ ਤੇ ਉਸ ਦੇ ਨਾਲ ਜਰਮਨੀ ਤੇ ਇਟਲੀ ਦਾ ਗੇੜਾ ਲਾਉਣ ਵਾਲੇ ਗੁਰਬਚਨ ਸਿੰਘ ਨੇ ਹੋਲੇ-ਮਹੱਲੇ 'ਤੇ 7 ਮਾਰਚ ਤੋਂ 9 ਮਾਰਚ ਤਕ ਆਨੰਦਪੁਰ ਸਾਹਿਬ ਵਿਚ ਨਿਰਮਲ ਬੁੰਗਾ ਪਠਲਾਵਾ ਦੇ ਡੇਰੇ ਵੱਲੋਂ ਲੰਗਰ ਵੀ ਲਾਇਆ ਸੀ। ਜਲੰਧਰ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਹੁਣ ਉਨ੍ਹਾਂ ਲੋਕਾਂ ਨੂੰ ਟੈਸਟਿੰਗ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਉੱਥੇ ਲੰਗਰ ਛਕਿਆ। ਏਨਾ ਨੁਕਸਾਨ ਸਿਰਫ ਬਲਦੇਵ ਸਿੰਘ ਤੇ ਗੁਰਬਚਨ ਸਿੰਘ ਦੀ ਅਣਗਹਿਲੀ ਨੇ ਕਰ ਦਿੱਤਾ ਹੈ। ਪੰਜਾਬ ਦੇ ਦੋਆਬਾ ਖੇਤਰ ਤੋਂ ਕਾਫੀ ਲੋਕ ਵਿਦੇਸ਼ ਗਏ ਹਨ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਘਰ ਆਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਲੱਗਭੱਗ 17 ਹਜ਼ਾਰ ਲੋਕ ਜਲੰਧਰ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿਚ ਹੀ ਹਾਲੀਆ ਮਹੀਨਿਆਂ 'ਚ ਆਏ ਹਨ। ਇਨ੍ਹਾਂ ਨੇ ਡਾਕਟਰਾਂ ਤੱਕ ਪਹੁੰਚ ਕਰਨ ਜਾਂ ਖੁਦ ਨੂੰ ਪਰਵਾਰਾਂ ਤੇ ਪਿੰਡ ਵਾਲਿਆਂ ਤੋਂ ਦੂਰ ਰੱਖਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਹੈ। ਹੁਣ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਲੱਭਣ ਲਈ ਭਾਜੜਾਂ ਪਈਆਂ ਹੋਈਆਂ ਹਨ। ਜਲੰਧਰ ਜ਼ਿਲ੍ਹੇ ਵਿਚ ਅਜਿਹੇ 12900 ਪ੍ਰਵਾਸੀ ਤੇ ਨਵਾਂਸ਼ਹਿਰ ਵਿਚ 4000 ਪ੍ਰਵਾਸੀ ਦੱਸੇ ਜਾਂਦੇ ਹਨ। ਸੋਚਣਾ ਚਾਹੀਦਾ ਹੈ ਕਿ ਚੰਡੀਗੜ੍ਹ ਦੇ ਜਿਹੜੇ ਲੋਕ ਖੁਦ ਹੀ ਆਪਣੇ ਬਾਰੇ ਜਾਣਕਾਰੀ ਦੇ ਕੇ ਸ਼ਰਮਿੰਦਗੀ ਝੱਲ ਰਹੇ ਹਨ, ਉਹ ਸਮਝਦਾਰ ਹਨ ਜਾਂ ਪੰਜਾਬ ਦੇ ਉਹ ਹਜ਼ਾਰਾਂ ਲੋਕ, ਜਿਨ੍ਹਾਂ ਨੇ ਆਪਣੇ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਲੱਭਣ ਦਾ ਕੰਮ ਸਿਰਫ ਪੁਲਸ 'ਤੇ ਹੀ ਨਹੀਂ ਛੱਡ ਸਕਦੇ। ਸਰਕਾਰ ਪੰਚਾਂ-ਸਰਪੰਚਾਂ, ਕੌਂਸਲਰਾਂ, ਵਿਧਾਇਕਾਂ ਤੇ ਸਾਂਸਦਾਂ ਦੀ ਡਿਊਟੀ ਲਾਵੇ ਕਿ ਜਿਵੇਂ ਵੋਟਾਂ ਲੈਣ ਲਈ ਇਕ-ਇਕ ਘਰ ਤੱਕ ਪਹੁੰਚ ਕਰਦੇ ਹਨ ਤੇ ਲੋਕਾਂ ਦੇ ਨਿਆਣਿਆਂ ਦਾ ਸੀਂਢ ਤੱਕ ਪੂੰਝਣ ਜਾਂਦੇ ਹਨ, ਉਸੇ ਭਾਵਨਾ ਨਾਲ ਅਜਿਹੇ ਲੋਕਾਂ ਨੂੰ ਲੱਭ ਕੇ ਭਾਈਚਾਰੇ ਨੂੰ ਬਚਾਉਣ ਦਾ ਆਪਣਾ ਬਣਦਾ ਫਰਜ਼ ਅਦਾ ਕਰਨ। ਸਹਿਯੋਗ ਨਾ ਕਰਨ ਵਾਲੇ ਅਜਿਹੇ ਅਹੁਦੇਦਾਰਾਂ ਨੂੰ ਭਾਰੀ ਜੁਰਮਾਨੇ ਠੋਕੇ ਜਾਣ, ਜਿਨ੍ਹਾਂ ਨੇ ਬਾਹਰੋਂ ਆਉਣ ਵਾਲਿਆਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਨਾ ਕਰਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿਚ ਪਾਉਣ 'ਚ ਹਿੱਸਾ ਪਾਇਆ ਹੈ।

481 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper