Latest News
ਫਿਰੋਜ਼ ਸੰਘਵਾਲ ਤੇ ਬੋਰਗੋ ਦੇ ਲੋਕ ਕਰ ਰਹੇ ਇਕ-ਦੂਜੇ ਲਈ ਅਰਦਾਸਾਂ

Published on 28 Mar, 2020 08:16 AM.

ਜਲੰਧਰ : ਦੋ ਪਿੰਡ ਹਨ ਤਾਂ ਹਜ਼ਾਰਾਂ ਮੀਲਾਂ ਦੇ ਫਾਸਲੇ 'ਤੇ, ਪਰ ਦੋਹਾਂ ਦੇ ਕੁਝ ਪਰਵਾਰਾਂ ਨੂੰ ਕੋਰੋਨਾ ਨੇ ਡਾਹਢੀ ਚਿੰਤਾ ਲਾਈ ਹੋਈ ਹੈ ਅਤੇ ਉਹ ਇਕ-ਦੂਜੇ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਇਕ ਪਿੰਡ ਕਪੂਰਥਲਾ ਜ਼ਿਲ੍ਹੇ ਵਿਚ ਫਿਰੋਜ਼ ਸੰਘਵਾਲ ਹੈ ਤੇ ਦੂਜਾ ਇਟਲੀ ਦੇ ਸੂਬੇ ਬ੍ਰੇਸ਼ੀਆ ਵਿਚ ਦੇ ਸਭ ਤੋਂ ਵੱਧ ਪ੍ਰਭਾਵਤ ਇਲਾਕੇ ਲੋਮਬਾਰਡੀ ਦਾ ਪਿੰਡ ਬੋਰਗੋ ਸਾਨ ਗਿਆਕੋਮੋ। ਇਟਲੀ ਵਿਚ ਉਸ ਨੂੰ ਮਿੰਨੀ ਫਿਰੋਜ਼ ਸੰਘਵਾਲ ਵਜੋਂ ਵੀ ਜਾਣਦੇ ਹਨ। ਉਹ 10 ਮਾਰਚ ਤੋਂ ਲਾਕਡਾਊਨ ਹੈ। ਫਿਰੋਜ਼ ਸੰਘਵਾਲ ਕਰਫਿਊ ਦਾ ਸਾਹਮਣਾ ਕਰ ਰਿਹਾ ਹੈ। ਇਸ ਪਿੰਡ ਦੇ ਕਾਫੀ ਲੋਕ ਬੋਰਗੋ ਵਿਚ ਰਹਿੰਦੇ ਹਨ। ਖੁਸ਼ੀ ਦੀ ਗੱਲ ਹੈ ਕਿ ਦੋਹਾਂ ਪਿੰਡਾਂ ਵਿਚ ਅਜੇ ਤੱਕ ਕੋਈ ਪਾਜ਼ੇਟਿਵ ਕੇਸ ਨਹੀਂ ਨਿਕਲਿਆ।
ਫਿਰੋਜ਼ ਸੰਘਵਾਲ ਦੇ ਸਰਦਾਰ ਸਿੰਘ, ਜਿਨ੍ਹਾ ਦੀ ਪਤਨੀ ਅਮਰਜੀਤ ਕੌਰ ਪਿੰਡ ਦੀ ਸਰਪੰਚ ਹੈ, ਦਾ ਕਹਿਣਾ ਹੈ, 'ਇਸ ਵੇਲੇ ਸਾਡੇ ਪਿੰਡ ਦੇ 200 ਤੋਂ ਵੱਧ ਲੋਕ ਬੋਰਗੋ ਵਿਚ ਹਨ। ਬੋਰਗੋ ਨੂੰ ਮਿੰਨੀ ਫਿਰੋਜ਼ ਸੰਘਵਾਲ ਵੀ ਕਹਿੰਦੇ ਹਨ। ਸਾਡੇ ਪਰਵਾਰ ਤੇ ਰਿਸ਼ਤੇਦਾਰਾਂ 'ਚੋਂ 60-70 ਉਥੇ ਗਏ ਹੋਏ ਹਨ। ਸਾਨੂੰ ਉਨ੍ਹਾਂ ਦੀ ਬਹੁਤ ਚਿੰਤਾ ਲੱਗੀ ਹੋਈ ਹੈ। ਉਨ੍ਹਾਂ ਨੂੰ ਸਾਡੀ ਚਿੰਤਾ ਲੱਗੀ ਹੋਈ ਹੈ।'
38 ਸਾਲ ਦੀ ਉਮਰ ਵਿਚ 1995 ਵਿਚ ਬੋਰਗੋ ਗਏ ਬਲਬੀਰ ਸਿੰਘ ਨੇ ਦੱਸਿਆ, 'ਦੋ ਦਹਾਕੇ ਪਹਿਲਾਂ ਪਿੰਡ ਦੇ ਲੋਕਾਂ ਨੂੰ ਇਟਲੀ ਦਾ ਪਤਾ ਨਹੀਂ ਸੀ, ਪਰ ਹੁਣ ਸਾਡਾ ਅੱਧੇ ਤੋਂ ਵੱਧ ਪਿੰਡ ਬੋਰਗੋ ਤੇ ਨੇੜੇ-ਤੇੜੇ ਰਹਿੰਦਾ ਹੈ। ਮੈਨੂੰ ਆਪਣੇ ਦੋ ਬੇਟਿਆਂ ਤੇ ਉਨ੍ਹਾਂ ਦੇ ਪਰਵਾਰਾਂ ਦਾ ਫਿਕਰ ਹੈ। ਉਹ ਸਾਡੀ ਚਿੰਤਾ ਕਰ ਰਹੇ ਹਨ।' 7-8 ਸਾਲ ਤੋਂ ਬੋਰਗੋ ਰਹਿ ਰਹੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਥੇ 70 ਪਾਜ਼ੇਟਿਵ ਕੇਸ ਮਿਲੇ ਹਨ, ਪਰ ਖੁਸ਼ਕਿਸਮਤੀ ਨਾਲ ਉਥੇ ਸਾਰੇ ਪੰਜਾਬੀ ਸਲਾਮਤ ਹਨ। ਬੋਰਗੋ ਤੇ ਆਲੇ-ਦੁਆਲੇ ਕੋਈ ਦੋ ਹਜ਼ਾਰ ਪੰਜਾਬੀ ਰਹਿ ਰਹੇ ਹਨ। ਪਿੰਡੋਂ ਸਭ ਤੋ ਪਹਿਲਾਂ ਇਟਲੀ ਜਾਣ ਵਾਲਿਆਂ ਵਿਚੋਂ ਇਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋਆਬੇ ਦੇ ਕਈ ਪਿੰਡਾਂ ਤੋਂ ਲੋਕ ਦੂਜੇ ਦੇਸ਼ਾਂ ਵਿਚ ਗਏ ਹਨ, ਪਰ ਅਜਿਹਾ ਕੋਈ ਹੀ ਪਿੰਡ ਹੋਵੇਗਾ, ਜਿਸ ਦੇ ਏਨੇ ਲੋਕ ਉਥੇ ਇੱਕੋ ਪਿੰਡ ਵਿਚ ਰਹਿ ਰਹੇ ਹੋਣ। ਉਹ 1988 ਵਿਚ ਇਟਲੀ ਗਏ ਸੀ ਤੇ ਬੋਰਗੋ ਵਿਚ ਗੁਰਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪ੍ਰਧਾਨ ਵੀ ਰਹੇ। ਇਹ ਗੁਰਦਵਾਰਾ 2006 ਵਿਚ ਬਣਾਇਆ ਗਿਆ ਸੀ।
ਫਿਰੋਜ਼ ਸੰਘਵਾਲ ਦੇ ਲੋਕਾਂ ਨੇ ਬਾਹਰਲੇ ਪੈਸੇ ਨਾਲ ਵੱਡੇ-ਵੱਡੇ ਘਰ ਬਣਾ ਲਏ ਹਨ ਅਤੇ ਉਨ੍ਹਾਂ ਵਿਚ ਇਟਲੀ ਪ੍ਰੇਮ ਵੀ ਕਾਫੀ ਝਲਕਦਾ ਹੈ। ਉਥੇ ਇਕ ਕੰਪਲੈਕਸ ਦਾ ਨਾਂਅ ਇਤਾਲੀਅਨ ਕੰਪਲੈਕਸ ਹੈ ਤੇ ਇਕ ਖਾਣ-ਪੀਣ ਵਾਲੀ ਦੁਕਾਨ ਦਾ ਨਾਂਅ ਪਿਜ਼ਾ ਇਤਾਲੀਆ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਫਿਰੋਜ਼ ਸੰਘਵਾਲ ਤੇ ਬੋਰਗੋ ਵਿਚ ਰਹਿਣਾ ਇੱਕੋ ਜਿਹਾ ਹੈ। ਪਿੰਡ ਦੇ ਜਿਹੜੇ ਲੋਕ ਅੱਜਕੱਲ੍ਹ ਪੁਰਤਗਾਲ, ਬੈਲਜੀਅਮ ਤੇ ਇੰਗਲੈਂਡ ਵਿਚ ਹਨ, ਉਹ ਪਹਿਲਾਂ ਬੋਰਗੋ ਹੀ ਗਏ ਸਨ।

356 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper