Latest News
ਕੋਰੋਨਾ ਦੀ ਆੜ 'ਚ ਜੰਗ

Published on 26 Mar, 2020 10:02 AM.


ਅੱਜ ਜਦੋਂ ਸਾਰਾ ਸੰਸਾਰ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਿਹਾ ਹੈ, ਅਮਰੀਕਾ ਤੇ ਚੀਨ ਵਿਚਾਲੇ ਇੱਕ ਜੰਗ ਸ਼ੁਰੂ ਹੋ ਚੁੱਕੀ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਾ ਇਕੱਲਾ ਸੰਸਾਰ ਮਹਾਂਸ਼ਕਤੀ ਬਣ ਗਿਆ ਸੀ, ਪਰ ਪਿਛਲੇ ਕੁਝ ਸਮੇਂ ਦੌਰਾਨ ਚੀਨ ਨੇ ਸੰਸਾਰ ਪੱਧਰ 'ਤੇ ਆਪਣਾ ਅਸਰ-ਰਸੂਖ ਏਨਾ ਵਧਾ ਲਿਆ ਕਿ ਉਹ ਅਮਰੀਕਾ ਲਈ ਚੁਣੌਤੀ ਬਣ ਗਿਆ ਸੀ। ਇਸ ਅਰਸੇ ਦੌਰਾਨ ਚੀਨ ਨੇ 124 ਦੇਸ਼ਾਂ ਨਾਲ ਆਪਣੇ ਵਪਾਰਕ ਰਿਸ਼ਤੇ ਕਾਇਮ ਕਰ ਲਏ, ਪਰ ਅਮਰੀਕਾ ਉਸ ਦੇ ਅੱਧ ਵਿੱਚ ਵੀ ਨਹੀਂ ਹੈ।
ਅਜਿਹੀ ਸਥਿਤੀ ਵਿੱਚ ਕੋਰੋਨਾ ਵਾਇਰਸ ਦੇ ਪ੍ਰਗਟ ਹੋਣ ਨੇ ਅਮਰੀਕਾ ਲਈ ਚੀਨ ਨੂੰ ਬਦਨਾਮ ਕਰਨ ਦਾ ਵਧੀਆ ਮੌਕਾ ਦੇ ਦਿੱਤਾ। ਸੰਸਾਰ ਭਰ ਦੇ ਵਿਗਿਆਨੀ ਇਸ ਬਾਰੇ ਇੱਕ ਮੱਤ ਹਨ ਕਿ ਕੋਰੋਨਾ ਵਾਇਰਸ ਪ੍ਰਕ੍ਰਿਤੀ ਦੀ ਉਪਜ ਹੈ ਤੇ ਇਸ ਨੂੰ ਕਿਸੇ ਲੈਬ ਵਿੱਚ ਨਹੀਂ ਬਣਾਇਆ ਗਿਆ। ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਇਰਸ ਨੂੰ 'ਚੀਨੀ ਵਾਇਰਸ' ਤੇ ਉਸ ਦਾ ਵਿਦੇਸ਼ ਮੰਤਰੀ ਮਾਈਕ ਪੌਂਪੀਓ 'ਵੁਹਾਨ ਵਾਇਰਸ' ਕਹਿ ਕੇ ਸੰਬੋਧਨ ਕਰਦਾ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਫ਼ਰੀਕਾ ਵਿੱਚ ਅਜਿਹਾ ਹੀ ਇੱਕ ਵਾਇਰਸ ਪ੍ਰਗਟ ਹੋਇਆ ਸੀ ਤਾਂ ਉਸ ਦਾ ਨਾਂਅ ਇਬੋਲਾ ਦਰਿਆ ਦੇ ਨਾਂਅ ਉੱਤੇ ਪ੍ਰਚੱਲਤ ਹੋ ਗਿਆ ਸੀ। ਇਸੇ ਤਰ੍ਹਾਂ ਯੁਗਾਂਡਾ ਵਿੱਚ ਜਦੋਂ ਅਜਿਹਾ ਇੱਕ ਵਾਇਰਸ ਸਾਹਮਣੇ ਆਇਆ ਸੀ ਤਾਂ ਉਸ ਦਾ ਨਾਂ ਉੱਥੋਂ ਦੇ ਇੱਕ ਜੰਗਲ ਜ਼ੀਕਾ ਦੇ ਨਾਂਅ ਉੱਤੇ ਪ੍ਰਚਲਤ ਹੋ ਗਿਆ ਸੀ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਇੰਜ ਵਾਇਰਸ ਨੂੰ ਕਿਸੇ ਵਿਸ਼ੇਸ਼ ਨਾਂਅ ਨਾਲ ਜੋੜਨ ਉੱਤੇ ਲੋਕ ਉੱਥੋਂ ਦੇ ਲੋਕਾਂ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਸੰਸਾਰ ਭਾਈਚਾਰੇ ਲਈ ਨੁਕਸਾਨਦੇਹ ਹੁੰਦਾ ਹੈ। ਇਸੇ ਕਾਰਨ ਵਿਸ਼ਵ ਸਿਹਤ ਸੰਸਥਾ ਨੇ ਇਹ ਹਦਾਇਤ ਕੀਤੀ ਸੀ ਕਿ ਅੱਗੇ ਤੋਂ ਕਿਸੇ ਵਾਇਰਸ ਦਾ ਨਾਂਅ ਕਿਸੇ ਇਲਾਕੇ ਜਾਂ ਦੇਸ਼ ਨਾਲ ਜੋੜ ਕੇ ਨਹੀਂ ਰੱਖਿਆ ਜਾਵੇਗਾ। ਅਸਲ ਵਿੱਚ ਅਮਰੀਕੀ ਸਰਕਾਰ ਚੀਨੀਆਂ ਤੇ ਚੀਨੀ ਮਾਲ ਨੂੰ ਸੰਸਾਰ ਨਜ਼ਰਾਂ ਵਿੱਚ ਸ਼ੱਕੀ ਬਣਾ ਦੇਣਾ ਚਾਹੁੰਦੀ ਹੈ। ਇਸ ਦੇ ਜਵਾਬ 'ਚ ਚੀਨ ਵੀ ਮੈਦਾਨ ਵਿੱਚ ਕੁੱਦ ਪਿਆ ਹੈ। ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਖ਼ਬਰਾਂ ਜ਼ੋਰ-ਸ਼ੋਰ ਨਾਲ ਫੈਲਾਈਆਂ ਜਾ ਰਹੀਆਂ ਹਨ ਕਿ ਵੂਹਾਨ ਵਿੱਚ ਹੋਈਆਂ ਸਾਂਝੀਆਂ ਮਿਲਟਰੀ ਮਸ਼ਕਾਂ ਸਮੇਂ ਅਮਰੀਕੀ ਫ਼ੌਜ ਵੱਲੋਂ ਇਹ ਵਾਇਰਸ ਛੱਡਿਆ ਗਿਆ ਸੀ।
ਅਮਰੀਕਾ ਤੇ ਚੀਨ ਵਿਚਾਲੇ ਛਿੜੀ ਇਹ ਜੰਗ ਸਿਰਫ਼ ਦੂਸ਼ਣਾਂ ਤੱਕ ਹੀ ਸੀਮਿਤ ਨਹੀਂ ਹੈ, ਇਸ ਦੌਰਾਨ ਬਹੁਤ ਕੁਝ ਹੋਰ ਵੀ ਵਾਪਰ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਇਟਲੀ ਸਮੇਤ ਕਈ ਯੂਰਪੀ ਦੇਸ਼ਾਂ ਦੇ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ਵਿੱਚੋਂ ਇਟਲੀ, ਫਰਾਂਸ ਤੇ ਸਪੇਨ ਵਰਗੇ ਦੇਸ਼ ਇਸ ਮਹਾਂਮਾਰੀ ਨਾਲ ਜੂਝ ਰਹੇ ਸਨ, ਪਰ ਅਮਰੀਕਾ ਨੇ ਇਨ੍ਹਾਂ ਦੀ ਕੋਈ ਸਹਾਇਤਾ ਨਾ ਕੀਤੀ, ਪਰ ਦੂਜੇ ਪਾਸੇ ਚੀਨ ਤੁਰੰਤ ਹਰਕਤ ਵਿੱਚ ਆ ਗਿਆ। ਆਪਣੇ ਦੇਸ਼ ਵਿੱਚ ਕੋਰੋਨਾ ਖ਼ਿਲਾਫ਼ ਲੜਾਈ ਦੌਰਾਨ ਹੀ ਇਟਲੀ, ਈਰਾਨ ਤੇ ਸਰਬੀਆ ਵਿੱਚ ਡਾਕਟਰੀ ਟੀਮਾਂ ਤੇ ਲੋੜੀਂਦਾ ਸਾਮਾਨ ਭੇਜਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਜਪਾਨ, ਦੱਖਣੀ ਕੋਰੀਆ ਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਨੂੰ ਲੋੜੀਂਦੇ ਸਿਹਤ ਸਾਮਾਨ ਭੇਜਣ ਲਈ ਸਮਝੌਤੇ ਕਰ ਲਏ।
ਇਸ ਤਰ੍ਹਾਂ ਚੀਨ ਨੇ ਆਪਣੇ ਆਪ ਨੂੰ ਦੁਨੀਆ ਵਿੱਚ ਇੱਕ ਆਗੂ ਵਜੋਂ ਉਭਾਰਨ ਲਈ ਪੂਰੇ ਯਤਨ ਆਰੰਭ ਦਿੱਤੇ ਹਨ। ਅਮਰੀਕਾ ਇਸ ਲੜਾਈ ਵਿੱਚ ਹਾਲੇ ਤੱਕ ਫਾਡੀ ਹੀ ਰਿਹਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਸੰਸਾਰ ਲੀਡਰਸ਼ਿਪ ਲਈ ਇੱਕ ਇਮਤਿਹਾਨ ਦੀ ਘੜੀ ਆਈ ਹੋਵੇ, 1956 ਵਿੱਚ ਸੁਏਜ਼ ਨਹਿਰ 'ਤੇ ਕਬਜ਼ੇ ਦੀ ਲੜਾਈ ਹਾਰਨ ਤੋਂ ਬਾਅਦ ਬਰਤਾਨਵੀ ਸਾਮਰਾਜ ਨੇ ਆਪਣਾ ਮਹਾਂਸ਼ਕਤੀ ਦਾ ਰੁਤਬਾ ਗੁਆ ਦਿੱਤਾ ਸੀ।
ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਰੂਰੀ ਸਾਜ਼ੋਸਮਾਨ ਦੀ ਵੱਡੀ ਜ਼ਰੂਰਤ ਹੈ। ਚੀਨ ਮੈਡੀਕਲ ਸਾਜ਼ੋਸਮਾਨ, ਮਾਸਕ ਤੇ ਸੁਰੱਖਿਆ ਲਿਬਾਸਾਂ ਦਾ ਇੱਕ ਵੱਡਾ ਉਤਪਾਦਕ ਹੈ। ਕੋਰੋਨਾ ਪ੍ਰਭਾਵਤ ਮਰੀਜ਼ਾਂ ਦੇ ਇਲਾਜ ਲਈ ਇਹ ਚੀਜ਼ਾਂ ਬਹੁਤ ਅਹਿਮ ਹਨ। ਚੀਨ ਤੋਂ ਬਿਨਾਂ ਕਿਸੇ ਵੀ ਦੇਸ਼ ਵਿੱਚ ਅਜਿਹੀ ਸ਼ਕਤੀ ਨਹੀਂ ਕਿ ਉਹ ਰਾਤੋ-ਰਾਤ ਆਪਣਾ ਉਤਪਾਦਨ ਕਈ ਗੁਣਾਂ ਵਧਾ ਸਕੇ, ਚੀਨ ਇਸ ਮੌਕੇ ਨੂੰ ਵਰਤ ਰਿਹਾ ਹੈ।
ਅਮਰੀਕਾ ਦੇ ਏਸ਼ੀਆ ਮਾਮਲਿਆਂ ਦੇ ਦੋ ਮਾਹਰਾਂ ਕਰਟ ਐੱਮ ਕੈਂਪਬੇਲ ਤੇ ਰਸ਼ ਦੋਸ਼ੀ ਨੇ ਕਿਹਾ ਹੈ ਕਿ ਪਿਛਲੇ ਸੱਤ ਦਹਾਕਿਆਂ ਦੌਰਾਨ ਅਮਰੀਕਾ ਸਿਰਫ਼ ਤਾਕਤ ਤੇ ਪੂੰਜੀ ਦੇ ਦਮ ਉੱਤੇ ਹੀ ਸੁਪਰ ਪਾਵਰ ਨਹੀਂ ਸੀ, ਸਗੋਂ ਉਹ ਚੰਗੇ ਘਰੇਲੂ ਸ਼ਾਸਨ, ਦੁਨੀਆ ਦੀ ਸੰਕਟ ਸਮੇਂ ਸਹਾਇਤਾ ਕਰਨ ਅਤੇ ਸਰਵਜਨਕ ਚੀਜ਼ਾਂ ਦੀ ਉਤਪਾਦਕ ਸਮਰੱਥਾ ਕਾਰਨ ਸੀ। ਅੱਜ ਕੋਰੋਨਾ ਸੰਕਟ ਸਮੇਂ ਅਮਰੀਕਾ ਇਨ੍ਹਾਂ ਤਿੰਨਾਂ ਤੱਥਾਂ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਹੈ। ਚੀਨ ਅਮਰੀਕਾ ਦੀਆਂ ਇਨ੍ਹਾਂ ਨਾਕਾਮੀਆਂ ਦਾ ਫਾਇਦਾ ਉਠਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਤਾਂ ਕੱਲ੍ਹ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਟੈਲੀਫੋਨ ਉੱਤੇ ਗੱਲ ਕਰਕੇ ਭਾਰਤ ਦੀ ਸਹਾਇਤਾ ਕਰਨ ਦੀ ਪੇਸ਼ਕਸ਼ ਕਰ ਦਿੱਤੀ ਹੈ। ਚੀਨ ਲਈ ਅਸਲ ਇਮਤਿਹਾਨ ਹਾਲੇ ਆਉਣ ਵਾਲਾ ਹੈ, ਜਦੋਂ ਸਮੁੱਚੇ ਸੰਸਾਰ ਦੇ ਦੇਸ਼ ਕੋਰੋਨਾ ਮਹਾਂਮਾਰੀ ਉੱਤੇ ਜਿੱਤ ਪ੍ਰਾਪਤ ਕਰ ਲੈਣਗੇ ਤਾਂ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਤਬਾਹ ਹੋਈ ਆਰਥਿਕਤਾ ਨੂੰ ਫਿਰ ਤੋਂ ਪੈਰਾਂ ਸਿਰ ਖੜ੍ਹਾ ਕਰਨ ਦੀ ਹੋਵੇਗੀ। ਉਸ ਸਮੇਂ ਚੀਨ ਦੀ ਭੂਮਿਕਾ ਅਹਿਮ ਹੋ ਜਾਵੇਗੀ।
ਸਾਡਾ ਦੇਸ਼ ਪਿਛਲੇ ਸਮੇਂ ਤੋਂ ਅਮਰੀਕਾ ਵੱਲ ਲੋੜੋਂ ਵੱਧ ਉਲਾਰ ਰਿਹਾ ਹੈ। ਮੀਡੀਆ ਤੇ ਕੁਝ ਹਿੰਦੂਤਵੀ ਸੰਗਠਨ ਚੀਨ ਵਿਰੋਧੀ ਨਫ਼ਰਤ ਭੜਕਾਉਣ ਵਿੱਚ ਅਮਰੀਕੀ ਪ੍ਰਸ਼ਾਸਨ ਤੋਂ ਵੀ ਅੱਗੇ ਰਹੇ ਹਨ। ਇਸੇ ਦਾ ਨਤੀਜਾ ਸੀ ਕਿ ਇੱਕ ਫੂਹੜ ਵਿਅਕਤੀ ਨੇ ਇੱਕ ਮਨੀਪੁਰੀ ਕੁੜੀ ਨੂੰ ਕੋਰੋਨਾ ਕਹਿ ਕੇ ਉਸ ਉੱਤੇ ਥੁੱਕ ਦਿੱਤਾ ਸੀ, ਕਿਉਂਕਿ ਉਸ ਦੀ ਸ਼ਕਲ ਚੀਨੀਆਂ ਨਾਲ ਮਿਲਦੀ ਸੀ, ਪਰ ਸਾਡੇ ਦੇਸ਼ ਤੇ ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀਆਂ ਘਟੀਆ ਕਾਰਵਾਈਆਂ ਤੇ ਮੀਡੀਆ ਉੱਤੇ ਚੀਨ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਾਡਾ ਹੀ ਨੁਕਸਾਨ ਕਰਨਗੀਆਂ। ਕੋਰੋਨਾ ਵਿਰੁੱਧ ਜੰਗ ਹਾਲੇ ਸ਼ੁਰੂ ਹੋਈ ਹੈ, ਮੁੱਕੀ ਨਹੀਂ। ਇਸ ਜੰਗ ਵਿੱਚ ਚੀਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ ਤੇ ਭਲਕ ਨੂੰ ਸਾਨੂੰ ਵੀ ਉਸ ਦੀ ਲੋੜ ਪੈ ਸਕਦੀ ਹੈ।
-ਚੰਦ ਫਤਿਹਪੁਰੀ

391 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper