Latest News
ਆਜ਼ਾਦੀ ਤੋਂ ਬਾਅਦ ਅਰਥਚਾਰਾ ਸਭ ਤੋਂ ਵੱਡੀ ਐਮਰਜੈਂਸੀ ਦੇ ਦੌਰ 'ਚ : ਰਘੁਰਾਮ ਰਾਜਨ

Published on 06 Apr, 2020 10:16 AM.

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਤੇ ਅਰਥ ਸ਼ਾਸਤਰੀ ਰਘੁਰਾਮ ਰਾਜਨ ਨੇ ਕੋਰੋਨਾ ਵਾਇਰਸ ਕਾਰਨ ਦਰਪੇਸ਼ ਵੰਗਾਰਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਭਾਰਤ ਆਰਥਕ ਲਿਹਾਜ ਨਾਲ ਆਜ਼ਾਦੀ ਦੇ ਬਾਅਦ ਦੇ ਸਭ ਤੋਂ ਵੱਡੀ ਐਮਰਜੈਂਸੀ ਵਾਲੇ ਦੌਰ ਵਿਚ ਹੈ। ਸਰਕਾਰ ਨੂੰ ਇਸ ਵਿਚੋਂ ਨਿਕਲਣ ਲਈ ਆਪੋਜ਼ੀਸ਼ਨ ਪਾਰਟੀਆਂ ਦੀ ਮਦਦ ਲੈਣੀ ਚਾਹੀਦੀ ਹੈ।
ਰਾਜਨ ਨੇ 'ਹਾਲੀਆਂ ਸਮੇਂ ਵਿਚ ਭਾਰਤ ਦੀ ਸ਼ਾਇਦ ਸਭ ਤੋਂ ਵੱਡੀ ਵੰਗਾਰ' ਸਿਰਲੇਖ ਨਾਲ ਇਕ ਬਲਾਗ ਵਿਚ ਕਿਹਾ ਹੈ, 'ਇਹ ਆਰਥਕ ਲਿਹਾਜ ਨਾਲ ਸ਼ਾਇਦ ਆਜ਼ਾਦੀ ਦੇ ਬਾਅਦ ਸਭ ਤੋਂ ਵੱਡੀ ਐਮਰਜੈਂਸੀ ਵਾਲੀ ਸਥਿਤੀ ਹੈ। 2008-09 ਵਿਚ ਸੰਸਾਰ ਵਿੱਤੀ ਸੰਕਟ ਦੌਰਾਨ ਮੰਗ ਵਿਚ ਭਾਰੀ ਕਮੀ ਆਈ ਸੀ, ਪਰ ਉਦੋਂ ਸਾਡੇ ਮਜ਼ਦੂਰ ਕੰਮ 'ਤੇ ਜਾ ਰਹੇ ਸਨ, ਸਾਡੀਆਂ ਕੰਪਨੀਆਂ ਵਰ੍ਹਿਆਂ ਦੇ ਠੋਸ ਵਾਧੇ ਕਾਰਨ ਮਜ਼ਬੂਤ ਸਨ, ਸਾਡੀ ਵਿੱਤੀ ਪ੍ਰਣਾਲੀ ਬਿਹਤਰ ਸਥਿਤੀ ਵਿਚ ਸੀ ਤੇ ਸਰਕਾਰ ਦੇ ਵਿੱਤੀ ਵਸੀਲੇ ਵੀ ਚੰਗੀ ਹਾਲਤ ਵਿਚ ਸਨ। ਹੁਣ ਜਦੋਂ ਅਸੀਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ, ਇਨ੍ਹਾਂ ਵਿਚ ਕੁਝ ਵੀ ਸਹੀ ਨਹੀਂ।'
ਹਾਲਾਂਕਿ ਉਨ੍ਹਾ ਕਿਹਾ ਕਿ ਜੇ ਉਚਿਤ ਤਰੀਕੇ ਤੇ ਤਰਜੀਹ ਨਾਲ ਕੰਮ ਕੀਤਾ ਜਾਵੇ ਤਾਂ ਭਾਰਤ ਕੋਲ ਤਾਕਤ ਦੇ ਏਨੇ ਸੋਮੇ ਹਨ ਕਿ ਉਹ ਮਹਾਂਮਾਰੀ ਵਿਚੋਂ ਵੀ ਨਿਕਲ ਸਕਦਾ ਹੈ ਤੇ ਭਵਿੱਖ ਲਈ ਠੋਸ ਬੁਨਿਆਦ ਵੀ ਤਿਆਰ ਕਰ ਸਕਦਾ ਹੈ। ਸਾਰੇ ਕੰਮ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਕੰਟਰੋਲ ਹੋਣ ਨਾਲ ਜ਼ਿਆਦਾ ਫਾਇਦਾ ਨਹੀਂ ਹੋਵੇਗਾ, ਕਿਉਂਕਿ ਉਥੇ ਲੋਕਾਂ 'ਤੇ ਪਹਿਲਾਂ ਹੀ ਕੰਮ ਦਾ ਬੋਝ ਜ਼ਿਆਦਾ ਹੈ। ਉਨ੍ਹਾ ਲਿਖਿਆ ਹੈ, 'ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਸਰਕਾਰ ਨੂੰ ਉਨ੍ਹਾਂ ਲੋਕਾਂ ਨੂੰ ਸੱਦਣਾ ਚਾਹੀਦਾ ਹੈ, ਜਿਨ੍ਹਾਂ ਕੋਲ ਤਜਰਬਾ ਤੇ ਸਮਰੱਥਾ ਹੈ। ਭਾਰਤ ਵਿਚ ਅਜਿਹੇ ਕਈ ਲੋਕ ਹਨ, ਜਿਹੜੇ ਸਰਕਾਰ ਨੂੰ ਇਸ ਸੰਕਟ ਵਿਚੋਂ ਨਿਕਲਣ ਵਿਚ ਮਦਦ ਕਰ ਸਕਦੇ ਹਨ। ਸਰਕਾਰ ਸਿਆਸੀ ਵੰਡ ਦੀ ਲਾਈਨ ਨੂੰ ਲੰਘ ਕੇ ਆਪੋਜ਼ੀਸ਼ਨ ਤੋਂ ਵੀ ਮਦਦ ਲੈ ਸਕਦੀ ਹੈ, ਜਿਸ ਕੋਲ ਪਿਛਲੇ ਵਿੱਤੀ ਸੰਕਟ ਵਿਚੋਂ ਦੇਸ਼ ਨੂੰ ਕੱਢਣ ਦਾ ਤਜਰਬਾ ਹੈ।' ਰਾਜਨ ਮੁਤਾਬਕ ਲੰਮੇ ਸਮੇਂ ਤੱਕ ਲਾਕਡਾਊਨ ਨਹੀਂ ਰੱਖ ਸਕਦੇ। ਅਜਿਹੇ ਵਿਚ ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਕਿਵੇਂ ਕੋਰੋਨਾ ਦੇ ਫੈਲਾਅ ਨੂੰ ਸੀਮਤ ਰੱਖਦਿਆਂ ਆਰਥਕ ਸਰਗਰਮੀਆਂ ਮੁੜ ਸ਼ੁਰੂ ਕਰੀਏ। ਭਾਰਤ ਨੂੰ ਇਸ ਬਾਰੇ ਵੀ ਯੋਜਨਾ ਤਿਆਰ ਕਰਨ ਦੀ ਲੋੜ ਹੈ ਕਿ ਜੇ ਲਾਕਡਾਊਨ ਦੇ ਬਾਅਦ ਵੀ ਵਾਇਰਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਤਦ ਕੀ ਕੀਤਾ ਜਾਵੇਗਾ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper