Latest News
ਕਾਬੁਲ ਦੇ ਗੁਰਦਵਾਰੇ 'ਤੇ ਹਮਲੇ ਦਾ ਅਸਲ ਨਿਸ਼ਾਨਾ ਭਾਰਤ ਸੀ

Published on 26 Mar, 2020 10:06 AM.


ਨਵੀਂ ਦਿੱਲੀ : ਭਾਰਤੀ ਤੇ ਪੱਛਮੀ ਇੰਟੈਲੀਜੈਂਸ ਏਜੰਸੀਆਂ ਨੇ ਕਿਹਾ ਹੈ ਕਿ ਕਾਬੁਲ ਵਿਚ ਭਾਰਤੀ ਦੂਤਘਰ ਅਤੇ ਜਲਾਲਾਬਾਦ ਤੇ ਕੰਧਾਰ ਵਿਚ ਭਾਰਤੀ ਕੌਂਸਲਖਾਨਿਆਂ ਵਿਚ ਫੌਜ ਦੀ ਭਾਰੀ ਤਾਇਨਾਤੀ ਕਾਰਨ ਤਾਲਿਬਾਨ ਦੇ ਹੱਕਾਨੀ ਨੈੱਟਵਰਕ ਤੇ ਲਸ਼ਕਰੇ ਤੋਈਬਾ ਦੇ ਦਹਿਸ਼ਤਗਰਦਾਂ ਨੇ ਸ਼ੋਰ ਬਾਜ਼ਾਰ ਵਿਚ ਗੁਰਦਵਾਰਾ ਗੁਰੂ ਹਰ ਰਾਇ ਸਾਹਿਬ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿਚ 28 ਸਿੱਖ ਸ਼ਰਧਾਲੂ ਮਾਰੇ ਗਏ ਤੇ 8 ਫੱਟੜ ਹੋਏ, ਜਦਕਿ 85 ਨੂੰ ਮੁਕਾਬਲੇ ਤੋਂ ਬਾਅਦ ਬਚਾਅ ਲਿਆ ਗਿਆ। ਇਹ ਗੁਰਦਵਾਰਾ ਭਾਰਤੀ ਦੂਤਘਰ ਤੋਂ ਤਿੰਨ ਕਿਲੋਮੀਟਰ ਦੂਰ ਹੈ। ਅਫਗਾਨ ਤੇ ਪੱਛਮੀ ਸੁਰੱਖਿਆ ਏਜੰਸੀਆਂ ਤੋਂ ਦਿੱਲੀ ਪੁੱਜ ਰਹੀਆਂ ਸੂਚਨਾਵਾਂ ਮੁਤਾਬਕ ਹਮਲਾ ਅਫਗਾਨਿਸਤਾਨ ਵਿਚੋਂ ਭਾਰਤ ਨੂੰ ਕੱਢਣ ਲਈ ਕੀਤਾ ਗਿਆ। ਪਾਕਿਸਤਾਨ ਇੰਟੈਲੀਜੈਂਸ ਨੇ ਇਸ ਦਾ ਕੋਡ ਨਾਂਅ ਬਲੈਕ ਸਟਾਰ ਦਿੱਤਾ ਸੀ। ਹਮਲਾ ਚਾਰ ਦਹਿਸ਼ਤਗਰਦਾਂ ਨੇ ਕੀਤਾ। ਇਨ੍ਹਾਂ ਵਿਚੋਂ ਇਕ ਮਾਰਿਆ ਗਿਆ ਤੇ ਬਾਕੀ ਭੱਜ ਗਏ। ਭਾਰਤੀ ਮਿਸ਼ਨਾਂ 'ਤੇ ਹਮਲੇ ਬਾਰੇ ਅਗਾਊਂ ਸੂਚਨਾ ਕਾਰਨ ਸੁਰੱਖਿਆ ਵਧਾ ਦਿੱਤੀ ਗਈ ਸੀ, ਜਿਸ ਕਰਕੇ ਗੁਰਦਵਾਰੇ ਨੂੰ ਆਸਾਨ ਨਿਸ਼ਾਨਾ ਸਮਝ ਕੇ ਹਮਲਾ ਕੀਤਾ ਗਿਆ। ਅਮਰੀਕਾ ਵੱਲੋਂ ਤਾਲਿਬਾਨ ਨਾਲ 29 ਫਰਵਰੀ ਨੂੰ ਕੀਤੇ ਗਏ ਸਮਝੌਤੇ ਤੋਂ ਬਾਅਦ ਪਾਕਿਸਤਾਨ ਤੋਂ ਸਰਗਰਮੀ ਕਰਦਾ ਹੱਕਾਨੀ ਨੈੱਟਵਰਕ ਲਸ਼ਕਰੇ ਤੋਈਬਾ ਤੇ ਜੈਸ਼ੇ ਮੁਹੰਮਦ ਨਾਲ ਮਿਲ ਕੇ ਹਮਲੇ ਕਰ ਰਿਹਾ ਹੈ। ਹੱਕਾਨੀ ਨੈੱਟਵਰਕ ਜ਼ਰਦਾਨ ਕਬੀਲੇ ਦਾ ਹੈ। ਇਸ ਕਬੀਲੇ ਦੇ ਲੋਕਾਂ ਦਾ ਆਧਾਰ ਨੰਗਰਹਾਰ, ਖੋਸਤ, ਨੂਰਿਸਤਾਨ ਤੇ ਕੁਨਾਰ ਸੂਬਿਆਂ ਵਿਚ ਹੈ। ਇਨ੍ਹਾਂ ਦੀ ਸਿੱਖਾਂ ਨਾਲ ਜਲਾਲਾਬਾਦ ਵਿਚ ਜ਼ਮੀਨ ਤੇ ਕਾਬੁਲ ਵਿਚ ਵਪਾਰ ਨੂੰ ਲੈ ਕੇ ਲੜਾਈ ਹੈ। ਇਕ ਜੁਲਾਈ 2019 ਨੂੰ ਹੱਕਾਨੀ ਨੈੱਟਵਰਕ ਨੇ ਨੰਗਰਹਾਰ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਪੁੱਜੇ ਸਿੱਖਾਂ 'ਤੇ ਹਮਲਾ ਕੀਤਾ ਸੀ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper