Latest News
ਲੋੜੀਂਦੀਆਂ ਚੀਜ਼ਾਂ ਹਾਸਲ ਕਰਨ 'ਚ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ

Published on 26 Mar, 2020 10:09 AM.


ਚੰਡੀਗੜ੍ਹ : ਪੰਜਾਬ ਵਿਚ ਲੋਕ ਵੀਰਵਾਰ ਸਬਜ਼ੀਆਂ ਤੇ ਦਵਾਈਆਂ ਲਈ ਕਾਫੀ ਪ੍ਰੇਸ਼ਾਨ ਹੋਏ। ਦਾਅਵਿਆਂ ਦੇ ਬਾਵਜੂਦ ਅੰਮ੍ਰਿਤਸਰ ਪ੍ਰਸ਼ਾਸਨ ਦੁੱਧ, ਸਬਜ਼ੀਆਂ ਤੇ ਦਵਾਈਆਂ ਲੋਕਾਂ ਦੇ ਘਰਾਂ ਤਕ ਨਹੀਂ ਪਹੁੰਚਾ ਸਕਿਆ। ਜਿਨ੍ਹਾਂ ਕੈਮਿਸਟਾਂ ਨੂੰ ਡੀ ਸੀ ਦਫਤਰ ਤੋਂ ਮਨਜ਼ੂਰੀ ਮਿਲ ਗਈ ਹੈ, ਉਨ੍ਹਾਂ ਨੇ ਲੋਕਾਂ ਦੇ ਫੋਨਾਂ ਦਾ ਜਵਾਬ ਨਹੀਂ ਦਿੱਤਾ। ਮਾਲ ਰੋਡ, ਟੇਲਰ ਰੋਡ ਤੇ ਲਾਰੈਂਸ ਰੋਡ ਦੇ ਕੈਮਿਸਟਾਂ ਦੇ ਨੰਬਰ ਜਾਂ ਤਾਂ ਮਿਲ ਨਹੀਂ ਰਹੇ ਸਨ ਤੇ ਜਾਂ ਬਿਜ਼ੀ ਆ ਰਹੇ ਸਨ। ਸਿਹਤ ਅਧਿਕਾਰੀਆਂ ਨੇ ਇਸ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ਲੋਕਾਂ ਦੇ ਫੋਨ ਹੀ ਏਨੇ ਆ ਰਹੇ ਸਨ ਕਿ ਕੈਮਿਸਟਾਂ ਦੇ ਫੋਨ ਬਿਜ਼ੀ ਰਹੇ। ਸਬਜ਼ੀ ਸਪਲਾਇਰਾਂ ਦੇ ਫੋਨ ਵੀ ਜਾਂ ਸਵਿਚ ਆਫ ਰਹੇ ਜਾਂ ਉਹ ਹੁੰਗਾਰਾ ਨਹੀਂ ਭਰ ਰਹੇ ਸਨ। ਪੁਲਸ ਵੀ ਲੋਕਾਂ ਦੀਆਂ ਲੋੜਾਂ ਪ੍ਰਤੀ ਅਸੰਵੇਦਨਸ਼ੀਲ ਜਾਪੀ। ਉਸਨੇ ਬਹੁਤੇ ਦੋਧੀਆਂ ਨੂੰ ਸ਼ਹਿਰਾਂ ਵਿਚ ਨਹੀਂ ਆਉਣ ਦਿੱਤਾ ਜਦਕਿ ਪ੍ਰਸ਼ਾਸਨ ਨੇ ਸਵੇਰੇ 5 ਤੋਂ 8 ਵਜੇ ਤਕ ਆਉਣ ਦੀ ਆਗਿਆ ਦਿੱਤੀ ਸੀ। ਪਿੰਡਾਂ ਵਿਚ ਵੇਰਕਾ ਦੇ ਕੁਲੈਕਸ਼ਨ ਸੈਂਟਰਾਂ ਨੂੰ ਵੀ ਦੁੱਧ ਨਹੀਂ ਇਕੱਠਾ ਕਰਨ ਦਿੱਤਾ। ਸਿੱਟੇ ਵਜੋਂ ਕਿਸਾਨਾਂ ਕੋਲ ਖੋਆ ਜਾਂ ਦੇਸੀ ਘਿਓ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਥੋਕ ਮਾਰਕਿਟਾਂ ਨਾ ਖੁੱਲ੍ਹਣ ਕਾਰਨ ਪ੍ਰਚੂਨ ਵਿਕਰੇਤਾਵਾਂ ਕੋਲ ਕਰਿਆਨਾ, ਸਬਜ਼ੀਆਂ ਤੇ ਦਵਾਈਆਂ ਮੁਕ ਗਈਆਂ ਹਨ। ਖੰਡਵਾਲਾ ਤੇ ਛੇਹਰਟਾ ਦੇ ਵੱਡੇ ਕਰਿਆਨਾ-ਫਰੋਸ਼ਾਂ ਨੇ ਕਿਹਾ ਕਿ ਉਹ ਹੋਮ ਡਿਲੀਵਰੀ ਤਾਂ ਹੀ ਸ਼ੁਰੂ ਕਰਨਗੇ ਜਦੋਂ ਉਨ੍ਹਾਂ ਕੋਲ ਲੋੜੀਂਦਾ ਸਟਾਕ ਹੋਵੇਗਾ। ਪੁਤਲੀਘਰ ਇਲਾਕੇ ਵਾਲੇ ਕਰਿਆਨਾ-ਫਰੋਸ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਸ ਹੀ ਨਹੀਂ ਮਿਲੇ। ਬੈਂਕ ਬਰਾਂਚਾਂ ਸਵੇਰੇ 11 ਵਜੇ ਤੋਂ 2 ਵਜੇ ਤਕ ਅਤੇ ਏ ਟੀ ਐਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹਣ ਦੀ ਗੱਲ ਕਹੀ ਸੀ ਪਰ ਇਹ ਵੀ ਬੰਦ ਰਹੇ। ਤਰਨਤਾਰਨ ਦੇ ਐਸ ਡੀ ਐਮ ਨੇ ਦਾਅਵਾ ਕੀਤਾ ਕਿ ਦੁੱਧ, ਦੁੱਧ ਦੇ ਉਤਪਾਦ ਤੇ ਖਾਣ ਵਾਲੀਆਂ ਚੀਜ਼ਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਪਰ ਮਹਿੰਦਰਾ ਐਨਕਲੇਵ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਆਈਟਮ ਵੀ ਨਹੀਂ ਮਿਲੀ।  ਲੁਧਿਆਣਾ ਵਿਚ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਹੈ। ਇਕ ਕੈਮਿਸਟ ਨੇ ਦੱਸਿਆ ਕਿ ਉਸਦੀ ਸ਼ਾਪ ਇਕ ਹਸਪਤਾਲ ਵਿਚ ਹੈ। ਉਸਦੀ ਸਹਿਮਤੀ ਤੋਂ ਬਿਨਾਂ ਹੀ ਉਸਦਾ ਨਾਂ ਉਸ ਲਿਸਟ ਵਿਚ ਪਾ ਦਿੱਤਾ ਹੈ ਜਿਨ੍ਹਾਂ ਦੁਕਾਨਾਂ ਨੇ ਦਵਾਈਆਂ ਦੀ ਹੋਮ ਡਿਲੀਵਰੀ ਕਰਨ ਹੈ। ਉਨ੍ਹਾਂ ਦੇ ਮੁੰਡੇ ਅਜੇ ਇਸ ਲਈ ਤਿਆਰ ਨਹੀਂ। ਇਕ ਹੋਰ ਕੈਮਿਸਟ ਨੇ ਕਿਹਾ ਕਿ ਥੋਕ ਦੀ ਪਿੰਡੀ ਮਾਰਕਿਟ ਹੀ ਬੰਦ ਹੈ ਤਾਂ ਉਹ ਕਿਥੋਂ ਦਵਾਈਆਂ ਲੈ ਕੇ ਹੋਮ ਡਿਲੀਵਰੀ ਕਰ ਸਕਦੇ ਹਨ। ਰਾਮ ਹਰੀ ਮੀਣਾ ਨੇ ਕਿਹਾ ਕਿ ਉਸਦਾ ਕੋਈ ਡਿਪਾਰਟਮੈਂਟਲ ਸਟੋਰ ਨਹੀਂ। ਲੋਕ ਉਸਨੂੰ ਫੋਨ ਕਰੀ ਜਾ ਰਹੇ ਹਨ ਕਿ ਕੀ ਤੁਸੀਂ ਜਵਾਹਰ ਨਗਰ ਦੇ ਗੁਰਜੀਤ ਸਿੰਘ ਦੇ ਡਿਪਾਰਟਮੈਂਟਲ ਸਟੋਰ ਤੋਂ ਬੋਲ ਰਹੇ ਹੋ। ਇਸਤੋਂ ਇਲਾਵਾ ਸਬਜ਼ੀਆਂ ਵੀ ਮਹਿੰਗੀਆਂ ਵਿਕ ਰਹੀਆਂ ਹਨ। 20 ਰੁਪਏ ਕਿਲੋ ਵਾਲਾ ਆਲੂ 50 ਰੁਪਏ ਵਿਚ ਵਿਕ ਰਿਹਾ ਹੈ।  ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਵਾਈਆਂ ਦੀਆਂ ਦੁਕਾਨਾਂ ਦੁਪਹਿਰ ਤਕ ਇਸ ਸ਼ਰਤ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਕਿ ਇੱਕੋ ਵੇਲੇ ਪੰਜ ਬੰਦਿਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ। ਕੁਝ ਸਬਜ਼ੀ ਵੇਚਣ ਵਾਲਿਆਂ ਨੂੰ ਕੰਟਰੋਲ ਰੇਟ 'ਤੇ ਕਰਫਿਊ ਪਾਸ ਦਿੱਤੇ ਗਏ, ਪਰ ਲੋਕਾਂ ਨੇ ਰਸ਼ ਪਾ ਲਿਆ। ਪ੍ਰਸ਼ਾਸਨ ਨੇ ਸਰਪੰਚਾਂ ਨੂੰ ਸ਼ਹਿਰਾਂ ਤੋਂ ਸਮਾਨ ਲੈ ਕੇ ਪਿੰਡ ਦੀਆਂ ਦੁਕਾਨਾਂ ਨੂੰ ਦੇਣ ਲਈ ਕਿਹਾ ਹੈ। ਸਰਪੰਚਾਂ ਨੂੰ ਐਸ ਡੀ ਐਮ ਕਰਫਿਊ ਪਾਸ ਦੇਣਗੇ ਅਤੇ ਪਿੰਡਾਂ ਵਿਚ ਦੁਕਾਨਾਂ ਸ਼ਾਮ 4 ਵਜੇ ਤੋਂ 6 ਵਜੇ ਤਕ ਖੁੱਲ੍ਹਣਗੀਆਂ। ਗੈਸ ਸਿਲੰਡਰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤਕ ਮਿਲਣਗੇ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper