Latest News
ਹੱਸਿਆ ਜਾਵੇ ਜਾਂ ਰੋਇਆ

Published on 03 May, 2020 08:24 AM.


ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਸਾਡੇ ਪੰਜਾਬ 'ਚ ਦੋ ਦਿਨਾਂ ਵਿੱਚ 400 ਤੋਂ ਵੱਧ ਕੇਸ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ ਇੱਕ ਹਜ਼ਾਰ ਤਕ ਪੁੱਜ ਗਏ ਹਨ। ਬਠਿੰਡਾ, ਨਵਾਂ ਸ਼ਹਿਰ ਤੇ ਮੋਗਾ ਵਰਗੇ ਜ਼ਿਲ੍ਹੇ ਜਿਹੜੇ ਕੱਲ ਤੱਕ ਆਪਣੇ ਆਪ ਨੂੰ ਸੁਰਖੁਰੂ ਸਮਝਦੇ ਸਨ ਇਸ ਸਮੇਂ ਹਰੇ ਤੋਂ ਲਾਲ ਜ਼ੋਨ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਪੰਜਾਬ ਵਿੱਚ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੇ ਇੱਕ ਹੋਰ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਸਰਕਾਰਾਂ ਜਿਹੜੇ ਅੰਕੜੇ ਪੇਸ਼ ਕਰ ਰਹੀਆਂ ਹਨ ਉਨ੍ਹਾਂ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਮਹਾਂਰਾਸ਼ਟਰ, ਜਿਹੜਾ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਤ ਹੈ, ਦੀ ਸਰਕਾਰ ਨੇ ਇੱਕ ਮਹੀਨੇ ਤੋਂ ਗੁਰਦੁਆਰੇ ਵਿੱਚ ਰੁੱਕੇ ਹੋਏ ਸ਼ਰਧਾਲੂਆਂ ਦੇ ਟੈੱਸਟ ਕਰਨ ਦੀ ਹੀ ਜ਼ਰੂਰਤ ਨਾ ਸਮਝੀ। ਇਸ ਤੋਂ ਇਹੋ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਹਰ ਸਰਕਾਰ ਅੰਕੜਿਆਂ ਨੂੰ ਘਟਾ ਕੇ ਪੇਸ਼ ਕਰਨ ਲਈ ਟੈਸਟਿੰਗ ਤੋਂ ਪਾਸਾ ਵੱਟ ਰਹੀ ਹੈ।
ਕੇਂਦਰ ਸਰਕਾਰ ਦਾ ਸਿਹਤ ਮੰਤਰਾਲਾ ਹਰ ਸ਼ਾਮ ਨੂੰ ਸਿਹਤ ਬੁਲੇਟਿਨ ਜਾਰੀ ਕਰਕੇ ਲੋਕਾਂ ਨੂੰ ਇਹ ਯਕੀਨ ਦੁਆਉਣ ਲਈ ਕਿ ਬਾਜ਼ੀ ਜਿੱਤੀ ਜਾ ਰਹੀ ਹੈ, ਅੰਕੜਿਆਂ ਦੇ ਹੇਰ-ਫੇਰ ਦੀ ਖੇਡ ਖੇਡ ਰਿਹਾ ਹੈ। ਅਸਲੀਅਤ ਇਹ ਹੈ ਕਿ 24 ਮਾਰਚ ਨੂੰ ਜਦੋਂ ਪਹਿਲਾ ਲਾਕਡਾਊਨ ਸ਼ੁਰੂ ਕੀਤਾ ਗਿਆ ਸੀ, ਉਸ ਸਮੇਂ ਦੇਸ਼ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 600 ਦੇ ਗੇੜ ਵਿੱਚ ਸੀ। ਇਹ ਗਿਣਤੀ 30 ਜਨਵਰੀ ਤੋਂ ਸ਼ੁਰੂ ਹੋ ਕੇ ਦੋ ਮਹੀਨਿਆਂ ਵਿੱਚ ਇੱਥੇ ਪੁੱਜੀ ਸੀ। ਅੱਜ ਜਦੋਂ ਅਸੀਂ ਲਾਕਡਾਊਨ ਸਮਾਪਤ ਕਰਨ ਬਾਰੇ ਸੋਚ ਰਹੇ ਹਾਂ ਤਾਂ ਰੋਜ਼ਾਨਾ ਇਸ ਅੰਕੜੇ ਨਾਲੋਂ 4 ਗੁਣਾ ਮਰੀਜ਼ ਸਾਹਮਣੇ ਆ ਰਹੇ ਹਨ। ਗੋਦੀ ਮੀਡੀਆ ਤੇ ਸਰਕਾਰੀ ਪ੍ਰਚਾਰ ਤੰਤਰ ਬੜੀ ਚਤੁਰਾਈ ਨਾਲ ਨਰਿੰਦਰ ਮੋਦੀ ਦੀਆਂ ਸਿਫ਼ਤਾਂ ਕਰ ਰਿਹਾ ਹੈ ਕਿ ਉਸ ਨੇ ਸਮੇਂ ਸਿਰ ਲਾਕਡਾਊਨ ਕਰਕੇ ਦੇਸ਼ ਨੂੰ ਬਚਾਅ ਲਿਆ ਨਹੀ ਤਾਂ ਹੁਣ ਤਾਂ ਮਰੀਜ਼ਾਂ ਦੀ ਗਿਣਤੀ ਅੱਜ ਨਾਲੋਂ 8-10 ਗੁਣਾ ਵਧ ਹੋਣੀ ਸੀ।
ਅਸਲ ਸੱਚਾਈ ਇਹ ਹੈ ਕਿ ਕੋਰੋਨਾ ਵਾਇਰਸ ਬਾਰੇ ਕੇਂਦਰ ਸਰਕਾਰ ਦੀ ਨੀਂਦ ਉਦੋਂ ਖੁੱਲ੍ਹੀ ਜਦੋਂ ਲਖਨਊ ਵਿੱਚ ਆਯੋਜਿਤ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਵਾਲੀ ਬਦੇਸੋਂ ਆਈ ਗਾਇਕਾ ਕੋਨਿਕਾ ਕਪੂਰ ਕੋਰੋਨਾ ਪੀੜਤ ਪਾਈ ਗਈ। ਇਸ ਪਾਰਟੀ ਵਿੱਚ ਭਾਜਪਾ ਦੇ ਕਈ ਵੱਡੇ ਆਗੂ ਤੇ ਸਾਂਸਦ ਵੀ ਹਾਜ਼ਰ ਸਨ, ਜਿਹੜੇ ਬਾਅਦ 'ਚ ਰਾਸ਼ਟਰਪਤੀ ਦੀ ਦਾਅਤ 'ਚ ਪੁੱਜੇ ਸਨ। ਇੱਕਦਮ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਧੁਨੰਤਰ ਆਗੂਆਂ ਦੇ ਸਾਹ ਸੁੱਕ ਗਏ। ਇਸ ਘਟਨਾ ਤੋਂ ਬਾਅਦ ਸਾਨੂੰ ਇੱਕਦਮ ਪਤਾ ਲੱਗਦਾ ਹੈ ਕਿ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪਿੱਛੋਂ ਸ਼ੁਰੂ ਹੁੰਦਾ ਹੈ ਤਾਲੀ, ਤਾੜੀ ਵਜਾਉਣ ਤੇ ਮੋਮਬੱਤੀਆਂ ਜਲਾਉਣ ਦਾ ਸਿਲਸਿਲਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲਾਕਡਾਊਨ ਦਾ ਸਾਨੂੰ ਕਿੰਨਾ ਲਾਭ ਹੋਇਆ? ਲਾਕਡਾਊਨ ਨਾਲ ਕਰੋੜਾਂ ਮਜ਼ਦੂਰ ਵਿਹਲੇ ਹੋ ਕੇ ਘਰਾਂ ਵਿੱਚ ਕੈਦ ਹੋ ਗਏ। ਭੁੱਖ ਨਾਲ ਘੁਲਦੇ ਹਾਰ ਗਏ ਤਾਂ ਸੜਕਾਂ ਉੱਤੇ ਆ ਗਏ। ਨਾ ਸੋਸ਼ਲ ਡਿਸਟੈਂਸਿੰਗ ਰਹੀ ਤਾਂ ਨਾ ਕੋਈ ਹੋਰ ਬਚਾਅ ਦਾ ਸਾਧਨ। ਲਾਕ ਡਾਊਨ ਸਮੇਂ ਇਨ੍ਹਾਂ ਬਾਰੇ ਸੋਚਿਆ ਹੀ ਨਹੀਂ ਗਿਆ। ਅਕਲਮੰਦੀ ਇਸ ਵਿੱਚ ਸੀ ਕਿ ਲਾਕਡਾਊਨ ਤੋਂ ਪਹਿਲਾਂ ਘੱਟੋ-ਘੱਟ 10 ਦਿਨਾਂ ਤੱਕ ਮਜ਼ਦੂਰਾਂ ਲਈ ਸਪੈਸ਼ਲ ਗੱਡੀਆਂ ਚਲਾ ਕੇ ਉਨ੍ਹਾਂ ਨੂੰ ਘਰ ਪੁਚਾਇਆ ਜਾਂਦਾ, ਪਰ ਇਹ ਨਹੀਂ ਕੀਤਾ ਗਿਆ। ਹੁਣ ਜਦੋਂ ਹਾਲਤ ਦਿਨੋ-ਦਿਨ ਵਿਗੜ ਰਹੇ ਹਨ ਤੇ ਅੰਕੜਾ 24 ਮਾਰਚ ਦੇ 600 ਤੋਂ ਲੱਗਭੱਗ 70 ਗੁਣਾ ਵਧ ਕੇ 40 ਹਜ਼ਾਰ ਤੱਕ ਪੁੱਜ ਚੁੱਕਾ ਹੈ ਤਾਂ ਇਨ੍ਹਾਂ ਮਜ਼ਦੂਰਾਂ ਨੂੰ ਘਰੀਂ ਭੇਜਣ ਲਈ ਰੇਲ ਗੱਡੀਆਂ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। 24 ਮਾਰਚ ਤੋਂ ਪਹਿਲਾਂ ਇਨ੍ਹਾਂ ਮਜ਼ਦੂਰਾਂ ਵਿੱਚ ਕੋਰੋਨਾ ਲਾਗ ਦੀ ਸੰਭਾਵਨਾ ਬਹੁਤ ਘੱਟ ਸੀ। ਹੁਣ ਜਦੋਂ ਇਨ੍ਹਾਂ ਨੂੰ ਆਪਣੇ ਸੂਬਿਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਇਨ੍ਹਾਂ ਵਿੱਚੋਂ ਕਿੰਨੇ ਕੋਰੋਨਾ ਪੀੜਤ ਨਿਕਲਣਗੇ, ਇਸ ਦਾ ਅੰਦਾਜ਼ਾ ਹਜ਼ੂਰ ਸਾਹਿਬ ਤੋਂ ਪੰਜਾਬ ਆਏ ਸ਼ਰਧਾਲੂਆਂ ਤੋਂ ਲਾਇਆ ਜਾ ਸਕਦਾ ਹੈ। ਉਦੋਂ ਵਾਪਸ ਭੇਜੇ ਹੁੰਦੇ ਤਾਂ ਭਾਵੇਂ ਕਰਾਇਆ ਵੀ ਲੈ ਲਿਆ ਜਾਂਦਾ ਤਾਂ ਕੋਈ ਹਰਜ ਨਹੀਂ ਸੀ। ਹੁਣ ਜਦੋਂ ਇਨ੍ਹਾਂ ਮਜ਼ਦੂਰਾਂ ਦੇ ਇੱਕ ਮਹੀਨੇ ਦੌਰਾਨ ਬੋਝੇ ਖਾਲੀ ਹੋ ਚੁੱਕੇ ਹਨ ਤਾਂ ਉਨ੍ਹਾਂ ਤੋਂ ਕਰਾਇਆ ਮੰਗਿਆ ਜਾ ਰਿਹਾ ਹੈ। ਸ਼ੈਕਸਪੀਅਰ ਦੇ ਇੱਕ ਨਾਟਕ ਵਿੱਚ ਵਿਆਜੜੂ ਸ਼ਾਹ ਪੈਸੇ ਵਾਪਸ ਨਾ ਕਰ ਸਕਣ ਵਾਲੇ ਵਿਅਕਤੀ ਤੋਂ ਬਦਲੇ ਵਿੱਚ ਉਸ ਦੇ ਮਾਸ ਦਾ ਟੁਕੜਾ ਮੰਗਦਾ ਹੈ। ਇੱਕ ਮਹੀਨੇ ਤੋਂ ਭੁੱਖ ਨਾਲ ਲੜ ਰਹੇ ਮਜ਼ਦੂਰਾਂ ਤੋਂ ਕਰਾਇਆ ਮੰਗਣਾ, ਇਸੇ ਜ਼ਹਿਨੀਅਤ ਦਾ ਪ੍ਰਗਟਾਵਾ ਹੈ।
ਅਸਲ ਵਿੱਚ ਜੇ ਸਾਡੀ ਸਰਕਾਰ ਸਮੇਂ ਸਿਰ ਜਾਗੀ ਹੁੰਦੀ ਤਾਂ ਸਮੁੱਚੇ ਦੇਸ਼ ਵਿੱਚ ਲਾਕਡਾਊਨ ਦੀ ਜ਼ਰੂਰਤ ਨਹੀਂ ਸੀ ਪੈਣੀ। ਚੀਨ ਤੋਂ ਹੀ ਸਿੱਖ ਲਿਆ ਜਾਂਦਾ, ਜਿਸ ਨੇ ਸਿਰਫ਼ ਵੂਹਾਨ ਸ਼ਹਿਰ ਨੂੰ ਹੀ ਸੀਲਬੰਦ ਕੀਤਾ ਤੇ ਪੂਰੇ ਸੂਬੇ ਨੂੰ ਲਾਕਡਾਊਨ ਹੇਠ ਲਿਆਂਦਾ ਪਰ ਬਾਕੀ ਸਾਰਾ ਦੇਸ਼ ਖੁੱਲ੍ਹਾ ਰਿਹਾ। ਪੂਰੇ ਦੇਸ਼ ਵਿੱਚੋਂ ਡਾਕਟਰੀ ਅਮਲਾ-ਫੈਲਾ ਵੂਹਾਨ ਵਿੱਚ ਲਾ ਦਿੱਤਾ ਤੇ ਅੱਜ ਚੀਨ ਇਸ ਬਿਮਾਰੀ ਤੋਂ ਲੱਗਭੱਗ ਸੁਰਖੁਰੂ ਹੋ ਚੁੱਕਾ ਹੈ।
ਸਾਡੇ ਲਾਕਡਾਊਨ ਨੇ ਕੀ ਕੀਤਾ? ਜਿਹੜੀ ਭੁੱਖਮਰੀ ਵਾਲੀ ਸਥਿਤੀ ਪਹਿਲਾਂ ਸਿਰਫ਼ ਮਜ਼ਦੂਰਾਂ ਵਿੱਚ ਸੀ ਅੱਜ ਉਹੀ ਹਾਲਤ ਨਿਮਨ ਮਧਵਰਗ ਦੀ ਹੋ ਚੁੱਕੀ ਹੈ। ਮੌਜੂਦਾ ਲਾਕਡਾਊਨ ਨੇ ਸਾਡਾ ਕੀ ਸੰਵਾਰਿਆ? ਇਹ ਹੋਰ ਕੁਝ ਦਿਨਾਂ ਨੂੰ ਸਾਹਮਣੇ ਆ ਜਾਵੇਗਾ। ਇਸ ਸਮੇਂ ਅਸੀਂ ਵਿਸਫੋਟ ਦੇ ਕੰਢੇ ਉੱਤੇ ਪੁੱਜ ਚੁੱਕੇ ਹਾਂ। ਅਹਿਮਦਾਬਾਦ ਦੇ ਮਿਊਂਸਪਲ ਕਮਿਸ਼ਨਰ ਦੀ ਇਹ ਚਿਤਾਵਨੀ ਕਿ ਜੇ ਇਹੋ ਹਾਲਾਤ ਰਹੇ ਤਾਂ ਅੰਦਰੂਨੀ ਸ਼ਹਿਰ ਵਿਚਲੇ 29 ਲੱਖ ਲੋਕਾਂ ਵਿੱਚੋਂ 31 ਮਈ ਤੱਕ ਮਰੀਜ਼ਾਂ ਦੀ ਗਿਣਤੀ 8 ਲੱਖ ਤੱਕ ਪੁੱਜ ਜਾਵੇਗੀ, ਸਥਿਤੀ ਦੀ ਭਿਆਨਕਤਾ ਨੂੰ ਪ੍ਰਗਟ ਕਰਦੀ ਹੈ। ਤਿੰਨ ਮਈ ਨੂੰ ਦੇਸ਼ ਦੀਆਂ ਸੈਨਾਵਾਂ ਵੱਲੋਂ ਹਸਪਤਾਲਾਂ ਉੱਤੇ ਫੁੱਲ ਵਰਸਾਉਣ ਦਾ ਨਾਟਕ ਕੀਤਾ ਗਿਆ। ਹਰ ਪਾਸੇ ਸ਼ੋਕ ਦੀ ਲਹਿਰ ਹੈ, ਪਰ ਹਾਕਮ ਖੁਸ਼ੀ ਮਨਾ ਰਹੇ ਹਨ। ਸਮਝ ਨਹੀਂ ਆ ਰਹੀ ਕਿ ਇਸ ਸਥਿਤੀ ਵਿੱਚ ਹੱਸਿਆ ਜਾਵੇ ਜਾਂ ਰੋਇਆ।
-ਚੰਦ ਫਤਿਹਪੁਰੀ

810 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper