Latest News
ਕੋਰੋਨਾ ਪੀੜਤਾਂ 'ਤੇ ਠੱਪਾ ਲਾਉਣਾ ਗਲਤ

Published on 01 May, 2020 07:14 AM.

ਪੰਜਾਬ ਵਿੱਚ ਬੀਤੇ ਵੀਰਵਾਰ ਇੱਕੋ ਦਿਨ ਕੋਰੋਨਾ ਵਾਇਰਸ ਤੋਂ ਪ੍ਰਭਾਵਤ 150 ਤੋਂ ਵੱਧ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਤਰਥੱਲੀ ਮਚ ਗਈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਤੱਥ ਪੇਸ਼ ਕੀਤੇ ਜਾਣ ਨਾਲ ਕਿ ਸਾਹਮਣੇ ਆਏ ਮਰੀਜ਼ਾਂ ਵਿੱਚੋਂ ਬਹੁਤੇ ਹਜ਼ੂਰ ਸਾਹਿਬ ਤੋਂ ਆਏ ਸਿੱਖ ਸ਼ਰਧਾਲੂ ਹਨ, ਨੇ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਇੱਕ ਪਾਸੇ ਸੂਬੇ ਦਾ ਸਿਹਤ ਮੰਤਰੀ ਇਹ ਕਹਿ ਰਿਹਾ ਹੈ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲਿਆਂ ਨੇ ਸਾਡੇ ਕੀਤੇ ਕਰਾਏ ਉੱਤੇ ਪਾਣੀ ਫੇਰ ਦਿੱਤਾ ਹੈ, ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਟੈੱਸਟ ਮਸ਼ੀਨ ਦੀ ਭਰੋਸੇਯੋਗਤਾ ਉੱਤੇ ਸ਼ੱਕ ਪ੍ਰਗਟ ਕੀਤਾ ਹੈ।
ਸਾਰੇ ਮਾਮਲੇ ਵਿੱਚ ਇੱਕ ਗੱਲ ਸਮਝ ਤੋਂ ਬਾਹਰੀ ਹੈ ਕਿ ਜਦੋਂ ਮਹਾਂਰਾਸ਼ਟਰ ਸਰਕਾਰ ਨੇ ਸਾਰੇ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇ ਕੇ ਤੋਰਿਆ ਸੀ ਤੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਮੁਤਾਬਕ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਸਾਰੇ ਸ਼ਰਧਾਲੂ ਇੱਕ ਮਹੀਨੇ ਤੋਂ ਇਕਾਂਤਵਾਸ ਸਨ, ਫਿਰ ਪੰਜਾਬ ਵਿੱਚ ਆਉਂਦਿਆਂ ਹੀ ਏਨੀ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਕੇਸ ਕਿਵੇਂ ਸਾਹਮਣੇ ਆ ਗਏ। ਨੰਦੇੜ ਪ੍ਰਸ਼ਾਸਨ ਦੇ ਹਵਾਲੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਦਾਅਵਾ ਕੀਤਾ ਹੈ ਕਿ ਇਸ ਸ਼ਹਿਰ ਵਿੱਚ ਸਿਰਫ਼ ਤਿੰਨ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਠੀਕ ਹੋ ਕੇ ਘਰ ਚਲਾ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਨ੍ਹਾਂ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਚਿੰਬੜਿਆ ਕਿੱਥੋਂ? ਬੱਸਾਂ ਰਾਹੀਂ ਵਾਪਸ ਆਉਂਦਿਆਂ ਇਹ ਸ਼ਰਧਾਲੂ ਰਸਤੇ ਵਿੱਚ ਕਿਧਰੇ ਰੁਕੇ ਹੋਣ ਤਾਂ ਇਸ ਬਾਰੇ ਤਾਂ ਡਰਾਈਵਰ ਜਾਂ ਸ਼ਰਧਾਲੂ ਹੀ ਦੱਸ ਸਕਦੇ ਹਨ। ਕੁਝ ਵੀ ਹੋਵੇ ਇਸ ਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ।
ਇਸ ਮਾਮਲੇ ਵਿੱਚ ਸਭ ਤੋਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਰੋਜ਼ ਜਾਰੀ ਹੋਣ ਵਾਲੇ ਬੁਲੇਟਿਨ ਵਿੱਚ ਜ਼ਿਲ੍ਹੇਵਾਰ ਗਿਣਤੀ ਦੱਸਦਿਆਂ ਅੰਕੜਿਆਂ ਨੂੰ ਨਿਖੇੜ ਕੇ ਦੱਸਣਾ ਕਿ ਹਜ਼ੂਰ ਸਾਹਿਬ ਤੋਂ ਆਏ ਏਨੇ ਸ਼ਰਧਾਲੂ ਕੋਰੋਨਾ ਪੀੜਤ ਨਿਕਲੇ ਹਨ, ਗਲਤ ਪ੍ਰਭਾਵ ਦਿੰਦਾ ਹੈ। ਅਸੀਂ ਪੰਜਾਬ ਵਿੱਚ ਦੇਖ ਚੁੱਕੇ ਹਾਂ ਕਿ ਜਦੋਂ ਪਠਲਾਵੇ ਪਿੰਡ ਦੇ ਐੱਨ ਆਰ ਆਈ ਬਲਦੇਵ ਸਿੰਘ ਦੇ ਕੋਰੋਨਾ ਹੋਣ ਦਾ ਕੇਸ ਸਾਹਮਣੇ ਆਇਆ ਸੀ ਤਾਂ ਲੋਕਾਂ ਨੇ ਸਮੁੱਚੇ ਐੱਨ ਆਰ ਆਈਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਦਿੱਲੀ ਦੇ ਤਬਲੀਗੀ ਮਰਕਜ਼ ਦਾ ਕੇਸ ਸਾਹਮਣੇ ਆਇਆ ਤਾਂ ਪੰਜਾਬ ਵਾਂਗ ਹੀ ਤਬਲੀਗੀਆਂ ਦੇ ਵੱਖਰੇ ਅੰਕੜੇ ਦੱਸ ਕੇ ਅਜਿਹਾ ਮਾਹੌਲ ਤਿਆਰ ਕਰ ਦਿੱਤਾ ਗਿਆ ਕਿ ਲੋਕਾਂ ਨੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਹੀ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਠਹਿਰਾਅ ਦਿੱਤਾ। ਇਸ ਦਾ ਖਮਿਆਜ਼ਾ ਦੇਸ਼ ਦੇ ਸਮੁੱਚੇ ਮੁਸਲਮਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕੋਰੋਨਾ ਦੀ ਦਹਿਸ਼ਤ ਕਾਰਣ ਲੋਕ ਮਨਾਂ ਵਿੱਚ ਅੱਜ ਜਿਸ ਤਰ੍ਹਾਂ ਦਾ ਡਰ ਤੇ ਸਹਿਮ ਛਾਇਆ ਹੋਇਆ ਹੈ ਕਿ ਉਹ ਡਾਕਟਰਾਂ ਤੇ ਨਰਸਾਂ ਤੋਂ ਵੀ ਤਰਾਹੁਣ ਲੱਗੇ ਹਨ, ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਜਾਣਕਾਰੀ ਦਿੰਦਿਆਂ ਜਾਤ ਜਾਂ ਭਾਈਚਾਰੇ ਦਾ ਠੱਪਾ ਨਹੀਂ ਲਾਉਣਾ ਚਾਹੀਦਾ।
ਪੰਜਾਬ ਸਰਕਾਰ ਦੀ ਇਸ ਪਹੁੰਚ ਨੂੰ ਵੀ ਠੀਕ ਨਹੀਂ ਠਹਿਰਾਇਆ ਜਾ ਸਕਦਾ। ਹਰ ਕੋਈ ਜਾਣਦਾ ਹੈ ਕਿ ਰਾਧਾ ਸਵਾਮੀਆਂ, ਨਿਰੰਕਾਰੀਆਂ ਤੇ ਹੋਰ ਡੇਰੇਦਾਰਾਂ ਪ੍ਰਤੀ ਆਮ ਸਿੱਖਾਂ ਦੀ ਪਹੁੰਚ ਮਿੱਤਰ-ਭਾਵ ਵਾਲੀ ਨਹੀਂ ਹੈ। ਇਸ ਲਈ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਰਾਧਾ ਸਵਾਮੀ ਡੇਰੇ ਵਿੱਚ ਰੱਖਣ ਦੇ ਫੈਸਲੇ ਨੂੰ ਆਮ ਸਿੱਖ ਕਦੇ ਵੀ ਸਹੀ ਨਹੀਂ ਠਹਿਰਾਉਣਗੇ। ਇਹ ਸਮਝੋਂ ਬਾਹਰ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚਲੀਆਂ ਸਰਾਵਾਂ ਨੂੰ ਇਕਾਂਤਵਾਸ ਕੇਂਦਰ ਬਣਾਏ ਜਾਣ ਦੀ ਸਹਿਮਤੀ ਦੇ ਚੁੱਕੀ ਹੈ ਤਾਂ ਫਿਰ ਸਿੱਖ ਸ਼ਰਧਾਲੂਆਂ ਨੂੰ ਉੱਥੇ ਰੱਖਣ ਦੀ ਥਾਂ ਰਾਧਾ ਸਵਾਮੀ ਡੇਰੇ ਵਿੱਚ ਰੱਖਣ ਦੀ ਕੀ ਲੋੜ ਸੀ। ਜੇਕਰ ਸਾਰਿਆਂ ਨੂੰ ਉੱਥੇ ਰੱਖਿਆ ਜਾਂਦਾ ਤਾਂ ਨੈਗੇਟਿਵ ਤੇ ਪਾਜ਼ੀਟਿਵ ਦਾ ਵਿਵਾਦ ਵੀ ਨਹੀਂ ਸੀ ਉਠਣਾ। ਇਸ ਲਈ ਹੁਣ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਤਬਦੀਲ ਕੀਤਾ ਜਾਵੇ।
-ਚੰਦ ਫਤਿਹਪੁਰੀ

783 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper