Latest News
ਅਮਰੀਕਾ 'ਚ ਕੋਰੋਨਾ ਦੇ ਪੱਕੇ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ

Published on 28 Mar, 2020 08:21 AM.

ਵਾਸ਼ਿੰਗਟਨ : ਅਮਰੀਕਾ 'ਚ ਕੋਰੋਨਾ ਵਾਇਰਸ ਨੇ 1607 ਜਾਨਾਂ ਲੈ ਲਈਆਂ ਹਨ। ਇਕੱਲੇ ਸ਼ੁੱਕਰਵਾਰ ਨੂੰ 345 ਮੌਤਾਂ ਹੋਈਆਂ। ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 1 ਲੱਖ 2 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਦੇਸ਼ ਵਿੱਚ ਇੱਕੋ ਦਿਨ ਵਿਚ 18,000 ਮਾਮਲੇ ਸਾਹਮਣੇ ਆਏ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰੋਨਾ–ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨਾ ਦੱਸਿਆ ਹੈ। ਉੱਧਰ ਭਾਰਤੀ ਦੂਤਾਵਾਸ ਨੇ ਕੋਰੋਨਾ ਕਾਰਨ ਘਰਾਂ ਵਿਚ ਕੈਦ ਲੱਖਾਂ ਅਮਰੀਕਨਾਂ ਨੂੰ ਮੁਫ਼ਤ ਆਨਲਾਈਨ ਯੋਗਾ–ਕਲਾਸਾਂ ਦੇਣ ਦਾ ਐਲਾਨ ਕੀਤਾ ਹੈ। ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਕਲਾਸਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸ਼ਾਮੀਂ 5 ਵਜੇ ਦਿੱਤੀਆਂ ਜਾਣਗੀਆਂ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਬੇਰੁਜ਼ਗਾਰਾਂ ਦੀ ਫ਼ੌਜ ਖੜ੍ਹੀ ਹੋ ਗਈ ਹੈ ਤੇ ਬੇਰੁਜ਼ਗਾਰੀ ਦਾ 38 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਬੇਰੁਜ਼ਗਾਰੀ ਭੱਤੇ ਦੇ ਦਾਅਵਿਆਂ ਵਿੱਚ 1,000 ਫ਼ੀਸਦੀ ਦਾ ਵਾਧਾ ਹਰ ਅਮਰੀਕੀ ਸੂਬੇ ਦੇ ਕਿਰਤ ਵਿਭਾਗ ਵਿਚ ਹੋਇਆ ਹੈ। ਦਾਅਵਿਆਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ। ਨਿਊ ਯਾਰਕ ਵਿਚ ਵੀ ਬੇਰੁਜ਼ਗਾਰੀ ਵਿੱਚ 1,000 ਫ਼ੀਸਦੀ ਵਾਧਾ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਦੇਸ਼ ਦੇ ਰਾਜਾਂ ਨੂੰ ਬੇਰੁਜ਼ਗਾਰੀ ਦੇ ਅੰਕੜੇ ਰੋਜ਼ਾਨਾ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਕਿਉਕਿ ਇੰਝ ਦਹਿਸ਼ਤ ਫੈਲਦੀ ਹੈ। ਸਮੁੱਚੇ ਵਿਸ਼ਵ ਵਿਚ ਹੁਣ ਕੋਰੋਨਾ–ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 5.97 ਲੱਖ ਤੋਂ ਵੀ ਵੱਧ ਹੋ ਗਈ ਹੈ।
ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਇਸ ਮਾਰੂ ਵਾਇਰਸ ਦੇ 75 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।ਇਸ ਦੇ ਨਾਲ ਹੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 922 ਹੋ ਗਈ ਹੈ।ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।ਕੋਰੋਨਾ ਦਾ ਪ੍ਰਕੋਪ ਦੇਸ਼ ਦੇ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਫੈਲ ਚੁੱਕਾ ਹੈ। ਕੇਰਲ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ 'ਚ ਕੋਰੋਨਾ–ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।ਪੰਜਾਬ 'ਚ ਵੀ ਇਹ ਗਿਣਤੀ ਹੁਣ ਵਧ ਕੇ 38 ਹੋ ਚੁੱਕੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 21 ਦਿਨਾਂ ਦੇ ਲੌਕਡਾਊਨ ਦਾ ਐਤਵਾਰ ਨੂੰ ਚੌਥਾ ਦਿਨ ਹੈ।ਲੌਕਡਾਊਨ ਤੇ ਕਰਫ਼ਿਊ ਕਾਰਨ ਆਮ ਲੋਕਾਂ ਨੂੰ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮਹਾਰਾਸ਼ਟਰ 'ਚ ਚਾਰ, ਗੁਜਰਾਤ 'ਚ ਤਿੰਨ, ਕਰਨਾਟਕ 'ਚ ਦੋ, ਪੰਜਾਬ, ਦਿੱਲੀ, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ, ਤਾਮਿਲ ਨਾਡੂ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ ਇੱਕ–ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।ਸਿਹਤ ਮੰਤਰਾਲੇ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਸੀ ਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਹੈ ਤੇ ਜਿੰਨੇ ਵੀ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਡਾਇਬਟੀਜ਼, ਦਿਲ ਦੇ ਰੋਗਾਂ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਬੀਮਾਰੀਆਂ ਤੋਂ ਪੀੜਤ ਸਨ।

461 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper