Latest News
ਵੀਅਤਨਾਮ ਨੇ ਕੋਰੋਨਾ ਨੂੰ ਵੀ ਭਜਾਇਆ

Published on 28 Apr, 2020 10:11 AM.


ਅੱਜ ਜਦੋਂ ਅਸੀਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਗਈ ਤਾਲਾਬੰਦੀ ਨੂੰ ਖੋਲ੍ਹੇ ਜਾਣ ਲਈ ਦੋਚਿੱਤੀ ਵਿੱਚ ਫਸੇ ਹੋਏ ਹਾਂ ਤਾਂ ਸਾਨੂੰ ਇਹ ਜਾਨਣ ਦਾ ਹੱਕ ਹੈ ਕਿ ਇਸ ਲੜਾਈ ਵਿੱਚ ਸਾਡੇ ਹਾਕਮਾਂ ਦੀ ਭੂਮਿਕਾ ਕੀ ਰਹੀ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਲੋਕਾਂ ਦੇ ਬਹਾਨੇ ਆਪਣੀ ਪਿੱਠ ਥਪ-ਥਪਾ ਰਹੇ ਹਨ। ਉਨ੍ਹਾ ਦਾ ਢੰਗ-ਤਰੀਕਾ ਹੈ ਕਿ ਉਹ ਹਮੇਸ਼ਾ ਆਪਣੀ ਗੱਲ ਸੁਣਾਉਂਦੇ ਹਨ, ਦੂਜੀਆਂ ਦੀ ਸੁਣਨਾ ਉਨ੍ਹਾ ਦੇ ਸੁਭਾਅ ਵਿੱਚ ਹੀ ਸ਼ਾਮਲ ਨਹੀਂ। ਉਨ੍ਹਾ ਵੱਲੋਂ ਕਹੇ ਹਰ ਸ਼ਬਦ ਨੂੰ ਸੱਚ ਦੀ ਪੁੱਠ ਚਾੜ੍ਹ ਦੇਣ ਲਈ ਉਨ੍ਹਾ ਪਾਸ ਗੋਦੀ ਮੀਡੀਆ ਤੇ ਸੋਸ਼ਲ ਮੀਡੀਆ ਯੋਧਿਆਂ ਦੀ ਤਕੜੀ ਫੌਜ ਹੈ।
ਸਾਡੇ ਹਾਕਮਾਂ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀ ਕੀਤਾ ਤੇ ਕੀ ਨਹੀਂ ਕੀਤਾ, ਦਾ ਸੱਚ ਜਾਨਣ ਲਈ ਅਸੀਂ ਇੱਕ ਅਜਿਹੇ ਦੇਸ਼ ਦੀ ਗੱਲ ਕਰਾਂਗੇ, ਜਿਸ ਵਿੱਚ ਕੋਰੋਨਾ ਦੇ ਦੋ ਪਹਿਲੇ ਮਰੀਜ਼ ਉਦੋਂ ਸਾਹਮਣੇ ਆਏ ਸਨ, ਜਦੋਂ ਸਾਡੇ ਦੇਸ਼ ਦੇ ਕੇਰਲਾ ਸੂਬੇ ਵਿੱਚ ਵੀ ਇੱਕ ਮਰੀਜ਼ ਵਿੱਚ ਕੋਰੋਨਾ ਵਾਇਰਸ ਦਾ ਪਤਾ ਲੱਗਾ ਸੀ। ਇਸ ਦੇਸ਼ ਦਾ ਨਾਂਅ ਹੈ ਵੀਅਤਨਾਮ। ਅੱਜ ਜਦੋਂ ਸਾਡੇ ਦੇਸ਼ ਵਿੱਚ ਕੋਰੋਨਾ ਰਾਹੀਂ ਮੌਤਾਂ ਦੀ ਗਿਣਤੀ 900 ਤੋਂ ਉੱਪਰ ਤੱਕ ਪੁੱਜ ਚੁੱਕੀ ਹੈ, ਵੀਅਤਨਾਮ ਵਿੱਚ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ।
ਵੀਅਤਨਾਮ ਦੀ ਅਬਾਦੀ 9 ਕਰੋੜ 70 ਲੱਖ ਹੈ। ਇਹ ਬਹੁਤ ਗਰੀਬ ਦੇਸ਼ ਹੈ। ਇਸ ਦੀ ਸਰਹੱਦ ਚੀਨ ਨਾਲ ਲੱਗਦੀ ਹੈ। ਕੋਰੋਨਾ ਦੀ ਆਮਦ ਮੌਕੇ ਨਾ ਇਸ ਦੇਸ਼ ਕੋਲ ਟੈਸਟਿੰਗ ਕਿੱਟਾਂ ਸਨ ਤੇ ਨਾ ਲੋੜ ਅਨੁਸਾਰ ਵੈਂਟੀਲੇਟਰ, ਪਰ ਉਸ ਕੋਲ ਸਭ ਤੋਂ ਕੀਮਤੀ ਚੀਜ਼ ਸੀ ਲੋਕ ਹਿੱਤਾਂ ਨੂੰ ਪ੍ਰਣਾਈ ਕਮਿਊਨਿਸਟ ਪਾਰਟੀ ਦੀ ਹਕੂਮਤ। ਅੱਜ ਜਦੋਂ ਚੀਨ ਤੋਂ ਬਹੁਤ ਦੂਰ ਵਸਣ ਵਾਲੇ ਵੀਅਤਨਾਮ ਤੋਂ ਵੀ ਘੱਟ ਅਬਾਦੀ ਵਾਲੇ ਯੂਰਪੀਨ ਦੇਸ਼ਾਂ ਵਿੱਚ ਹਜ਼ਾਰਾਂ ਲੋਕ ਇਸ ਮਹਾਂਮਾਰੀ ਨਾਲ ਮਰ ਰਹੇ ਹਨ ਤਾਂ ਵੀਅਤਨਾਮ ਵਿੱਚ ਕੋਰੋਨਾ ਪੀੜਤ 270 ਵਿਅਕਤੀਆਂ ਵਿੱਚੋਂ 220 ਠੀਕ ਹੋ ਚੁੱਕੇ ਹਨ ਤੇ 50 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ, ਪਰ ਮੌਤ ਇੱਕ ਦੀ ਵੀ ਨਹੀਂ ਹੋਈ।
ਵੀਅਤਨਾਮ ਵਿੱਚ 23 ਜਨਵਰੀ ਨੂੰ ਦੋ ਮਰੀਜ਼ ਸਾਹਮਣੇ ਆਏ ਸਨ। ਵੀਅਤਨਾਮ ਸਰਕਾਰ ਉਸੇ ਸਮੇਂ ਹਰਕਤ ਵਿੱਚ ਆ ਗਈ। ਚੀਨ ਨਾਲ ਲੱਗਦੀ ਸਰਹੱਦੀ ਸੀਲ ਕਰ ਦਿੱਤੀ ਗਈ। ਸਾਰੇ ਪ੍ਰਮੁੱਖ ਹਵਾਈ ਅੱਡਿਆਂ ਉੱਤੇ ਹਰ ਨਾਗਰਿਕ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ। ਬਦੇਸ਼ਾਂ ਵਿੱਚੋਂ ਆਉਣ ਵਾਲੇ ਹਰ ਵਿਅਕਤੀ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਸਭ ਵੱਡੇ ਹੋਟਲ ਕਿਰਾਏ ਉੱਤੇ ਬੁੱਕ ਕਰ ਲਏ ਗਏ। ਕਮਿਊਨਿਸਟ ਪਾਰਟੀ ਦੇ ਕਾਰਕੁਨਾਂ ਨੇ ਘਰ-ਘਰ ਜਾ ਕੇ ਮਰੀਜ਼ਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਪੁਚਾਇਆ। ਸਰਕਾਰ ਨੇ ਗਲੀ-ਗਲੀ, ਘਰ-ਘਰ ਪੋਸਟਰ ਲਾ ਕੇ ਅਤੇ ਅਖ਼ਬਾਰਾਂ ਤੇ ਟੀ ਵੀ ਉੱਤੇ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਕਾਮਰੇਡ ਗਯੂਐਨ ਜੁਆਨ ਫੁੱਕ ਨੇ ਲੋਕਾਂ ਨੂੰ ਨਾ ਥਾਲੀਆਂ-ਤਾੜੀਆਂ ਵਜਾਉਣ ਲਈ ਕਿਹਾ, ਨਾ ਮੋਮਬੱਤੀਆਂ ਜਲਾਉਣ ਲਈ, ਸਗੋਂ ਉਨ੍ਹਾਂ ਲੋਕਾਂ ਨੂੰ ਅਮਰੀਕਾ -ਵੀਅਤਨਾਮ ਯੁੱਧ ਸਮੇਂ ਵਰਤੀ ਗਈ ਰਣਨੀਤੀ ਦੀ ਯਾਦ ਦਿਵਾਉਦਿਆਂ ਕੋਰੋਨਾ ਨੂੰ ਕੌਮੀ ਦੁਸ਼ਮਣ ਕਰਾਰ ਦੇ ਕੇ ਉਨ੍ਹਾਂ ਨੂੰ ਲੰਮੀ ਲੜਾਈ ਲੜਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ । ਯਾਦ ਰਹੇ ਕਿ ਅਮਰੀਕਾ ਵੱਲੋਂ ਵੀਅਤਨਾਮ ਵਿਰੁੱਧ ਛੇੜੇ ਗਏ ਲੰਮੇ ਯੁੱਧ ਤੋਂ ਬਾਅਦ ਆਖਰ ਉਸ ਨੂੰ ਪੂਛ ਦਬਾ ਕੇ ਭੱਜਣਾ ਪਿਆ ਸੀ। ਵੀਅਤਨਾਮ ਨੇ ਸਮੁੱਚੇ ਦੇਸ਼ ਵਿੱਚ ਇੱਕ ਦਿਨ ਵੀ ਤਾਲਾਬੰਦੀ ਨਾ ਕੀਤੀ। ਪ੍ਰਭਾਵਤ ਸ਼ਹਿਰਾਂ, ਪਿੰਡਾਂ ਤੇ ਮੁਹੱਲਿਆਂ ਨੂੰ ਸਿਰਫ਼ ਕੁਝ ਸਮੇਂ ਲਈ ਮੁਕੰਮਲ ਬੰਦ ਕੀਤਾ ਗਿਆ। ਏਨਾ ਹੀ ਨਹੀਂ ਵੀਅਤਨਾਮ ਨੇ ਆਪਣੇ ਹੀ ਦੇਸ਼ ਵਿੱਚ ਘੱਟ ਕੀਮਤ ਵਾਲੀ ਇੱਕ ਟੈਸਟਿੰਗ ਮਸ਼ੀਨ ਵੀ ਵਿਕਸਤ ਕਰ ਲਈ।
ਪਰ ਸਾਡੇ ਦੇਸ਼ ਦੇ ਹਾਕਮਾਂ ਨੇ ਕੀ ਕੀਤਾ। ਫਰਵਰੀ ਦਾ ਸਾਰਾ ਮਹੀਨਾ ਉਹ ਘੂੱਕ ਸੁੱਤੇ ਰਹੇ। ਫਰਵਰੀ ਦੇ ਅਖੀਰ ਵਿੱਚ 'ਨਮਸਤੇ ਟਰੰਪ' ਲਈ ਅਹਿਮਦਾਬਾਦ ਵਿੱਚ ਇੱਕ ਲੱਖ ਲੋਕਾਂ ਦਾ ਇਕੱਠ ਕਰਨ ਵਿੱਚ ਰੁੱਝੇ ਰਹੇ, ਜਿਸ ਦਾ ਖਮਿਆਜ਼ਾ ਅੱਜ ਅਹਿਮਦਾਬਾਦ ਦੇ ਲੋਕ ਭੁਗਤ ਰਹੇ ਹਨ। ਮਾਰਚ ਦਾ ਪਹਿਲਾ ਤਿਹਾਈ ਹਿੱਸਾ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਡੇਗ ਕੇ ਭਾਜਪਾ ਸਰਕਾਰ ਬਣਾਉਣ ਦੇ ਲੇਖੇ ਲੱਗ ਗਿਆ। ਆਖਰ 23 ਮਾਰਚ ਨੂੰ ਜਨਤਾ ਕਰਫ਼ਿਊ ਦੇ ਦਿਨ ਹੀ ਹਵਾਈ ਉਡਾਨਾਂ ਉੱਤੇ ਪਾਬੰਦੀ ਲਾਈ ਗਈ।
ਇਸ ਦੌਰਾਨ ਹੀ ਹੱਥ ਆ ਗਿਆ ਤਬਲੀਗੀ ਮਰਕਜ਼ ਵਾਲਾ ਮਨਚਾਹਿਆ ਮੁੱਦਾ। ਇਸ ਮਸਲੇ ਨੂੰ ਉਭਾਰ ਕੇ ਸਭ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਪੂਰੀ ਮੁਹਿੰਮ ਚਲਾਈ ਗਈ। ਕੋਰੋਨਾ ਨੂੰ ਭਜਾਉਣ ਲਈ ਅੰਧ-ਵਿਸ਼ਵਾਸ਼ੀ ਟੋਟਕੇ ਉਭਾਰੇ ਗਏ। ਦੂਜੇ ਪਾਸੇ ਕੋਰੋਨਾ ਵਿਰੁੱਧ ਲੜ ਰਹੇ ਡਾਕਟਰ, ਨਰਸਾਂ ਤੇ ਸਿਹਤ ਕਾਮੇ ਸੁਰੱਖਿਆ ਉਪਕਰਣਾਂ ਦੀ ਅਣਹੋਂਦ ਕਾਰਨ ਖੁਦ ਕੋਰੋਨਾ ਦਾ ਸ਼ਿਕਾਰ ਹੁੰਦੇ ਰਹੇ। ਅੱਜ ਮੋਦੀ ਸਾਹਿਬ ਮੁੱਖ ਮੰਤਰੀਆਂ ਨੂੰ ਪੁੱਛ ਰਹੇ ਹਨ ਕਿ ਤਾਲਾਬੰਦੀ ਖੋਲ੍ਹੀਏ ਜਾਂ ਨਾ, ਪਰ ਉਸ ਸਮੇਂ ਕਿਸੇ ਦੀ ਨਹੀਂ ਸੁਣੀ, ਜਦੋਂ ਸਭ ਵਿਰੋਧੀ ਧਿਰਾਂ ਰੋਲਾ ਪਾ ਰਹੀਆਂ ਸਨ ਕਿ ਕੋਰੋਨਾ ਦੀ ਸੁਨਾਮੀ ਚੜ੍ਹੀ ਆ ਰਹੀ ਹੈ, ਕੁਝ ਕਰੋ। ਇਸ ਲਈ ਭਾਰਤ ਵਿੱਚ ਫੈਲੀ ਇਸ ਮਹਾਂਮਾਰੀ ਦਾ ਜਦੋਂ ਵੀ ਹਿਸਾਬ ਹੋਵੇਗਾ, ਮੌਜੂਦਾ ਹਾਕਮ ਆਪਣੇ ਲੋਕਾਂ ਦੀ ਜਾਨ ਜੋਖ਼ਮ ਵਿੱਚ ਪਾਉਣ ਲਈ ਦੋਸ਼ੀ ਗਰਦਾਨੇ ਜਾਣਗੇ।
-ਚੰਦ ਫਤਿਹਪੁਰੀ

756 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper