Latest News
ਦੂਰਦ੍ਰਿਸ਼ਟੀ ਦੀ ਘਾਟ

Published on 05 May, 2020 08:39 AM.


3 ਮਈ ਨੂੰ ਦੇਸ਼ ਦੀਆਂ ਸੈਨਾਵਾਂ ਵੱਲੋਂ ਕੋਰੋਨਾ ਵਿਰੁੱਧ ਲੜ ਰਹੇ ਡਾਕਟਰੀ ਅਮਲੇ-ਫੈਲੇ ਦੀ ਸ਼ਾਨ ਵਿੱਚ ਹਸਪਤਾਲਾਂ ਵਿੱਚ ਬੈਂਡ ਵਜਾ ਕੇ ਤੇ ਹਵਾਈ ਜਹਾਜ਼ਾਂ ਰਾਹੀਂ ਫੁੱਲ ਵਰਸਾ ਕੇ ਇੱਕ ਨਵੀਂ ਪਿਰਤ ਪਾਈ ਗਈ ਸੀ। ਅਗਲੇ ਦਿਨ ਤੀਜੇ ਲਾਕਡਾਊਨ ਦੇ ਅਗਾਜ਼ ਮੌਕੇ 4 ਮਈ ਨੂੰ ਕੋਰੋਨਾ ਨੇ ਐਸਾ ਕਹਿਰ ਵਰਤਾਇਆ ਕਿ ਹੁਣ ਤੱਕ ਦੇ ਸਭ ਅੰਕੜੇ ਫਿੱਕੇ ਪੈ ਗਏ। ਸਿਰਫ਼ 24 ਘੰਟਿਆਂ ਵਿੱਚ 3900 ਨਵੇਂ ਕੇਸ ਆਉਣ ਤੇ 195 ਵਿਅਕਤੀਆਂ ਦੀਆਂ ਮੌਤਾਂ ਨੇ ਪਿਛਲੇ ਸਭ ਰਿਕਾਰਡ ਮਾਤ ਪਾ ਦਿੱਤੇ।
ਇਸੇ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜੇ ਜਾਣ ਦਾ ਮੁੱਦਾ ਰਾਜਨੀਤਕ ਮੰਚ ਉੱਤੇ ਛਾਇਆ ਰਿਹਾ। ਭੁੱਖੇ-ਭਾਣੇ ਮਜ਼ਦੂਰਾਂ ਤੋਂ ਕਿਰਾਇਆ ਵਸੂਲੇ ਜਾਣ ਦੀ ਸਭ ਪਾਸਿਓਂ ਤਿੱਖੀ ਆਲੋਚਨਾ ਹੋਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਐਲਾਨ ਕਰ ਦਿੱਤਾ ਕਿ ਇਨ੍ਹਾਂ ਮਜ਼ਦੂਰਾਂ ਦਾ ਕਿਰਾਇਆ ਕਾਂਗਰਸ ਅਦਾ ਕਰੇਗੀ। ਅਸਲ ਵਿੱਚ ਇਹ ਇੱਕ ਧਮਕੀ ਸੀ, ਜਿਸ ਦਾ ਅਸਰ ਹੋਇਆ। ਇਸ ਤੋਂ ਬਾਅਦ ਬਹੁਤ ਸਾਰੀਆਂ ਰਾਜ ਸਰਕਾਰਾਂ ਨੇ ਇਨ੍ਹਾਂ ਮਜ਼ਦੂਰਾਂ ਦਾ ਖਰਚ ਚੁੱਕਣ ਦੀ ਜ਼ਿੰਮੇਵਾਰੀ ਲੈ ਲਈ।
ਇਸ ਸਮੇਂ ਦੇਸ਼ ਦੇ ਪੂੰਜੀਪਤੀ ਤੇ ਉਨ੍ਹਾਂ ਦੀ ਕਠਪੁਤਲੀ ਸਰਕਾਰ ਬੇਹੱਦ ਡਰੇ ਹੋਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪੂੰਜੀ, ਮਸ਼ੀਨਾਂ, ਊਰਜਾ, ਕੱਚਾ ਮਾਲ ਤੇ ਮੰਗ, ਸਭ ਹੋਣ ਦੇ ਬਾਵਜੂਦ ਜੇ ਕਿਰਤ ਨਹੀਂ ਹੈ ਤਾਂ ਸਭ ਕੁਝ ਬੇਕਾਰ ਹੈ। ਜੇਕਰ ਉਤਪਾਦਨ ਰੁਕ ਜਾਂਦਾ ਹੈ ਤਾਂ ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਨਾਲ ਜੁੜੇ ਕਰੋੜਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਿਸ ਟੈਕਸ ਨਾਲ ਭਰੀਆਂ ਜਾਂਦੀਆਂ, ਉਹ ਬੰਦ ਹੋ ਜਾਵੇਗਾ। ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦਾ ਅਹਿਸਾਨ ਕਰਨ ਵਾਲੇ ਪੂੰਜੀਪਤੀ ਅੱਜ ਬੇਸਹਾਰਾ ਮਹਿਸੂਸ ਕਰ ਰਹੇ ਹਨ। ਇਸ ਲਈ ਹਾਕਮਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਮਜ਼ਦੂਰਾਂ ਨੂੰ ਘਰ ਵਾਪਸੀ ਤੋਂ ਰੋਕਿਆ ਜਾਵੇ, ਪਰ ਸਥਿਤੀ ਇਹ ਬਣ ਗਈ ਕਿ ਉਨ੍ਹਾਂ ਸਾਹਮਣੇ ਇੱਕ ਪਾਸੇ ਰੁਜ਼ਗਾਰ ਹੈ ਤੇ ਦੂਜੇ ਪਾਸੇ ਆਪਣੀ ਜਾਨ ਬਚਾਉਣ ਦਾ ਹੀਲਾ। ਅਮਰੀਕੀ ਰਿਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਨੂੰ ਮੁਕੰਮਲ ਖ਼ਤਮ ਹੋਣ ਵਿੱਚ ਅਠਾਰਾਂ ਤੋਂ ਚੌਵੀ ਮਹੀਨੇ ਲੱਗਣਗੇ ਅਤੇ ਉਦੋਂ ਤੱਕ ਸੰਸਾਰ ਦੀ ਦੋ-ਤਿਹਾਈ ਅਬਾਦੀ ਨੂੰ ਇਹ ਬਿਮਾਰੀ ਆਪਣੀ ਲਪੇਟ ਵਿੱਚ ਲੈ ਚੁੱਕੀ ਹੋਵੇਗੀ। ਜਦੋਂ ਪੰਛੀਆਂ ਨੂੰ ਤੂਫ਼ਾਨ ਆਉਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਹ ਆਪਣੇ ਆਲ੍ਹਣਿਆਂ ਨੂੰ ਮੁੜ ਜਾਂਦੇ ਹਨ। ਇਹੋ ਹਾਲਤ ਅੱਜ ਪ੍ਰਵਾਸੀ ਮਜ਼ਦੂਰਾਂ ਦੀ ਹੈ। ਉਨ੍ਹਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਆਉਣ ਵਾਲੇ ਦਿਨ ਇਸ ਤੋਂ ਵੀ ਬੁਰੇ ਹੋ ਸਕਦੇ ਹਨ, ਇਸ ਲਈ ਉਹ ਲੰਮੇ ਸਫ਼ਰ ਉੱਤੇ ਪੈਦਲ ਹੀ ਨਿਕਲ ਤੁਰੇ। ਆਖਰ ਕੇਂਦਰ ਸਰਕਾਰ ਨੂੰ ਉਨ੍ਹਾਂ ਲਈ ਗੱਡੀਆਂ ਚਾਲੂ ਕਰਨ ਦਾ ਫ਼ੈਸਲਾ ਕਰਨਾ ਪਿਆ, ਪਰ ਪਹਿਲਾਂ ਕਿਰਾਏ ਦੇ ਨਾਂਅ ਉੱਤੇ ਰੁਕਾਵਟ ਖੜ੍ਹੀ ਕੀਤੀ ਗਈ, ਹੁਣ ਲੋੜ ਅਨੁਸਾਰ ਗੱਡੀਆਂ ਨਾ ਚਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ ਵਿੱਚੋਂ ਜਾਣ ਲਈ ਰਜਿਸਟਰਡ ਹੋਏ ਮਜ਼ਦੂਰਾਂ ਦੀ ਗਿਣਤੀ 8 ਲੱਖ ਤੋਂ ਵੱਧ ਹੈ। ਮੰਗਲਵਾਰ ਇੱਕ ਗੱਡੀ ਜਲੰਧਰ ਤੋਂ ਚੱਲੀ, ਜਿਸ ਵਿੱਚ 1200 ਮਜ਼ਦੂਰਾਂ ਨੂੰ ਲਿਜਾਇਆ ਗਿਆ ਹੈ। ਇਸੇ ਤਰ੍ਹਾਂ ਜੇਕਰ ਰੋਜ਼ਾਨਾ ਇੱਕ ਗੱਡੀ ਚੱਲੇ ਤਾਂ ਇਨ੍ਹਾਂ ਮਜ਼ਦੂਰਾਂ ਨੂੰ ਢੋਹਣ ਲਈ ਪੌਣੇ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਮਹਾਰਾਸ਼ਟਰ ਵਰਗੇ ਰਾਜਾਂ ਦੀ ਹਾਲਤ ਤਾਂ ਇਸ ਤੋਂ ਵੀ ਮਾੜੀ ਹੈ। ਇਹ ਮਜ਼ਦੂਰ ਅੱਜ ਜਿੰਨੇ ਦੁੱਖ ਸਹਿ ਰਹੇ ਹਨ, ਉਸ ਤੋਂ ਬਾਅਦ ਇਹ ਛੇਤੀ ਕੀਤੇ ਵਾਪਸ ਆਉਣ ਵਾਲੇ ਨਹੀਂ ਹਨ।
ਸਾਡੇ ਹਾਕਮਾਂ ਵਿੱਚ ਦੂਰਦ੍ਰਿਸ਼ਟੀ ਦੀ ਕਮੀ ਕਾਰਨ ਹੀ ਅੱਜ ਅਸੀਂ ਹਫੜਾ-ਤਫੜੀ ਵਾਲੀ ਸਥਿਤੀ ਵਿੱਚ ਪੁੱਜ ਚੁੱਕੇ ਹਾਂ। ਜ਼ਰਾ ਸੋਚੋ, ਜੇਕਰ ਲਾਕਡਾਊਨ ਤੋਂ ਪਹਿਲਾਂ ਰੇਲ ਗੱਡੀਆਂ ਚਲਾ ਕੇ ਇਨ੍ਹਾਂ ਮਜ਼ਦੂਰਾਂ ਨੂੰ ਘਰੋ-ਘਰੀ ਪੁਚਾ ਦਿੱਤਾ ਹੁੰਦਾ ਤਾਂ ਅੱਜ ਤੱਕ ਉਨ੍ਹਾਂ ਨੇ ਵਾਪਸ ਆਉਣ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਸੀ, ਪਰ ਪੂੰਜੀਵਾਦੀ ਸਿਸਟਮ ਵਿੱਚ ਮਜ਼ਦੂਰਾਂ ਨੂੰ ਮਨੁੱਖ ਸਮਝਿਆ ਹੀ ਨਹੀਂ ਜਾਂਦਾ, ਇਸ ਲਈ ਉਨ੍ਹਾਂ ਬਾਰੇ ਸੋਚਣ ਦੀ ਵਿਹਲ ਹਾਕਮਾਂ ਪਾਸ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਚਿੰਤਾ ਸਿਰਫ਼ ਆਪਣੇ ਵਰਗੇ ਲੋਕਾਂ ਦੀ ਹੈ। ਖਾਂਦੇ-ਪੀਂਦੇ, ਨ੍ਹਾਤੇ-ਧੋਤੇ ਲੋਕ ਹੀ ਸਿਰਫ਼ ਲੋਕ ਹਨ, ਉਨ੍ਹਾਂ ਨੂੰ ਬਦੇਸ਼ਾਂ ਤੋਂ ਮੁਫ਼ਤ ਹਵਾਈ ਜਹਾਜ਼ਾਂ ਰਾਹੀਂ ਲਿਆਂਦਾ ਗਿਆ, ਰਹਿਣ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਤੇ ਬੱਸਾਂ ਰਾਹੀਂ ਮੁਫ਼ਤ ਉਨ੍ਹਾਂ ਦੇ ਘਰਾਂ ਤੱਕ ਪੁਚਾਇਆ ਗਿਆ, ਪਰ ਨੰਗੇ, ਭੁੱਖੇ ਮਜ਼ਦੂਰਾਂ ਤੋਂ ਕਿਰਾਇਆ ਮੰਗਣਾ ਬੇਸ਼ਰਮੀ ਦੀ ਹੱਦ ਹੈ, ਪਰ ਅੱਜ ਕੋਰੋਨਾ ਕਾਲ ਨੇ ਸਿੱਧ ਕਰ ਦਿੱਤਾ ਹੈ ਕਿ ਕਿਰਤ ਤੋਂ ਬਿਨਾਂ ਪੂੰਜੀ ਦੀ ਕੋਈ ਕੀਮਤ ਨਹੀਂ ਹੈ। ਕਿਰਤ ਹੀ ਵਿਕਾਸ ਦੀ ਚਾਲਕ ਸ਼ਕਤੀ ਹੈ।
ਹਾਲੇ ਤਾਂ ਕੋਰੋਨਾ ਕਾਲ ਦੀ ਮੁੱਢਲੀ ਅਵਸਥਾ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਕੋਰੋਨਾ ਦਾ ਸੰਕਟ ਟਲ ਜਾਵੇਗਾ ਤਾਂ ਸਮੁੱਚੇ ਪੂੰਜੀਵਾਦੀ ਜਗਤ ਨੂੰ ਇੱਕ ਨਵੀਂ ਸਥਿਤੀ ਵਿੱਚ ਕਿਰਤ ਦੀ ਲੋੜ ਦਾ ਸਾਹਮਣਾ ਕਰਨਾ ਪਵੇਗਾ। ਦੇਸ਼ ਵਿੱਚ ਜਦੋਂ ਮਨਰੇਗਾ ਸ਼ੁਰੂ ਕੀਤਾ ਗਿਆ ਸੀ ਤਾਂ ਪਿੰਡਾਂ ਵਿੱਚ ਕੰਮ ਮਿਲਣ ਕਾਰਨ ਅਚਾਨਕ ਸ਼ਹਿਰਾਂ ਵਿੱਚ ਮੌਸਮੀ ਮਜ਼ਦੂਰਾਂ ਦੀ ਕਿੱਲਤ ਹੋ ਗਈ ਸੀ। ਉਸ ਸਮੇਂ ਸਭ ਸਨਅਤੀ ਸੰਗਠਨਾਂ ਨੇ ਮਨਰੇਗਾ ਨੂੰ ਉਦਯੋਗ ਵਿਰੋਧੀ ਕਰਾਰ ਦੇ ਕੇ ਇਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ। ਆਉਣ ਵਾਲਾ ਸਮਾਂ ਤਾਂ ਇਸ ਨਾਲੋਂ ਕਿਤੇ ਵੱਧ ਮੁਸ਼ਕਲਾਂ ਭਰਿਆ ਹੋਣ ਵਾਲਾ ਹੈ। ਇਸ ਮੌਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਨਾਲ ਬੰਧੂਆ ਮਜ਼ਦੂਰਾਂ ਵਰਗਾ ਵਿਹਾਰ ਕਰਨ ਦੀ ਥਾਂ ਉਨ੍ਹਾਂ ਪ੍ਰਤੀ ਮਾਨਵੀ ਪਹੁੰਚ ਅਪਣਾਏ। ਉਨ੍ਹਾਂ ਨੂੰ ਜਲਦੀ ਘਰੇ ਪੁਚਾਏ, ਹਰ ਪਰਵਾਰ ਦੇ ਖਾਤੇ ਵਿੱਚ ਨਗਦ ਸਹਾਇਤਾ ਰਾਸ਼ੀ ਪਾ ਕੇ ਉਨ੍ਹਾਂ ਦਾ ਭਰੋਸਾ ਜਿੱਤੇ, ਤਾਂ ਕਿ ਉਹ ਆਪਣੇ ਕੰਮ ਖੇਤਰ ਵਿੱਚ ਮੁੜ ਕੇ ਆ ਸਕਣ ਦਾ ਹੌਸਲਾ ਜੁਟਾ ਸਕਣ।
-ਚੰਦ ਫਤਿਹਪੁਰੀ

736 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper