Latest News
ਕੋਰੋਨਾ ਦੀ ਬੀਬੀਆਂ 'ਤੇ ਦੂਹਰੀ ਮਾਰ

Published on 07 Apr, 2020 09:48 AM.


ਲਾਕਡਾਊਨ ਦੌਰਾਨ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਬੀਬੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤੇਰੇਸ ਨੇ ਸਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਾਈ ਲਈ ਕੀਤੇ ਜਾ ਰਹੇ ਯਤਨਾਂ ਵਿਚ ਬੀਬੀਆਂ ਦੀ ਰਾਖੀ ਨੂੰ ਵੀ ਖਾਸ ਤੌਰ 'ਤੇ ਸ਼ਾਮਲ ਕਰਨ। ਬ੍ਰਿਸਟਲ ਯੂਨੀਵਰਸਿਟੀ ਦੀ ਸਮਾਜ ਵਿਗਿਆਨੀ ਮੈਰੀਏਨ ਹੈਸਟਰ ਦਾ ਕਹਿਣਾ ਹੈ ਕਿ ਜਦੋਂ ਪਰਵਾਰ ਵਧੇਰੇ ਸਮਾਂ ਇਕੱਠੇ ਗੁਜ਼ਾਰਦੇ ਹਨ ਤਾਂ ਘਰੇਲੂ ਹਿੰਸਾ ਵਧ ਜਾਂਦੀ ਹੈ, ਜਿਵੇਂ ਕਿ ਕ੍ਰਿਸਮਸ ਤੇ ਗਰਮੀਆਂ ਦੀਆਂ ਛੁੱਟੀਆਂ ਵਿਚ ਵੇਖਣ ਨੂੰ ਮਿਲਦਾ ਹੈ।
ਘਰੇਲੂ ਹਿੰਸਾ ਦਾ ਇਕ ਨਮੂਨਾ ਮਾਰਚ ਦੇ ਸ਼ੁਰੂ ਵਿਚ ਸਾਹਮਣੇ ਆਇਆ ਸੀ, ਜਦੋਂ ਪੂਰਬੀ ਚੀਨ ਦੇ ਅਨਹੂਈ ਪ੍ਰਾਂਤ ਦੀ 26 ਸਾਲ ਦੀ ਲੇਲੇ ਨੇ ਦੁਨੀਆ ਨੂੰ ਆਪਣੀ ਆਪ-ਬੀਤੀ ਸੁਣਾਈ। ਇਕ ਮਾਰਚ ਦੀ ਗੱਲ ਹੈ, ਲੇਲੇ 11 ਸਾਲ ਦੀ ਧੀ ਨੂੰ ਚੁੱਕੀ ਹੋਈ ਸੀ ਕਿ ਉਸ ਦੇ ਪਤੀ ਨੇ ਉਸ 'ਤੇ ਕੁਰਸੀ ਨਾਲ ਹਮਲਾ ਕਰ ਦਿੱਤਾ। ਉਸ ਨੂੰ ਪਤਾ ਨਹੀਂ ਕਿ ਕਿੰਨੇ ਵਾਰ ਕੀਤੇ। ਆਖਰ ਉਸ ਦੀ ਇਕ ਲੱਤ ਸੁੰਨ ਹੋ ਗਈ ਤੇ ਉਹ ਥੱਲੇ ਡਿੱਗ ਪਈ। ਤਾਂ ਵੀ, ਬੱਚੀ ਨੂੰ ਬਾਹਾਂ ਵਿਚ ਫੜੀ ਰੱਖਿਆ। ਘਟਨਾ ਤੋਂ ਬਾਅਦ ਉਸ ਵੱਲੋਂ ਖਿੱਚੀ ਗਈ ਤਸਵੀਰ ਵਿਚ ਕੁਰਸੀ ਟੁਕੜੇ-ਟੁਕੜੇ ਹੋਈ ਖਿਲਰੀ ਪਈ ਸੀ, ਉਸ ਦੀਆਂ ਮੈਟਲ ਦੀਆਂ ਦੋ ਲੱਤਾਂ ਅੱਡ ਹੋਈਆਂ ਪਈਆਂ ਸਨ, ਜੋ ਗਵਾਹੀ ਭਰਦੀਆਂ ਸਨ ਕਿ ਪਤੀ ਨੇ ਕਿੰਨਾ ਤਸ਼ੱਦਦ ਕੀਤਾ। ਇਕ ਹੋਰ ਤਸਵੀਰ ਵਿਚ ਲੇਲੇ ਦੀਆਂ ਲੱਤਾਂ ਦੇ ਹੇਠਲੇ ਹਿੱਸਿਆਂ 'ਤੇ ਲਾਸਾਂ ਪਈਆਂ ਹੋਈਆਂ ਸਨ। ਲੇਲੇ ਮੁਤਾਬਕ ਉਂਜ ਪਤੀ ਛੇ ਸਾਲਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਪਹਿਲਾਂ ਵੀ ਕੁੱਟਮਾਰ ਕਰ ਲੈਂਦਾ ਸੀ, ਪਰ ਲਾਕਡਾਊਨ ਦੌਰਾਨ ਤਾਂ ਉਸ ਨੇ ਇੰਤਹਾ ਹੀ ਕਰ ਦਿੱਤੀ। ਪਹਿਲਾਂ ਘਰੋਂ ਬਾਹਰ ਨਿਕਲ ਜਾਂਦੇ ਸਾਂ ਤਾਂ ਵਕਤ ਨਿਕਲ ਜਾਂਦਾ ਸੀ, ਪਰ ਘਰਬੰਦੀ ਨੇ ਬਹੁਤ ਬੁਰਾ ਹਾਲ ਕਰ ਦਿੱਤਾ। ਲੇਲੇ ਨੇ ਪੁਲਸ ਸੱਦੀ ਪਰ ਉਸ ਨੇ ਵੀ ਬਿਆਨ ਹੀ ਲਿਖੇ ਤੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਵਕੀਲ ਰਾਹੀਂ ਤਲਾਕ ਫਾਈਲ ਕੀਤਾ, ਪਰ ਮਹਾਂਮਾਰੀ ਕਾਰਨ ਸੁਣਵਾਈ ਨਹੀਂ ਹੋ ਰਹੀ। ਕੋਰਟ ਦੇ ਫੈਸਲੇ ਤੱਕ ਵਰਤਮਾਨ ਜ਼ਾਲਮ ਪਤੀ ਨਾਲ ਹੀ ਦਿਨ ਕੱਟਣੇ ਪੈਣਗੇ। ਪੂਰੀ ਦੁਨੀਆ ਦੀ ਇਹੀ ਕਹਾਣੀ ਹੈ। ਸਪੇਨ ਦੀ ਐਨਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਲਗਾਤਾਰ ਤੰਗ ਕਰ ਰਿਹਾ ਹੈ। ਉਹ ਹਰ ਵੇਲੇ ਉਸ 'ਤੇ ਨਜ਼ਰ ਰੱਖਦਾ ਹੈ। ਜੇ ਉਹ ਕਮਰੇ ਵਿਚ ਵੜ ਕੇ ਕੁੰਡਾ ਲਾ ਲੈਂਦੀ ਹੈ ਤਾਂ ਦਰਵਾਜ਼ੇ ਨੂੰ ਠੁੱਡਾਂ ਮਾਰਦਾ ਰਹਿੰਦਾ ਹੈ, ਜਦ ਤੱਕ ਕਿ ਉਹ ਖੋਲ੍ਹ ਨਹੀਂ ਦਿੰਦੀ। ਉਹ ਬਾਥਰੂਮ ਵਿਚ ਵੀ ਪ੍ਰਾਈਵੇਸੀ ਨਹੀਂ ਰੱਖ ਸਕਦੀ। ਲਾਕਡਾਊਨ ਤੱਕ ਇਹ ਸਹਿਣਾ ਹੀ ਪੈਣਾ ਹੈ। ਲੱਗਭੱਗ ਸਾਰੇ ਦੇਸ਼ਾਂ ਵਿਚ ਹੀ ਅਜਿਹੀ ਸਥਿਤੀ ਹੈ, ਸਣੇ ਭਾਰਤ ਦੇ। ਪੰਜਾਬ ਵਿਚੋਂ ਰੋਜ਼ਾਨਾ ਕਈ ਨੂੰਹਾਂ ਹੈੱਲਪ ਲਾਈਨ ਨੰਬਰਾਂ 'ਤੇ ਫੋਨ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਪਤੀ, ਸੱਸਾਂ-ਸਹੁਰੇ ਤੇ ਨਨਾਣਾਂ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕਰ ਰਹੀਆਂ ਹਨ।
ਹਾਰਵਰਡ ਯੂਨੀਵਰਸਿਟੀ ਮੈਡੀਕਲ ਸਕੂਲ ਵਿਚ ਉੱਘੀ ਟਰੌਮਾ ਮਾਹਰ ਜੂਡਿਥ ਲੁਈਸ ਹਰਮਨ ਨੇ ਨਤੀਜਾ ਕੱਢਿਆ ਹੈ ਕਿ ਆਪਣੇ ਘਰਾਂ ਵਿਚ ਪਤਨੀਆਂ ਤੇ ਬੱਚਿਆਂ 'ਤੇ ਤਸ਼ੱਦਦ ਕਰਨ ਵਾਲੇ ਉਸੇ ਤਰ੍ਹਾਂ ਦਾ ਸਲੂਕ ਕਰ ਰਹੇ ਹਨ, ਜਿਹੋ ਜਿਹਾ ਅਗਵਾਕਾਰ ਅਗਵਾਸ਼ੁਦਾ ਲੋਕਾਂ ਨੂੰ ਕੰਟੋਰਲ ਕਰਨ ਤੇ ਜਾਬਰ ਹਕੂਮਤਾਂ ਸਿਆਸੀ ਕੈਦੀਆਂ ਦੀ ਦ੍ਰਿੜ੍ਹਤਾ ਨੂੰ ਤੋੜਨ ਲਈ ਕਰਦੀਆਂ ਹਨ। ਲਾਕਡਾਊਨ ਕਾਰਨ ਨਿਖੇੜੇ ਨੇ ਮਹਿਲਾਵਾਂ ਨੂੰ ਕਿਸੇ ਦੀ ਮਦਦ ਲੈਣ ਤੋਂ ਵੀ ਵਿਰਵੇ ਕਰ ਰੱਿਖਆ ਹੈ। ਲਾਕਡਾਊਨ ਨੇ ਓੜਕ ਚੁੱਕਿਆ ਜਾਣਾ ਹੈ, ਪਰ ਘਰਬੰਦੀ ਜਿੰਨਾ ਲੰਮੀ ਚੱਲੇਗੀ, ਬੀਬੀਆਂ ਤੇ ਬੱਚਿਆਂ 'ਤੇ ਤਸ਼ੱਦਦ ਵਧਦਾ ਜਾਣਾ ਹੈ। ਅਧਿਅਨ ਦੱਸਦੇ ਹਨ ਕਿ ਬੰਦੇ ਨੌਕਰੀ ਜਾਣ ਜਾਂ ਮਾਲੀ ਧੱਕਿਆਂ ਕਾਰਨ ਪਤਨੀਆਂ ਤੇ ਬੱਚਿਆਂ ਨੂੰ ਮਾਰਨ ਤੱਕ ਜਾ ਸਕਦੇ ਹਨ। ਕੋਰੋਨਾ ਮਹਾਂਮਾਰੀ ਨੇ ਆਰਥਕਤਾ ਨੂੰ ਬੁਰੀ ਤਰ੍ਹਾਂ ਤਬਾਹ ਕਰਨਾ ਹੈ, ਜਿਸ ਦਾ ਸਭ ਤੋਂ ਮਾੜਾ ਅਸਰ ਮਹਿਲਾਵਾਂ ਤੇ ਬੱਚਿਆਂ 'ਤੇ ਹੋਣਾ ਹੈ। ਐਨਤੋਨੀਓ ਗੁਤੇਰੇਸ ਨੇ ਸਹੀ ਚਿਤਾਇਆ ਹੈ ਕਿ ਕੋਰੋਨਾ ਖਿਲਾਫ ਲੜਾਈ ਦੌਰਾਨ ਇਨ੍ਹਾਂ ਦੇ ਦੁਖੜੇ ਵੱਲ ਖਾਸ ਧਿਆਨ ਦਿੱਤਾ ਜਾਵੇ।

657 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper