Latest News
ਧਾਰਮਿਕ ਆਜ਼ਾਦੀਆਂ ਦਾ ਘਾਣ

Published on 29 Apr, 2020 08:31 AM.


ਦੁਨੀਆ ਵਿਚ ਧਾਰਮਿਕ ਆਜ਼ਾਦੀਆਂ ਦੀ ਨਿਗਰਾਨੀ ਕਰਨ ਵਾਲੇ ਅਮਰੀਕੀ ਕਮਿਸ਼ਨ ਨੇ ਆਪਣੇ ਵਿਦੇਸ਼ ਵਿਭਾਗ ਨੂੰ ਭਾਰਤ ਸਣੇ 14 ਦੇਸ਼ਾਂ ਨੂੰ 'ਖਾਸ ਚਿੰਤਾ ਵਾਲੇ ਦੇਸ਼ਾਂ' ਵਜੋਂ ਨਾਮਜ਼ਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿੱਥੇ ਧਾਰਮਿਕ ਘੱਟਗਿਣਤੀਆਂ 'ਤੇ ਹਮਲੇ ਵਧਦੇ ਜਾ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ਤੋਂ ਇਲਾਵਾ ਮਯਾਮਾਰ, ਚੀਨ, ਐਰੀਟ੍ਰਿਆ, ਈਰਾਨ, ਉੱਤਰ ਕੋਰੀਆ, ਪਾਕਿਸਤਾਨ, ਸਾਊਦੀ ਅਰਬ, ਤਾਜ਼ਿਕਸਤਾਨ, ਤੁਰਕਮੇਨਿਸਤਾਨ, ਨਾਈਜੀਰੀਆ, ਰੂਸ, ਸੀਰੀਆ ਤੇ ਵੀਅਤਨਾਮ ਨੂੰ ਸ਼ਾਮਲ ਕੀਤਾ ਗਿਆ ਹੈ। 'ਅਮਰੀਕੀ ਕੌਮਾਂਤਰੀ ਧਾਰਮਕ ਆਜ਼ਾਦੀ ਕਮਿਸ਼ਨ' ਨੇ 2020 ਦੀ ਸਾਲਾਨਾ ਰਿਪਰੋਟ ਵਿਚ ਦੋਸ਼ ਲਾਇਆ ਹੈ ਕਿ 2019 ਵਿਚ ਭਾਰਤ 'ਚ ਧਾਰਮਿਕ ਆਜ਼ਾਦੀ ਦੀ ਹਾਲਤ ਵਿਚ ਵੱਡੀ ਗਿਰਾਵਟ ਆਈ ਤੇ ਧਾਰਮਿਕ ਘੱਟਗਿਣਤੀਆਂ 'ਤੇ ਹਮਲੇ ਤੇਜ਼ ਹੋ ਗਏ। (ਇਹ ਉਹ ਸਮਾਂ ਹੈ ਜਦੋਂ ਨਰਿੰਦਰ ਮੋਦੀ ਦੂਜੀ ਵਾਰ ਸੱਤਾ ਵਿਚ ਆਏ)। 2004 ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਕਮਿਸ਼ਨ ਨੇ ਭਾਰਤ ਨੂੰ ਖਾਸ ਸੂਚੀ ਵਿਚ ਸ਼ਾਮਲ ਕੀਤਾ ਹੈ। ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਪੂਰੇ ਭਾਰਤ ਵਿਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਕੀਤੀ, ਖਾਸਕਰ ਕੌਮੀ ਪੱਧਰ 'ਤੇ ਨੀਤੀਆਂ ਬਣਾਉਂਦਿਆਂ ਆਪਣੇ ਸੰਸਦੀ ਬਹੁਮਤ ਦਾ ਇਸਤੇਮਾਲ ਕੀਤਾ।
ਰਿਪੋਰਟ ਵਿਚ ਨਾਗਰਿਕਤਾ ਸੋਧ ਕਾਨੂੰਨ-2019 ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ, ਜਿਹੜਾ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਸਤਾਈਆਂ ਗੈਰ-ਮੁਸਲਮ ਘੱਟਗਿਣਤੀਆਂ (ਹਿੰਦੂ, ਸਿੱਖ, ਜੈਨ, ਬੋਧੀ, ਈਸਾਈ, ਪਾਰਸੀ) ਨੂੰ ਤੇਜ਼ੀ ਨਾਲ ਨਾਗਰਿਕਤਾ ਪ੍ਰਦਾਨ ਕਰਦਾ ਹੈ। ਰਿਪੋਰਟ ਮੁਤਾਬਕ ਸਰਕਾਰੀ ਅਧਿਕਾਰੀਆਂ ਦੇ ਬਿਆਨਾਂ ਮੁਤਾਬਕ ਇਹ ਕਾਨੂੰਨ ਸੂਚੀਬੱਧ ਗੈਰ-ਮੁਸਲਮ ਧਾਰਮਿਕ ਭਾਈਚਾਰਿਆਂ ਲਈ ਦੇਸ਼ਵਿਆਪੀ ਕੌਮੀ ਨਾਗਰਿਕ ਰਜਿਸਟਰ (ਐੱਨ ਆਰ ਸੀ) ਨਾਲ ਸੁਰੱਖਿਆ ਪ੍ਰਦਾਨ ਕਰਨ ਲਈ ਹੈ, ਜਿਸਦੇ ਬਾਅਦ ਸੂਚੀ ਵਿਚੋਂ ਬਾਹਰ ਰਹਿ ਗਏ ਲੋਕਾਂ (ਮੁਸਲਮਾਨਾਂ) ਨੂੰ ਦੇਸ਼ ਵਿੱਚੋਂ ਕੱਢਿਆ ਜਾਵੇਗਾ, ਰਾਸ਼ਟਰ-ਵਿਹੀਨ ਬਣਾ ਦਿੱਤਾ ਜਾਵੇਗਾ। ਰਿਪੋਰਟ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂਅ ਲੈ ਕੇ ਕਿਹਾ ਗਿਆ ਹੈ ਕਿ ਉਨ੍ਹਾ ਪ੍ਰਵਾਸੀਆਂ ਨੂੰ ਸਿਓਂਕ ਕਿਹਾ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ।
ਰਿਪੋਰਟ ਵਿਚ ਭਾਜਪਾ ਹਕੂਮਤ ਵਾਲੇ ਸੂਬਿਆਂ ਵਿਚ ਲਿੰਚਿੰਗ, ਕਸ਼ਮੀਰ ਦੀ ਤਾਲਾਬੰਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਦਿੱਲੀ ਵਿਚਲੀ ਹਿੰਸਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਕਹਿੰਦੀ ਹੈ ਕਿ 2019 ਦੌਰਾਨ ਨਾਗਰਿਕਤਾ ਸੋਧ ਕਾਨੂੰਨ, ਗਊ ਹੱਤਿਆ ਖਿਲਾਫ ਤੇ ਧਰਮ ਪਰਿਵਰਤਨ ਖਿਲਾਫ ਕਾਨੂੰਨਾਂ ਦੀ ਵਰਤੋਂ ਅਤੇ ਨਵੰਬਰ ਵਿਚ ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਧਾਰਮਿਕ ਘੱਟਗਿਣਤੀਆਂ ਨੂੰ ਤੰਗ ਕਰਨ ਤੇ ਹਿੰਸਾ ਕਰਨ ਦੀਆਂ ਦੇਸ਼ਵਿਆਪੀ ਮੁਹਿੰਮਾਂ ਨੇ ਧਾਰਮਿਕ ਘੱਟਗਿਣਤੀ ਵਿਰੋਧੀਆਂ ਨੂੰ ਖੁੱਲ੍ਹੀ ਛੋਟ ਵਾਲਾ ਕਲਚਰ ਪੈਦਾ ਕਰ ਦਿੱਤਾ। ਰਿਪੋਰਟ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਧਾਰਮਿਕ ਘੱਟਗਿਣਤੀਆਂ ਖਿਲਾਫ ਤਸ਼ੱਦਦ ਤੇ ਹਿੰਸਾ ਵਿਚ ਸਰਕਾਰ ਹਮਾਇਤੀ ਤੱਤਾਂ ਨੇ ਵੀ ਅਹਿਮ ਭੂਮਿਕਾ ਨਿਭਾਈ।

799 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper