Latest News
ਸਰਕਾਰ ਦਾ ਰਵੱਈਆ 'ਹੋਊ ਪਰੇ' ਵਾਲਾ

Published on 24 Mar, 2020 10:00 AM.

ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਅੱਜ ਸਮੁੱਚੇ ਦੇਸ਼ ਵਿੱਚ ਲਾਕਡਾਊਨ ਹੈ। ਪੰਜਾਬ, ਦਿੱਲੀ ਤੇ ਮਹਾਰਾਸ਼ਟਰ ਵਿੱਚ ਤਾਂ ਰਾਜ ਸਰਕਾਰਾਂ ਵੱਲੋਂ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਲੋਕ ਪੂਰੀ ਤਰ੍ਹਾਂ ਦਹਿਸ਼ਤਜ਼ਦਾ ਹਨ। ਸਾਨੂੰ ਇਸ ਸਥਿਤੀ ਤੱਕ ਪੁਚਾਉਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੀਨ ਵੱਲੋਂ 31 ਦਸੰਬਰ ਨੂੰ ਵਰਲਡ ਹੈੱਲਥ ਆਰਗੇਨਾਈਜ਼ੇਸ਼ਨ (ਡਬਲਿਊ ਐੱਚ ਓ) ਨੂੰ ਇਸ ਵਾਇਰਸ ਸੰਬੰਧੀ ਦੱਸ ਦਿੱਤਾ ਗਿਆ ਸੀ। ਜਿਨ੍ਹਾਂ ਦੇਸ਼ਾਂ ਨੇ ਡਬਲਿਊ ਐੱਚ ਓ ਦੀ ਚਿਤਾਵਨੀ 'ਤੇ ਅਮਲ ਕੀਤਾ, ਉਹ ਅੱਜ ਕਾਫ਼ੀ ਹੱਦ ਤੱਕ ਸੁਰੱਖਿਅਤ ਹਨ। ਮਲੇਸ਼ੀਆ, ਥਾਈਲੈਂਡ ਤੇ ਸਿੰਘਾਪੁਰ ਨੇ ਇਸ ਚੇਤਾਵਨੀ ਦੇ ਬਾਅਦ ਤੁਰੰਤ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਟੈਸਟਿੰਗ ਕੀਤੀ ਗਈ, ਜਿਸ ਦਾ ਨਤੀਜਾ ਇਹ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਕਿਸੇ ਲਾਕਡਾਊਨ ਦੀ ਲੋੜ ਨਹੀਂ ਪਈ। ਇਸੇ ਤਰ੍ਹਾਂ ਦੱਖਣੀ ਕੋਰੀਆ ਨੇ ਵੀ ਇੰਜ ਹੀ ਕੀਤਾ, ਪਰ ਇਟਲੀ ਨੇ ਖਤਰੇ ਦੀ ਅਣਦੇਖੀ ਕੀਤੀ। ਨਤੀਜਾ ਵੇਖੋ, 15 ਫ਼ਰਵਰੀ ਨੂੰ ਦੱਖਣੀ ਕੋਰੀਆ ਵਿੱਚ 28 ਕੇਸ ਸਾਹਮਣੇ ਆਏ ਸਨ ਤੇ ਅੱਜ ਤੱਕ ਸਿਰਫ਼ 9000 ਸਾਹਮਣੇ ਆਏ ਹਨ, ਪਰ ਇਟਲੀ ਵਿੱਚ 15 ਫ਼ਰਵਰੀ ਨੂੰ 3 ਕੇਸ ਸਨ, ਅਣਗਹਿਲੀ ਦੇ ਨਤੀਜੇ ਵਜੋਂ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਤੋਂ ਟੱਪ ਗਈ ਹੈ ਤੇ ਕੇਸਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਦੱਖਣੀ ਕੋਰੀਆ ਹੁਣ ਤੱਕ ਆਪਣੇ ਢਾਈ ਲੱਖ ਲੋਕਾਂ ਦੀ ਜਾਂਚ ਕਰ ਚੁੱਕਾ ਹੈ। ਭਾਰਤ ਵਿੱਚ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਹੁਣ ਤੱਕ ਅਸੀਂ ਸਿਰਫ਼ 18 ਹਜ਼ਾਰ ਲੋਕਾਂ ਦੀ ਜਾਂਚ ਕਰ ਸਕੇ ਹਾਂ। ਖ਼ਬਰਾਂ ਮੁਤਾਬਕ 23 ਮਾਰਚ ਨੂੰ ਕੌਮਾਂਤਰੀ ਉਡਾਨਾਂ 'ਤੇ ਪਾਬੰਦੀ ਲਾਉਣ ਤੋਂ ਪਹਿਲਾਂ ਇੱਕ ਮਹੀਨੇ ਦੌਰਾਨ 40 ਲੱਖ ਲੋਕ ਬਦੇਸ਼ਾਂ ਤੋਂ ਭਾਰਤ ਆਏ ਸਨ। ਇਨ੍ਹਾਂ ਵਿੱਚੋਂ 2 ਲੱਖ ਵਿਅਕਤੀ ਚੀਨ ਦੇ ਰਹਿਣ ਵਾਲੇ ਸਨ, ਪਰ ਕਿਸੇ ਨੇ ਉਨ੍ਹਾਂ ਦੀ ਜਾਂਚ ਕਰਨ ਦੀ ਲੋੜ ਨਹੀਂ ਸਮਝੀ। ਇਹੋ ਨਹੀਂ, ਸਾਡੀ ਸਰਕਾਰ ਦਾ ਰਵੱਈਆ ਹੋਊ ਦੇਖੀ ਜਾਊ ਵਾਲਾ ਹੀ ਰਿਹਾ ਹੈ। ਹੁਣ ਵੀ ਉਹ ਕੀੜੀ ਦੀ ਤੋਰ ਹੀ ਤੁਰ ਰਹੀ ਹੈ। 30 ਜਨਵਰੀ ਨੂੰ ਪਹਿਲੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ 31 ਜਨਵਰੀ ਨੂੰ ਬਦੇਸ਼ ਵਪਾਰ ਡਾਇਰੈਕਟੋਰੇਟ ਨੇ ਪੀ ਪੀ ਈ ਡਾਕਟਰਾਂ ਤੇ ਨਰਸਾਂ ਦੇ ਪਹਿਨਣ ਲਈ ਸੁਰੱਖਿਆ ਵਸਤਰਾਂ (ਗਾਊਨ, ਮਾਸਕ ਤੇ ਦਸਤਾਨੇ ਆਦਿ) ਦੀ ਬਰਾਮਦ 'ਤੇ ਰੋਕ ਲਾ ਦਿੱਤੀ ਸੀ, ਪਰ 8 ਫ਼ਰਵਰੀ ਨੂੰ ਸਰਜੀਕਲ ਮਾਸਕ ਤੇ ਦਸਤਾਨਿਆਂ ਤੋਂ ਰੋਕ ਹਟਾ ਲਈ ਗਈ। ਉਸ ਤੋਂ ਬਾਅਦ 25 ਫ਼ਰਵਰੀ ਨੂੰ 8 ਹੋਰ ਆਈਟਮਾਂ 'ਤੇ ਵੀ ਰੋਕ ਹਟਾ ਲਈ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਹਸਪਤਾਲਾਂ ਵਿੱਚ ਡਾਕਟਰ ਤੇ ਨਰਸ ਲੋੜੀਂਦੇ ਸੁਰੱਖਿਆ ਵਸਤਰਾਂ ਤੋਂ ਬਿਨਾਂ ਹੀ ਡਿਊਟੀ ਕਰਨ ਲਈ ਮਜਬੂਰ ਹਨ। ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਪਾਸ ਦਸਤਾਨੇ ਤੇ ਮਾਸਕ ਨਹੀਂ ਹਨ। ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਦੇ ਡਾਕਟਰਾਂ ਦੀ ਐਸੋਸੀਏਸ਼ਨ ਨੇ ਡਾਇਰੈਕਟਰ ਨੂੰ ਕਿਹਾ ਹੈ ਕਿ ਉਨ੍ਹਾਂ ਪਾਸ ਲੋੜ ਅਨੁਸਾਰ ਪੀ ਪੀ ਈ ਦਾ ਸਟਾਕ ਨਹੀਂ ਹੈ, ਮੁਹੱਈਆ ਕਰਾਇਆ ਜਾਵੇ। ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ ਦੀ ਇੱਕ ਡਾਕਟਰ ਨੇ 'ਕਾਰਵਾਂ' ਪੱਤ੍ਰਿਕਾ ਨੂੰ ਆਪਣਾ ਦਰਦ ਬਿਆਨ ਕਰਦਿਆਂ ਕਿਹਾ, ''ਮੈਨੂੰ ਤਾਲੀਆਂ ਨਹੀਂ ਸੁਰੱਖਿਆ ਉਪਕਰਣਾਂ ਦੀ ਜ਼ਰੂਰਤ ਹੈ। ਇਹ ਅਜਿਹੀ ਹਾਲਤ ਹੈ ਕਿ ਸਰਕਾਰ ਸਾਨੂੰ ਅੱਗ ਬੁਝਾਉਣ ਲਈ ਕਹਿ ਰਹੀ ਹੈ, ਪਰ ਪਾਣੀ ਨਹੀਂ ਦੇ ਰਹੀ। ਮੈਂ ਆਪਣੇ ਪਰਵਾਰ ਨੂੰ ਤਿੰਨ ਮਹੀਨਿਆਂ ਲਈ ਬਾਹਰ ਭੇਜ ਦਿੱਤਾ ਹੈ। ਇੰਜ ਲੱਗ ਰਿਹਾ ਹੈ, ਮੈਂ ਉਨ੍ਹਾਂ ਨੂੰ ਆਖ਼ਰੀ ਵਾਰ ਮਿਲ ਰਹੀ ਹਾਂ। ਮੈਨੂੰ ਨਹੀਂ ਪਤਾ ਮੈਂ ਉਨ੍ਹਾਂ ਨੂੰ ਦੁਬਾਰਾ ਮਿਲ ਵੀ ਸਕਾਂਗੀ ਜਾਂ ਨਹੀਂ। ਸੁਰੱਖਿਆ ਸਾਧਨਾਂ ਬਿਨਾਂ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਬਹੁਤ ਡਰ ਲੱਗਦਾ ਹੈ।' ਰੋਹਤਕ ਪੀ ਜੀ ਆਈ ਦੀ ਰੈਜ਼ੀਡੈਂਟ ਡਾਕਟਰ ਕਾਮਨਾ ਕੱਕੜ ਨੇ ਪ੍ਰਧਾਨ ਮੰਤਰੀ ਨੂੰ ਟੈਗ ਕਰਕੇ ਟਵੀਟ ਕੀਤਾ ਹੈ, ''ਜਦੋਂ ਐਨ 95 ਮਾਸਕ ਤੇ ਦਸਤਾਨੇ ਆਉਣਗੇ, ਮੇਰੀ ਕਬਰ ਉੱਤੇ ਰੱਖ ਦੇਣੇ ਤੇ ਨਾਲ ਤਾੜੀਆਂ ਤੇ ਥਾਲੀਆਂ ਵੀ ਵਜਾ ਦੇਣੀਆਂ।' ਸਾਡੇ ਆਪਣੇ ਪੰਜਾਬ ਵਿੱਚ ਹੀ ਸਿਹਤ ਸੰਸਥਾਵਾਂ ਦਾ ਜੋ ਹਾਲ ਹੈ, ਕਿਸੇ ਤੋਂ ਛੁਪਿਆ ਹੋਇਆ ਨਹੀਂ। ਪੰਜਾਬ ਵਿੱਚ ਇਸ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਤ ਨਵਾਂ ਸ਼ਹਿਰ ਜ਼ਿਲ੍ਹਾ ਹੈ। ਸਿਵਲ ਹਸਪਤਾਲ ਨਵਾਂ ਸ਼ਹਿਰ ਵਿੱਚ 14 ਪਾਜ਼ੇਟਿਵ ਮਰੀਜ਼ ਦਾਖ਼ਲ ਹਨ, ਪਰ ਇੱਥੇ ਕੋਈ ਵੈਂਟੀਲੇਟਰ ਨਹੀਂ ਹੈ। ਦੇਸ਼ ਦੇ ਬਾਕੀ ਸਰਕਾਰੀ ਹਸਪਤਾਲਾਂ ਦੀ ਸਥਿਤੀ ਕੋਈ ਇਸ ਤੋਂ ਵੱਖਰੀ ਨਹੀਂ। ਨਾ ਸਾਡੇ ਦੇਸ਼ ਕੋਲ ਲੋੜ ਅਨੁਸਾਰ ਡਾਕਟਰ ਹਨ, ਨਾ ਵੈਂਟੀਲੇਟਰ ਹਨ, ਨਾ ਮਾਸਕ ਹਨ, ਨਾ ਦਸਤਾਨੇ ਤੇ ਹੋਰ ਸਾਮਾਨ। ਟੈਸਟਿੰਗ ਕਿੱਟਾਂ ਦਾ ਸਟਾਕ ਮਸਾਂ 2 ਹਫ਼ਤਿਆਂ ਦਾ ਹੈ। ਮੈਡੀਕਲ ਦੇ ਉਪਕਰਨਾਂ ਦੀ ਬਰਾਮਦ ਉੱਤੇ ਹੁਣ 19 ਮਾਰਚ ਨੂੰ ਹੀ ਰੋਕ ਲਾਈ ਗਈ ਹੈ। ਕੋਰੋਨਾ ਵਾਇਰਸ ਵਿਰੁੱਧ ਜੰਗ ਸਿਆਸੀ ਆਗੂ ਨਹੀਂ, ਡਾਕਟਰ, ਨਰਸਾਂ ਤੇ ਲੋਕ ਲੜ ਰਹੇ ਹਨ। ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਭ ਤੋਂ ਪਹਿਲਾਂ ਡਾਕਟਰਾਂ, ਨਰਸਾਂ ਦੀ ਸਲਾਮਤੀ ਲਈ ਕਦਮ ਚੁੱਕਦੀ ਤੇ ਫਿਰ ਲੋਕਾਂ ਦੀ ਬਾਂਹ ਫੜਦੀ, ਪਰ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਦੇਸ਼ ਦੇ 12 ਕਰੋੜ ਦਿਹਾੜੀਦਾਰ ਅੱਜ ਰੋਟੀ ਤੋਂ ਆਤੁਰ ਹਨ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਕੋਈ ਰਾਹਤ ਦੇਣ ਲਈ ਤਿਆਰ ਨਹੀਂ। ਨਾ ਹੀ ਉਹ ਰਾਜ ਸਰਕਾਰਾਂ ਦੀ ਕੋਈ ਸਹਾਇਤਾ ਕਰ ਰਹੀ ਹੈ, ਤਾਂ ਜੋ ਉਹ ਹੀ ਕੁਝ ਕਰ ਸਕਣ। -ਚੰਦ ਫਤਿਹਪੁਰੀ

436 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper