Latest News
ਸੰਸਦ ਮੈਂਬਰਾਂ ਦੀ ਤਨਖਾਹ 'ਚ ਕਟੌਤੀ ਦਾ ਫੈਸਲਾ ਸ਼ਲਾਘਾਯੋਗ : ਅਰਸ਼ੀ

Published on 07 Apr, 2020 10:36 AM.


ਬਠਿੰਡਾ : ਸੀ ਪੀ ਆਈ ਪੰਜਾਬ ਇਕਾਈ ਦੇ ਸਾਬਕਾ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਇਕ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦੇ ਫੈਸਲੇ ਦਾ ਪੁਰਜ਼ੋਰ ਸੁਆਗਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਮੌਜੂਦਾ ਵਿਧਾਇਕਾਂ ਦੀਆਂ ਤਨਖਾਹਾਂ ਤੇ ਸਾਬਕਾ ਵਿਧਇਕਾਂ ਦੀਆਂ ਪੈਨਸ਼ਨਾਂ ਵਿੱਚ ਕਟੌਤੀ ਕਰਨ ਲਈ ਤੁਰੰਤ ਆਰਡੀਨੈਂਸ ਜਾਰੀ ਕੀਤਾ ਜਾਵੇ। ਉਹਨਾ ਕਿਹਾ ਕਿ ਸੰਕਟ ਦੇ ਸਮੇਂ ਚੁਣੇ ਪ੍ਰਤੀਨੀਧਾਂ ਨੂੰ ਹੀ ਰਾਹ-ਦਸੇਰਾ ਬਣਨ ਦੀ ਭੂਮੀਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਕਟੌਤੀ ਕੀਤੀ ਗਈ ਰਾਸ਼ੀ ਨੂੰ ਸਿਹਤ ਸੇਵਾਵਾਂ ਦੇ ਵਿਸਥਾਰ ਤੇ ਸੁਧਾਰ ਵਾਸਤੇ ਰਾਖਵਾਂ ਕਰਨਾ ਚਾਹੀਦਾ ਹੈ। ਕਮਿਊਨਿਸਟ ਆਗੂ ਨੇ ਐੱਮ ਪੀ ਲੈਡ ਫੰਡਾਂ ਨੂੰ ਦੋ ਸਾਲਾਂ ਲਈ ਮੁਅੱਤਲ ਕਰਨ ਦੇ ਫੈਸਲੇ 'ਤੇ ਅਸਹਿਮਤੀ ਪ੍ਰਗਟ ਕਰਦੇ ਹੋਏ ਇਸ 'ਤੇ ਪੁਨਰ-ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿਛਲਾ ਤਜਰਬਾ ਪੁਸ਼ਟੀ ਕਰਦਾ ਹੈ ਕਿ ਇਕ ਵਾਰ ਆਰਜ਼ੀ ਤੌਰ 'ਤੇ ਬੰਦ ਕੀਤੀ ਸਕੀਮ ਪੱਕੇ ਤੌਰ 'ਤੇ ਬੰਦ ਹੋ ਜਾਂਦੀ ਹੈ। ਉਕਤ ਫੰਡਾਂ ਨੂੰ ਖਰਚ ਕਰਨ ਦੇ ਨਿਯਮਾਂ ਵਿੱਚ ਸੋਧ ਕਰਕੇ ਇਸ ਨੂੰ ਕੋਰੋਨਾ ਸੰਕਟ ਤੱਕ ਕੇਵਲ ਹੱੈਲਥ ਸੇਵਾਵਾਂ ਲਈ ਰਾਖਵਾਂ ਕਰ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਜਦੋਂ ਪਹਿਲਾਂ ਹੀ ਪੀ ਐੱਮ ਰਾਹਤ ਫੰਡ ਮੌਜੂਦ ਹੈ ਤਾਂ ਨਵਾਂ ਪੀ ਐੱਮ ਕੇਅਰਜ਼ ਫੰਡ ਸਥਾਪਤ ਕਰਨਾ ਗੈਰ-ਜ਼ਰੂਰੀ ਤੇ ਸ਼ੱਕੀ ਹੈ। ਕੇਂਦਰ ਸਰਕਾਰ ਨੂੰ ਇਸ ਸੰਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਨਵੇਂ ਸਥਾਪਤ ਹੋਏ ਫੰਡ ਦੀ ਜਾਂਚ-ਪੜਤਾਲ ਕਰਨ ਹਿੱਤ ਸੀ ਏ ਜੀ ਨੂੰ ਅਧਿਕਾਰ ਦੇਣੇ ਚਾਹੀਦੇ ਹਨ, ਤਾਂ ਜੋ ਪਾਰਦਰਸ਼ਤਾ ਕਾਇਮ ਹੋਵੇ ਤੇ ਲੋਕਾਂ ਵਿੱਚ ਭਰੋਸਾ ਪੈਦਾ ਹੋਵੇ। ਕਮਿਊਨਿਸਟ ਆਗੂ ਨੇ ਇਹ ਵੀ ਮੰਗ ਕੀਤੀ ਕਿ ਪੀ ਐੱਮ ਕੇਅਰਜ਼ ਫੰਡ ਵਿੱਚੋਂ ਕੋਰੋਨਾ ਦੀ ਮਹਾਂਮਾਰੀ ਦੀ ਰੋਕਥਾਮ ਹਿੱਤ ਖਰਚ ਕੀਤੀ ਰਾਸ਼ੀ ਦੀ ਜਾਣਕਾਰੀ ਹਰ ਮਹੀਨੇ ਜਨਤਕ ਕਰਨ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀ ਅਰਸ਼ੀ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜਾਨ 'ਤੇ ਖੇਡ ਕੇ ਸੇਵਾ ਨਿਭਾ ਰਹੇ ਮੈਡੀਕਲ, ਸਫਾਈ, ਸੁਰੱਖਿਆ ਤੇ ਸਿਵਲ ਆਦਿ ਦੀਆਂ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਸਲਾਮ ਪੇਸ਼ ਕਰਦੇ ਹੋਏ ਮੰਗ ਕੀਤੀ ਕਿ ਮੁਨਾਫਾਖੋਰ ਵੱਡੇ ਹਸਪਤਾਲਾਂ ਜੋ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰੀ ਹਨ, ਨੂੰ ਤੁਰੰਤ ਸਰਕਾਰੀ ਅਧਿਕਾਰ ਹੇਠ ਲਿਆ ਜਾਵੇ।

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper