Latest News
ਕੋਰੋਨਾ ਖਿਲਾਫ ਸਿਆਣਪ ਦਿਖਾਉਂਦੇ ਲੋਕ

Published on 29 Mar, 2020 10:42 AM.


ਕੋਰੋਨਾ ਵਾਇਰਸ ਦੇ ਸਵਾ ਸੌ ਦੇ ਕਰੀਬ ਸੈਂਪਲਾਂ ਦੀਆਂ ਨੈਗੇਟਿਵ ਰਿਪੋਰਟਾਂ ਆਉਣ ਨਾਲ ਬੰਗਾ ਇਲਾਕੇ ਦੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਇਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ 127 ਸੈਂਪਲਾਂ ਵਿਚੋਂ 72 ਦੀ ਰਿਪੋਰਟ ਆ ਗਈ ਹੈ ਤੇ ਸਾਰੇ ਸੈਂਪਲ ਨੈਗੇਟਿਵ ਨਿਕਲੇ ਹਨ। ਪੰਜਾਬ ਵਿਚ ਕੋਰੋਨਾ ਨਾਲ ਸਭ ਤੋਂ ਪਹਿਲਾਂ ਪ੍ਰਭਾਵਤ ਪਿੰਡ ਪਠਲਾਵਾ ਦੇ ਨਾਲ ਲਗਦੇ ਇਲਾਕੇ ਦੇ 13 ਪਿੰਡਾਂ ਨੂੰ ਸੀਲ ਕਰਕੇ ਲੋਕਾਂ ਦੇ ਸੈਂਪਲ ਲੈ ਕੇ ਭੇਜੇ ਗਏ ਸਨ। ਜਰਮਨੀ ਦਾ ਗੇੜਾ ਲਾ ਕੇ ਆਏ ਪਿੰਡ ਦੇ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ 18 ਮਾਰਚ ਨੂੰ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਉਹ ਨਵਾਂਸ਼ਹਿਰ, ਫਗਵਾੜਾ, ਜਲੰਧਰ ਤੇ ਆਨੰਦਪੁਰ ਸਾਹਿਬ ਦੇ ਇਲਾਵਾ ਦੋ ਸਰਕਾਰੀ ਹਸਪਤਾਲਾਂ ਤੇ ਦੋ ਪ੍ਰਾਈਵੇਟ ਹਸਪਤਾਲਾਂ ਵਿਚ ਗਿਆ ਸੀ। ਉਹ ਹੋਲੇ-ਮਹੱਲੇ 'ਤੇ ਆਨੰਦਪੁਰ ਸਾਹਿਬ ਵੀ ਗਿਆ ਸੀ। ਉਸਦੇ ਸੰਪਰਕ ਵਿਚ ਦੋਆਬੇ ਦੇ 27 ਪਿੰਡਾਂ ਦੇ ਲੋਕ ਆਏ ਸਨ, ਜਿਨ੍ਹਾਂ ਦੇ ਕਰੀਬ 10 ਹਜ਼ਾਰ ਲੋਕ ਘਰਾਂ ਵਿਚ ਹੀ ਹਨ। ਇਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਹੋਇਆ ਹੈ। ਬੰਗਾ ਇਲਾਕੇ ਦੇ ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਸਮਾਜੀ ਦੂਰੀ ਬਣਾਏ ਰੱਖਣ ਤੇ ਸਾਫ-ਸਫਾਈ ਦੇ ਨੁਸਖੇ 'ਤੇ ਪੂਰਾ ਅਮਲ ਕੀਤਾ ਹੈ। ਇਸ ਤੋਂ ਇਲਾਵਾ ਬੰਗਾ ਸਬ-ਡਵੀਜ਼ਨ ਦੇ ਸਾਰੇ 125 ਪਿੰਡਾਂ ਦੇ ਲੋਕ ਇਸ ਮਾਰੂ ਬੀਮਾਰੀ ਨਾਲ ਸਿੱਝਣ ਲਈ ਵ੍ਹਟਸਐਪ ਦਾ ਸਹਾਰਾ ਵੀ ਲੈ ਰਹੇ ਹਨ। ਡੀ ਐਸ ਪੀ ਤੇ ਐਸ ਡੀ ਐਮ ਵਲੋਂ ਬਣਾਏ ਗਏ ਵ੍ਹਟਸਐਪ ਗਰੁੱਪ 'ਤੇ ਲੋਕ ਆਪਣੇ-ਆਪਣੇ ਪਿੰਡਾਂ ਦੇ ਲੋਕਾਂ ਦੀ ਸਿਹਤ, ਐਨ ਆਰ ਆਈਜ਼ ਦੀ ਮੂਵਮੈਂਟ ਅਤੇ ਦਵਾਈਆਂ ਸਮੇਤ ਵੱਖ-ਵੱਖ ਜ਼ਰੂਰੀ ਚੀਜ਼ਾਂ ਦੀ ਮੰਗ ਸ਼ੇਅਰ ਕਰ ਰਹੇ ਹਨ। ਲੋਕਾਂ ਦੇ ਐਨ ਆਰ ਆਈਜ਼ ਨਾਲ ਹਾਲੀਆ ਸੰਪਰਕਾਂ ਬਾਰੇ ਜਾਣਕਾਰੀ ਵੀ ਸ਼ੇਅਰ ਕੀਤੀ ਜਾ ਰਹੀ ਹੈ। ਲੋਕ ਜਾਣਕਾਰੀ ਸਰਪੰਚਾਂ ਨੂੰ ਦਿੰਦੇ ਹਨ, ਜਿਹੜੇ ਅੱਗੋਂ ਆਪਸ ਵਿਚ ਸ਼ੇਅਰ ਕਰਦੇ ਹਨ। ਮਾੜੀ-ਮੋਟੀ ਬੀਮਾਰੀ ਵੀ ਸ਼ੱਕ ਨਾਲ ਦੇਖੀ ਜਾ ਰਹੀ ਹੈ। ਇਸਦਾ ਪ੍ਰਸ਼ਾਸਨ ਵੀ ਫੌਰੀ ਹੁੰਗਾਰਾ ਭਰ ਰਿਹਾ ਹੈ। ਹੋਰਨਾਂ ਸਬ-ਡਵੀਜ਼ਨਾਂ ਵਿਚ ਵੀ ਅਜਿਹੀ ਚੌਕਸੀ ਵਰਤੀ ਜਾਵੇ ਤਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ ਹੈ।
ਕੁਝ ਪਿੰਡਾਂ ਦੇ ਲੋਕਾਂ ਵੱਲੋਂ ਨਾਕਾਬੰਦੀ ਕਰਕੇ ਬਾਹਰਲੇ ਬੰਦੇ ਨੂੰ ਪਿੰਡ ਵਿਚ ਦਾਖਲ ਹੋਣ ਤੋਂ ਰੋਕਣ ਦੀਆਂ ਰਿਪੋਰਟਾਂ ਵੀ ਆਈਆਂ ਹਨ। ਬਚਾਅ ਦਾ ਉਨ੍ਹਾਂ ਦਾ ਇਹ ਆਪਣਾ ਢੰਗ ਹੋ ਸਕਦਾ ਹੈ, ਪਰ ਇਸ ਨਾਲ ਸਮਾਜੀ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿਲੀ ਦੂਰੀ ਬਣਾਉਣ ਵਾਲੀ ਬਣ ਜਾਂਦੀ ਹੈ। ਇਸ ਨਾਲੋਂ ਧਾਰੀਵਾਲ ਇਲਾਕੇ ਦੇ ਪਿੰਡ ਛੀਨਾ ਰੇਲਵਾਲਾ ਦੇ ਨੈਸ਼ਨਲ ਅਵਾਰਡੀ ਸਰਪੰਚ ਪੰਥਦੀਪ ਸਿੰਘ ਦਾ ਫਾਰਮੂਲਾ ਜ਼ਿਆਦਾ ਠੀਕ ਲਗਦਾ ਹੈ। ਉਨ੍ਹਾਂ ਪੰਚਾਇਤ ਤੋਂ ਮਤਾ ਪਾਸ ਕਰਵਾ ਕੇ ਹਰੇਕ ਘਰ ਦੇ ਗੇਟ 'ਤੇ ਇਕ-ਦੂਜੇ ਦੇ ਘਰ ਜਾਣ ਤੋਂ ਸਖਤ ਮਨਾਹੀ ਦੀਆਂ ਹਦਾਇਤਾਂ ਵਾਲੇ ਨੋਟਿਸ ਲੁਆਏ ਹਨ। ਉਹ ਪਿੰਡ ਨੂੰ ਸੈਨੀਟਾਈਜ਼ ਕਰਨ ਲਈ ਸਾਰੇ ਘਰਾਂ ਦੇ ਦਰਵਾਜ਼ਿਆਂ, ਗੇਟਾਂ, ਗਲੀਆਂ-ਨਾਲੀਆਂ ਸਣੇ ਜਨਤਕ ਥਾਂਵਾਂ 'ਤੇ ਸੋਡੀਅਮ ਹਾਈਪੋਕਲੋਰਾਈਟ ਦੀ ਦਵਾਈ ਦਾ ਦੋ ਵਾਰ ਛਿੜਕਾਅ ਕਰਵਾ ਚੁੱਕੇ ਹਨ।
ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਪੁਰੁਲੀਆ ਦੇ ਪਿੰਡ ਭੰਗੀਡੀਹ ਦੀ ਮਿਸਾਲ ਵੀ ਸ਼ਾਨਦਾਰ ਹੈ। ਪਿੰਡ ਦੇ 7 ਪ੍ਰਵਾਸੀ ਮਜ਼ਦੂਰ 22 ਮਾਰਚ ਨੂੰ ਚੇਨਈ ਤੋਂ ਪਰਤੇ। ਪਿੰਡ ਵਾਲਿਆਂ ਨੂੰ ਉਨ੍ਹਾਂ ਦੇ ਆਉਣ ਦੀ ਖਬਰ ਮਿਲੀ ਤਾਂ ਉਹ ਉਨ੍ਹਾਂ ਨੂੰ 14 ਦਿਨ ਇਕੱਲੇ ਰੱਖਣ ਬਾਰੇ ਫਿਕਰਮੰਦ ਹੋ ਗਏ, ਕਿਉਂਕਿ ਉਨ੍ਹਾਂ ਮਜ਼ਦੂਰਾਂ ਦੇ ਘਰ ਬਹੁਤ ਹੀ ਛੋਟੇ ਸਨ। ਉਨ੍ਹਾਂ ਦੇ ਦਿਮਾਗ ਵਿਚ ਆਈਡੀਆ ਆਇਆ ਤੇ ਉਨ੍ਹਾਂ ਸੱਤ ਦਰਖਤਾਂ 'ਤੇ ਬਾਂਸਾਂ ਤੇ ਰੱਸੀਆਂ ਨਾਲ ਚਾਰਪਾਈਆਂ ਫਿਟ ਕਰ ਦਿੱਤੀਆਂ। ਮੱਛਰਦਾਨੀਆਂ ਲਾ ਦਿੱਤੀਆਂ। ਨੇੜਲੇ ਦਰਖੱਤਾਂ 'ਤੇ ਬੱਲਬ ਵੀ ਲਾ ਦਿੱਤੇ। ਉਹ ਸਿਰਫ ਰਫਾ-ਹਾਜਤ ਲਈ ਹੀ ਥੱਲੇ ਉਤਰਦੇ ਸਨ। ਘਰ ਵਾਲੇ ਖਾਣਾ ਥੱਲੇ ਛੱਡ ਜਾਂਦੇ ਸਨ। ਸਟੋਵ ਦੇ ਨਾਲ ਚਾਹ ਦਾ ਰਾਸ਼ਨ ਵੀ ਥੱਲੇ ਰੱਖ ਦਿੰਦੇ ਸੀ। ਜਾਣਕਾਰੀ ਮਿਲਣ 'ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਰਹਿਣ ਲਈ ਬਦਲਵਾਂ ਪ੍ਰਬੰਧ ਕੀਤਾ। ਖੈਰ, ਪਿੰਡ ਵਾਲਿਆਂ ਨੇ ਕੋਰੋਨਾ ਤੋਂ ਬਚਾਅ ਦਾ ਸਸਤਾ ਤੇ ਵਧੀਆ ਪ੍ਰਬੰਧ ਤਾਂ ਕਰ ਲਿਆ ਸੀ। ਇਸੇ ਤਰ੍ਹਾਂ ਦੇ ਢੰਗ ਵਰਤ ਕੇ ਇਸ ਮਹਾਂਮਾਰੀ ਤੋਂ ਬਚਾਅ ਕਰਨ ਵਿਚ ਕਾਫੀ ਮਦਦ ਮਿਲ ਸਕਦੀ ਹੈ।

627 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper