Latest News
ਫੌਰੀ ਵੱਡੀ ਰਾਹਤ ਦੀ ਲੋੜ

Published on 25 Mar, 2020 09:35 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਪੂਰੇ ਦੇਸ਼ ਵਿੱਚ ਘਰਬੰਦੀ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਇਸ ਦਾ ਸਮੱਰਥਨ ਕਰਨਾ ਜ਼ਰੂਰੀ ਹੈ। ਇਸ ਸਮੇਂ ਇੱਕ-ਦੂਜੇ ਤੋਂ ਦੂਰੀ ਹੀ ਇਸ ਤੋਂ ਬਚਾਅ ਦਾ ਇੱਕੋ-ਇੱਕ ਸਾਧਨ ਹੈ। ਪਹਿਲਾਂ ਹੀ ਤਿੰਨ ਦਿਨਾਂ ਤੋਂ ਘਰਾਂ ਵਿੱਚ ਕੈਦ ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਇਸ ਨਾਜ਼ੁਕ ਸਮੇਂ ਲੋਕਾਂ ਨੂੰ ਰਾਹਤ ਪੁਚਾਉਣ ਲਈ ਕੁਝ ਵੱਡੇ ਕਦਮ ਚੁੱਕਣਗੇ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਪੱਲੇ ਨਿਰਾਸ਼ਾ ਹੀ ਪਾਈ ਹੈ। ਹੁਣ ਤੱਕ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਵੱਡੇ ਰਾਹਤ ਪੈਕੇਜ ਦਿੱਤੇ ਹਨ। ਇੱਥੋਂ ਤੱਕ ਕਿ ਸਾਡੇ ਗੁਆਂਢੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਲੋਕਾਂ ਲਈ 200 ਅਰਬ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ, ਪਰ ਸਾਡੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗਰੀਬ-ਮਜ਼ਲੂਮਾਂ ਦੀ ਕੋਈ ਫਿਕਰ ਨਹੀ।
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਖੇਤੀ ਨਾਲ ਜੁੜੇ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਦਾ ਹੈ। ਇਹ ਆਪਣਾ ਪਰਵਾਰ ਵੀ ਪਾਲਦੇ ਹਨ ਤੇ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੇ ਹਨ। ਇਨ੍ਹਾਂ ਦੀ ਸਾਰੀ ਫ਼ਸਲ ਅੱਜ ਖੇਤਾਂ ਵਿੱਚ ਖੜ੍ਹੀ ਬਰਬਾਦ ਹੋ ਰਹੀ ਹੈ। ਇਨ੍ਹਾਂ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਯੂ ਪੀ, ਰਾਜਸਥਾਨ ਤੇ ਹਰਿਆਣਾ ਵਿੱਚ ਇਸ ਸਮੇਂ ਹਾੜੀ ਦੀ ਫ਼ਸਲ ਪੱਕਣ ਉੱਤੇ ਆਈ ਹੋਈ ਹੈ। ਯੂ ਪੀ ਤੇ ਬਿਹਾਰ ਆਦਿ ਵਿੱਚ ਤਾਂ ਵਾਢੀ ਵੀ ਹੱਥੀਂ ਹੁੰਦੀ ਹੈ। ਇਹ ਕਿਸਾਨ ਵਾਢੀ ਕਿਵੇਂ ਕਰਨਗੇ? ਪੰਜਾਬ ਤੇ ਹਰਿਆਣਾ ਵਿੱਚ ਵੀ ਹਾੜੀ ਦੀ ਫ਼ਸਲ ਸਾਂਭਣ ਮੌਕੇ ਯੂ ਪੀ ਤੇ ਬਿਹਾਰ ਵਿੱਚੋਂ ਮਜ਼ਦੂਰ ਆਉਂਦੇ ਹਨ, ਪਰ ਹੁਣ ਆ ਨਹੀਂ ਸਕਣਗੇ। ਸਾਰੇ ਕਿਸਾਨਾਂ ਪਾਸ ਜਿਣਸ ਨੂੰ ਘਰ ਰੱਖਣ ਦਾ ਵੀ ਪ੍ਰਬੰਧ ਨਹੀਂ ਹੁੰਦਾ। ਉਹ ਤੁਰੰਤ ਜਿਣਸ ਨੂੰ ਮੰਡੀ ਵਿੱਚ ਲੈ ਕੇ ਜਾਂਦੇ ਹਨ, ਪਰ ਮੰਡੀਆਂ ਬੰਦ ਹਨ ਤੇ ਜਿਣਸ ਖੇਤਾਂ ਵਿੱਚ ਰੱਖੀ ਨਹੀਂ ਜਾ ਸਕਦੀ। ਇਸ ਸਥਿਤੀ ਵਿੱਚ ਸੰਕਟ ਮਾਰੀ ਕਿਸਾਨੀ ਕੀ ਕਰੇਗੀ? ਇਸ ਸੰਬੰਧੀ ਸਰਕਾਰ ਨੂੰ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ।
ਆਉਣ ਵਾਲੇ ਦਿਨਾਂ ਵਿੱਚ ਲੋਕਾਂ ਲਈ ਇੱਕ ਹੋਰ ਆਫ਼ਤ ਆ ਸਕਦੀ ਹੈ। ਇਸ ਸਮੇਂ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਚੇਨ ਟੁੱਟ ਚੁੱਕੀ ਹੈ। ਸਾਡੇ ਬਹੁਤੇ ਮਾਲ ਦੀ ਢੁਆਈ ਟਰੱਕਾਂ ਰਾਹੀਂ ਹੁੰਦੀ ਹੈ। ਟਰੱਕ ਬੰਦ ਕੀਤੇ ਜਾ ਚੁੱਕੇ ਹਨ। ਇਸ ਨਾਲ ਦੁਕਾਨਾਂ ਵਿੱਚ ਸਾਮਾਨ ਦੀ ਕਿੱਲਤ ਪੈਦਾ ਹੋ ਸਕਦੀ ਹੈ, ਇਸ ਨਾਲ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਸਕਦੇ ਹਨ। ਸਰਕਾਰ ਨੂੰ ਇਸ ਪਾਸੇ ਹੁਣ ਤੋਂ ਹੀ ਧਿਆਨ ਦੇਣਾ ਪਵੇਗਾ, ਨਹੀਂ ਤਾਂ ਸਥਿਤੀ ਕਾਬੂ ਵਿੱਚ ਰੱਖਣੀ ਮੁਸ਼ਕਲ ਹੋ ਜਾਵੇਗੀ।
ਛੋਟੇ-ਛੋਟੇ ਕਾਰੋਬਾਰੀਆਂ, ਢਾਬੇ, ਚਾਹ ਆਦਿ ਦੀਆਂ ਦੁਕਾਨਾਂ ਵਾਲਿਆਂ ਦਾ ਹਾਲ ਕੁਝ ਦਿਨਾਂ ਵਿੱਚ ਹੀ ਭੁੱਖਮਰੀ ਵਾਲਾ ਹੋ ਜਾਵੇਗਾ। ਸਾਡਾ ਪ੍ਰਧਾਨ ਮੰਤਰੀ ਉਹੋ ਹੀ ਹੈ, ਜਿਸ ਨੇ ਕਾਰਪੋਰੇਟ ਘਰਾਣਿਆਂ ਦਾ 1 ਲੱਖ 50 ਹਜ਼ਾਰ ਕਰੋੜ ਰੁਪਿਆ ਮਿੰਟਾਂ-ਸਕਿੰਟਾਂ ਵਿੱਚ ਮਾਫ਼ ਕਰ ਦਿੱਤਾ ਸੀ ਤੇ ਕਰੀਬ 8 ਲੱਖ ਕਰੋੜ ਰੁਪਏ ਕਰਜ਼ੇ ਨੂੰ ਵੱਟੇ-ਖਾਤੇ ਪਾ ਦਿੱਤਾ ਸੀ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਇਸ ਸਮੇਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਜਿਨ੍ਹਾਂ ਦੀ ਰੋਜ਼ੀ, ਰੋਟੀ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ ਰਾਹਤ ਪੁਚਾਉਣ ਲਈ ਘੱਟੋ-ਘੱਟ 5 ਲੱਖ ਕਰੋੜ ਦੀ ਜ਼ਰੂਰਤ ਹੈ, ਪਰ ਪ੍ਰਧਾਨ ਮੰਤਰੀ ਸਿਹਤ ਸੇਵਾਵਾਂ ਲਈ 15000 ਕਰੋੜ ਦੀ ਨਿਗੂਣੀ ਜਿਹੀ ਰਕਮ ਦਾ ਐਲਾਨ ਕਰ ਰਿਹਾ ਹੈ। ਪੰਜ ਲੱਖ ਕਰੋੜ ਦੀ ਰਕਮ ਸਾਡੇ ਦੇਸ਼ ਲਈ ਕੋਈ ਵੱਡੀ ਰਕਮ ਨਹੀਂ। ਦੇਸ਼ ਦੇ 9 ਖਰਬਪਤੀ ਲੋਕਾਂ ਪਾਸ ਹੀ ਦੇਸ਼ ਦੀ ਅੱਧੀ ਅਬਾਦੀ ਦੇ ਬਰਾਬਰ ਧਨ ਪਿਆ ਹੈ, ਉਨ੍ਹਾਂ ਤੋਂ ਆਮਦਨ ਦਾ ਇੱਕ ਹਿੱਸਾ ਲਿਆ ਜਾ ਸਕਦਾ ਹੈ। ਸਾਡੇ ਦੇਸ਼ ਦੇ ਕਈ ਮੰਦਰਾਂ ਦੇ ਬੈਂਕਾਂ ਵਿੱਚ ਲੱਖਾਂ ਕਰੋੜਾਂ ਪਏ ਹਨ, ਆਖਰ ਇਹ ਧਨ ਕਦੋਂ ਕੰਮ ਆਵੇਗਾ।

379 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper