Latest News
ਲੱਖਾਂ ਪ੍ਰਵਾਸੀ ਮਜ਼ਦੂਰਾਂ ਕੋਲ ਨਾ ਕੰਮ, ਨਾ ਦਾਣਾ

Published on 06 Apr, 2020 10:17 AM.


ਨਵੀਂ ਦਿੱਲੀ : 21 ਦਿਨਾਂ ਦੇ ਲਾਕਡਾਊਨ ਦੇ ਬਾਅਦ 3196 ਪ੍ਰਵਾਸੀ ਉਸਾਰੀ ਮਜ਼ਦੂਰਾਂ ਵਿਚਾਲੇ ਕੀਤੇ ਗਏ ਸਰਵੇਖਣ ਤੋਂ ਬਹੁਤ ਹੀ ਚਿੰਤਾਜਨਕ ਤਸਵੀਰ ਉਭਰੀ ਹੈ। ਲਾਕਡਾਊਨ ਨਾਲ 92.5 ਫੀਸਦੀ ਮਜ਼ਦੂਰ ਕੰਮ ਗੁਆ ਚੁੱਕੇ ਹਨ। ਜਨ ਸਾਹਸ ਨਾਂਅ ਦੀ ਗੈਰ-ਸਰਕਾਰੀ ਜਥੇਬੰਦੀ ਨੇ ਉੱਤਰ ਤੇ ਕੇਂਦਰੀ ਭਾਰਤ ਵਿਚ ਟੈਲੀਫੋਨ ਰਾਹੀਂ ਕੀਤੇ ਸਰਵੇਖਣ ਵਿਚ ਕੁਝ ਅਹਿਮ ਸਿੱਟੇ ਕੱਢੇ ਹਨ। ਇਨ੍ਹਾਂ ਵਿਚ ਇਕ ਇਹ ਹੈ ਕਿ 42 ਫੀਸਦੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਦਿਨ ਦਾ ਰਾਸ਼ਨ ਵੀ ਨਹੀਂ ਬਚਿਆ। ਲਾਕਡਾਊਨ ਪਤਾ ਨਹੀਂ ਕਦੋਂ ਤੱਕ ਚੱਲਣਾ ਹੈ। 66 ਫੀਸਦੀ ਮਜ਼ਦੂਰਾਂ ਨੇ ਕਿਹਾ ਕਿ ਜੇ ਲਾਕਡਾਊਨ 21 ਦਿਨ ਤੋਂ ਅੱਗੇ ਚੱਲਿਆ ਤਾਂ ਉਹ ਘਰ ਦਾ ਖਰਚ ਇਕ ਹਫਤਾ ਵੀ ਨਹੀਂ ਚਲਾ ਸਕਣਗੇ। ਇਕ-ਤਿਹਾਈ ਨੇ ਕਿਹਾ ਕਿ ਉਹ ਅਜੇ ਵੀ ਜਿੱਥੇ ਸਨ, ਉਥੇ ਫਸੇ ਹੋਏ ਹਨ। ਉਨ੍ਹਾਂ ਦੀ ਖੁਰਾਕ, ਪਾਣੀ ਤੇ ਧਨ ਤੱਕ ਕੋਈ ਪਹੁੰਚ ਨਹੀਂ। ਪਿੰਡ ਪਹੁੰਚੇ ਅੱਧੇ ਮਜ਼ਦੂਰਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ। ਰਾਸ਼ਨ ਵੀ ਨਹੀਂ ਮਿਲ ਰਿਹਾ। 31 ਫੀਸਦੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਕਰਜ਼ੇ ਚੁੱਕੇ ਹੋਏ ਹਨ ਤੇ ਕੰਮ ਨਾ ਮਿਲਣ 'ਤੇ ਮੋੜ ਨਹੀਂ ਸਕਣਗੇ। ਬਹੁਤਿਆਂ ਨੇ ਸ਼ਾਹੂਕਾਰਾਂ ਤੋਂ ਕਰਜ਼ ਲਿਆ ਹੈ। 79ਫੀਸਦੀ ਨੇ ਕਿਹਾ ਕਿ ਉਹ ਨੇੜ ਭਵਿਖ ਵਿਚ ਕਰਜ਼ ਮੋੜ ਨਹੀਂ ਸਕਣਗੇ। 50 ਫੀਸਦੀ ਨੇ ਕਿਹਾ ਕਿ ਕਰਜ਼ ਨਾ ਮੋੜਨ 'ਤੇ ਉਨ੍ਹਾਂ 'ਤੇ ਹਿੰਸਾ ਹੋ ਸਕਦੀ ਹੈ।
24 ਮਾਰਚ ਨੂੰ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਲੇਬਰ ਵੈੱਲਫੇਅਰ ਬੋਰਡਾਂ ਵੱਲੋਂ ਉਸਾਰੀ ਵਰਕਰਾਂ ਲਈ ਇਕੱਠੇ ਕੀਤੇ ਫੰਡ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਨ, ਪਰ 94 ਫੀਸਦੀ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਪਛਾਣ ਕਾਰਡ ਹੀ ਨਹੀਂ ਹਨ, ਇਸ ਕਰਕੇ ਉਨ੍ਹਾਂ ਨੂੰ ਇਹ ਪੈਸੇ ਨਹੀਂ ਮਿਲਣੇ। ਸਰਵੇਖਣ ਮੁਤਾਬਕ ਪ੍ਰਵਾਸੀ ਮਜ਼ਦੂਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ ਰਾਸ਼ਨ ਮਿਲੇ। ਲੱਗਭੱਗ 83 ਫੀਸਦੀ ਇਸ ਗੱਲੋਂ ਚਿੰਤਤ ਹਨ ਕਿ ਲਾਕਡਾਊਨ ਖਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਕੰਮ ਨਹੀਂ ਮਿਲਣਾ, ਜਦਕਿ 80 ਫੀਸਦੀ ਚਿੰਤਤ ਹਨ ਕਿ 21 ਦਿਨ ਦੇ ਲਾਕਡਾਊਨ ਦਾ ਉਨ੍ਹਾਂ ਦੇ ਪਰਵਾਰਾਂ 'ਤੇ ਇਹ ਅਸਰ ਹੋਣਾ ਹੈ ਕਿ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਬਚਣਾ। ਸਰਵੇਖਣ ਵਿਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਚਾਰ ਜੀਆਂ ਦੇ ਪਰਵਾਰ ਦੀ ਰੋਟੀ ਲਈ 55 ਫੀਸਦੀ ਵਰਕਰ 200 ਤੋਂ 400 ਰੁਪਏ ਦਿਹਾੜੀ ਕਮਾਉਂਦੇ ਸਨ, ਜਦਕਿ 39 ਫੀਸਦੀ 400 ਤੋਂ 600 ਰੁਪਏ ਕਮਾਉਂਦੇ ਸਨ। ਇਸ ਤੋਂ ਸਾਫ ਹੈ ਕਿ ਇਨ੍ਹਾਂ ਨੂੰ ਘੱਟੋ-ਘੱਟ ਉਜਰਤ ਵੀ ਨਹੀਂ ਮਿਲਦੀ ਸੀ। ਦਿੱਲੀ ਵਿਚ ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਦਿਹਾੜੀ 692 ਰੁਪਏ, ਨੀਮ ਹੁਨਰਮੰਦ ਦੀ 629 ਰੁਪਏ ਤੇ ਗੈਰ-ਹੁਨਰਮੰਦ ਦੀ 571 ਰੁਪਏ ਹੈ।
ਉਸਾਰੀ ਸੈਕਟਰ ਦਾ ਜੀ ਡੀ ਪੀ ਵਿਚ ਹਿੱਸਾ ਕਰੀਬ 9 ਫੀਸਦੀ ਹੈ ਅਤੇ ਇਸ ਵਿਚ ਸਾਢੇ ਪੰਜ ਕਰੋੜ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਹਰ ਸਾਲ ਪਿੰਡਾਂ ਵਿਚੋਂ ਅੰਦਾਜ਼ਨ 90 ਲੱਖ ਵਰਕਰ ਉਸਾਰੀ ਸਾਈਟਾਂ ਤੇ ਫੈਕਟਰੀਆਂ ਵਿਚ ਕੰਮ ਦੀ ਭਾਲ ਵਿਚ ਆਉਂਦੇ ਹਨ। 2011 ਦੀ ਮਰਦਮਸ਼ੁਮਾਰੀ ਮੁਤਾਬਕ 45 ਕਰੋੜ ਪ੍ਰਵਾਸੀ ਮਜ਼ਦੂਰ ਸ਼ਹਿਰਾਂ ਵੱਲ ਆਏ, ਜਦਕਿ 2001 ਦੀ ਮਰਦਮਸ਼ੁਮਾਰੀ ਵਿਚ ਇਹ ਗਿਣਤੀ 30 ਕਰੋੜ 90 ਲੱਖ ਸੀ।

475 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper