Latest News
ਸਰਕਾਰ ਨੇ ਬਲੀ ਦੇ ਬੱਕਰੇ ਲੱਭ ਲਏ

Published on 07 May, 2020 08:35 AM.


ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਡਰ ਜਾਂ ਕੋਰੋਨਾ ਦਾ ਠੱਪਾ ਲੱਗਣੋਂ ਬਚਣ ਲਈ ਕੁਝ ਮਰੀਜ਼ਾਂ ਨੇ ਖੁਦ ਨੂੰ ਲੱਗੀ ਲਾਗ ਦੀ ਜਾਣਕਾਰੀ ਦਬਾਈ ਜਾਂ ਹਸਪਤਾਲ ਲੇਟ ਪੁੱਜੇ। ਨਤੀਜੇ ਵਜੋਂ ਜਾਨੀ ਨੁਕਸਾਨ ਵੱਧ ਹੋਇਆ। ਸਿਹਤ ਮੰਤਰੀ ਹਰਸ਼ ਵਰਧਨ ਨੇ ਸਭ ਤੋਂ ਵੱਧ ਪ੍ਰਭਾਵਤ ਰਾਜਾਂ ਮਹਾਰਾਸ਼ਟਰ ਤੇ ਗੁਜਰਾਤ ਦੇ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਵਿਚ ਕਿਹਾ ਕਿ ਉਹ ਮਰੀਜ਼ਾਂ ਦਾ ਪਤਾ ਲਾਉਣ, ਉਨ੍ਹਾਂ ਦੇ ਸੰਪਰਕ ਲੱਭਣ ਅਤੇ ਛੇਤੀ ਤੋਂ ਛੇਤੀ ਤਸ਼ਖੀਸ 'ਤੇ ਜ਼ੋਰ ਦੇਣ। ਮੰਤਰਾਲੇ ਨੇ ਕਿਹਾ ਕਿ ਕੁਝ ਜ਼ਿਲ੍ਹਿਆਂ ਵਿਚ ਵਧੇਰੇ ਮੌਤਾਂ ਦਾ ਕਾਰਨ ਲੋਕਾਂ ਨੂੰ ਕੋਰੋਨਾ ਦੇ ਲੱਛਣਾਂ ਬਾਰੇ ਘੱਟ ਜਾਣਕਾਰੀ ਹੋਣਾ ਲਗਦਾ ਹੈ। ਸਿਹਤ ਮੰਤਰਾਲੇ ਤੇ ਮੰਤਰੀ ਦੇ ਅਜਿਹੇ ਬਿਆਨਾਂ ਤੋਂ ਸਾਫ ਹੈ ਕਿ ਸਰਕਾਰ ਆਪਣੀ ਜ਼ਿੰਮੇਦਾਰੀ ਤੋਂ ਬਚਣ ਲਈ ਲੋਕਾਂ ਨੂੰ ਬਲੀ ਦਾ ਬਕਰਾ ਬਣਾਉਣ ਦੇ ਰਾਹ ਚੱਲ ਪਈ ਹੈ। ਹਕੀਕਤ ਇਹ ਹੈ ਕਿ ਜਿਸਮਾਨੀ ਵਕਫਾ ਰੱਖਣ, ਸਾਬਣ ਨਾਲ ਹੱਥ ਧੋਣ ਤੇ ਮਾਸਕ ਪਾਉਣ ਦੇ ਨਾਲ-ਨਾਲ ਟੱਲੀਆਂ ਖੜਕਵਾਉਣ, ਦੀਵੇ-ਮੋਮਬੱਤੀਆਂ ਜਗਵਾਉਣ ਦੀਆਂ ਸਲਾਹਾਂ ਦੇਣ ਤੋਂ ਇਲਾਵਾ ਸਰਕਾਰ ਨੇ ਕੁਝ ਨਹੀਂ ਕੀਤਾ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਬਿਮਾਰੀ ਪ੍ਰਤੀ ਚੌਕਸ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਲੋਕਾਂ 'ਤੇ ਦੇਰੀ ਨਾਲ ਹਸਪਤਾਲ ਪੁੱਜਣ ਦਾ ਦੋਸ਼ ਲਾਉਣਾ ਨਾਵਾਜਬ ਹੈ। ਅਧਿਕਾਰੀਆਂ ਨੇ ਸ਼ੁਰੂ ਵਿਚ ਮਾਮੂਲੀ ਜਾਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਨੂੰ ਇੱਕ ਪਾਲਿਸੀ ਵਜੋਂ ਟੈੱਸਟ ਕੀਤੇ ਬਿਨਾਂ ਮੋੜ ਦਿੱਤਾ। ਲੋਕ ਠੱਪਾ ਲੱਗਣ ਤੋਂ ਇਸ ਕਰਕੇ ਡਰਨ ਲੱਗੇ ਕਿ ਤਬਲੀਗੀ ਜਮਾਤ ਦੇ ਦਿੱਲੀ ਵਿਚ ਹੋਏ ਇਕੱਠ ਤੋਂ ਬਾਅਦ ਉਸ ਦੇ ਮੈਂਬਰਾਂ ਦੇ ਪਾਜ਼ੀਟਿਵ ਆਉਣ 'ਤੇ ਸਾਰੇ ਮੁਸਲਮਾਨਾਂ 'ਤੇ ਕੋਰੋਨਾ ਦਾ ਠੱਪਾ ਲਾ ਦਿੱਤਾ ਗਿਆ। ਸਰਕਾਰ ਤੇ ਗੋਦੀ ਮੀਡੀਆ ਨੇ ਗਿਣ-ਮਿੱਥ ਕੇ ਪ੍ਰਚਾਰ ਕੀਤਾ ਕਿ ਤਬਲੀਗੀ ਜਮਾਤ ਦੇ ਇਕੱਠ ਵਿਚ ਹਿੱਸਾ ਲੈ ਕੇ ਆਪਣੇ ਰਾਜਾਂ ਵਿਚ ਆਏ ਲੋਕਾਂ ਨੇ ਕੋਰੋਨਾ ਫੈਲਾਉਣ ਵਿਚ ਹਿੱਸਾ ਪਾਇਆ। ਸਿਹਤ ਮੰਤਰਾਲੇ ਦਾ ਅਧਿਕਾਰੀ ਆਪਣੀ ਰੋਜ਼ਾਨਾ ਬ੍ਰੀਫਿੰਗ ਵਿਚ ਖਾਸ ਤੌਰ 'ਤੇ ਜ਼ਿਕਰ ਕਰਦਾ ਸੀ ਕਿ ਕੁਲ ਕੇਸਾਂ ਵਿੱਚੋਂ ਏਨੇ ਫੀਸਦੀ ਤਬਲੀਗੀ ਜਮਾਤੀਆਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਹਨ। ਭਾਜਪਾ ਹਕੂਮਤ ਵਾਲੀਆਂ ਰਾਜ ਸਰਕਾਰਾਂ, ਖਾਸਕਰ ਯੂ ਪੀ ਦੀ ਯੋਗੀ ਸਰਕਾਰ ਨੇ ਵੀ ਇਸ ਦਾ ਕਾਫੀ ਪ੍ਰਚਾਰ ਕੀਤਾ। ਇਹੋ ਵਤੀਰਾ ਪੰਜਾਬ ਦੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਪ੍ਰਵਾਸੀ ਮਜ਼ਦੂਰਾਂ 'ਤੇ ਜ਼ਹਿਰੀਲੀ ਦਵਾਈ ਦਾ ਸਪਰੇਅ ਕੀਤਾ ਗਿਆ ਤੇ ਕੁਝ ਥਾਈਂ ਲੋਕਾਂ ਨੂੰ ਦਵਾਈ ਸਪਰੇਅ ਕਰਨ ਵਾਲੀਆਂ ਸੁਰੰਗਾਂ ਵਿੱਚੋਂ ਲੰਘਾਇਆ ਗਿਆ। ਅਜਿਹੀਆਂ ਹਰਕਤਾਂ ਨੇ ਹੀ ਲੋਕਾਂ ਨੂੰ ਡਰਾਇਆ। ਹਾਲਾਂਕਿ ਟੈਸਟਿੰਗ ਵਧਾਈ ਗਈ ਹੈ, ਪਰ ਡੇਢ ਮਹੀਨੇ ਬਾਅਦ ਵੀ ਮੁੱਖ ਧਿਆਨ ਉਨ੍ਹਾਂ ਵੱਲ ਹੀ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਾਹ ਬਹੁਤ ਔਖਾ ਆ ਰਿਹਾ ਹੈ ਜਾਂ ਨਮੂਨੀਆ ਹੋ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਹਲਕੇ ਲੱਛਣ ਵਾਲੇ ਲੋਕ ਵੱਡੀ ਗਿਣਤੀ ਵਿਚ ਇਲਾਜ ਦੇ ਦਾਇਰੇ ਤੋਂ ਬਾਹਰ ਰਹਿ ਜਾਣਗੇ ਅਤੇ ਉਹ ਹੋਰਨਾਂ ਨੂੰ ਵੀ ਲਾਗ ਲਾਉਣਗੇ। ਵਿਸ਼ਵ ਸਿਹਤ ਸੰਸਥਾ ਵੱਲੋਂ ਵੱਧ ਤੋਂ ਵੱਧ ਟੈੱਸਟ ਕਰਨ ਦੀ ਸਲਾਹ ਨੂੰ ਮੋਦੀ ਸਰਕਾਰ ਨੇ ਸ਼ੁਰੂ ਤੋਂ ਹੀ ਅਣਡਿੱਠ ਕੀਤਾ। ਦੋਸ਼ ਤਾਂ ਇਹ ਵੀ ਲੱਗ ਰਹੇ ਹਨ ਕਿ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ਘੱਟ ਦਿਖਾਉਣ ਲਈ ਜਾਣਬੁੱਝ ਕੇ ਟੈਸਟਿੰਗ ਘੱਟ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼-ਵਿਦੇਸ਼ ਵਿੱਚ ਵਾਹ-ਵਾਹ ਖੱਟੀ ਜਾ ਸਕੇ। ਪਿੱਛੇ ਜਿਹੇ ਚੀਨ ਤੋਂ ਟੈੱਸਟਿੰਗ ਕਿੱਟਾਂ ਆਈਆਂ ਵੀ ਤਾਂ ਉਨ੍ਹਾਂ ਨੂੰ ਨੁਕਸਦਾਰ ਦੱਸ ਕੇ ਉਨ੍ਹਾਂ ਦੀ ਵਰਤੋਂ ਰੋਕ ਦਿੱਤੀ ਗਈ, ਪਰ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਵੱਧ ਮੁਨਾਫ਼ਾ ਕਮਾਉਣ ਲਈ ਘਟੀਆ ਕਿੱਟਾਂ ਦਾ ਆਰਡਰ ਦੇਣ ਲਈ ਜ਼ਿੰਮੇਵਾਰ ਕੌਣ ਸੀ, ਜਦੋਂ ਕਿ ਚੀਨ ਵਧੀਆ ਕਵਾਲਟੀ ਦੀਆਂ ਕਿੱਟਾਂ ਵੀ ਤਿਆਰ ਕਰਦਾ ਹੈ। ਪਤਾ ਨਹੀਂ ਪ੍ਰਧਾਨ ਮੰਤਰੀ ਕਿਸ ਆਧਾਰ 'ਤੇ ਦਾਅਵੇ ਕਰੀ ਜਾ ਰਹੇ ਹਨ ਕਿ ਦੁਨੀਆ ਭਾਰਤ ਨੂੰ ਕੋਰੋਨਾ ਵਿਰੁੱਧ ਲੜਦਾ ਉਮੀਦਾਂ ਨਾਲ ਦੇਖ ਰਹੀ ਹੈ, ਜਦਕਿ ਕੇਸਾਂ ਤੇ ਮੌਤਾਂ ਵਿਚ ਦਿਨੋ-ਦਿਨ ਰਿਕਾਰਡ ਵਾਧਾ ਹੁੰਦਾ ਜਾ ਰਿਹਾ ਹੈ।

718 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper