Latest News
ਲੋਕਤੰਤਰ ਹੀ ਨਹੀਂ ਅਸੀਂ ਸਭ ਮਰ ਗਏ ਹਾਂ

Published on 10 May, 2020 10:27 AM.


ਬੀਤੇ ਸ਼ੁਕਰਵਾਰ ਮਹਾਂਰਾਸ਼ਟਰ ਤੋਂ ਮੱਧ ਪ੍ਰਦੇਸ਼ ਆਪਣੇ ਘਰਾਂ ਨੂੰ ਪੈਦਲ ਜਾ ਰਹੇ 20 ਮਜ਼ਦੂਰਾਂ ਵਿੱਚੋਂ 16 ਮਜ਼ਦੂਰ ਇੱਕ ਮਾਲ ਗੱਡੀ ਹੇਠਾਂ ਕੱਟ ਕੇ ਮਾਰੇ ਗਏ। ਇਸ ਹਾਦਸੇ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਰੇਲਵੇ ਲਾਈਨ ਵਿੱਚ ਮ੍ਰਿਤ ਸਰੀਰਾਂ ਦੇ ਲੋਥੜੇ ਤੇ ਭੁੱਖ ਮਿਟਾਉਣ ਲਈ ਲਿਆਂਦੀਆਂ ਰੋਟੀਆਂ ਖਿਲਰੀਆਂ ਪਈਆਂ ਹਨ।
ਇਸ ਹਾਦਸੇ ਸੰਬੰਧੀ ਅੰਗਰੇਜ਼ੀ ਅਖ਼ਬਾਰ ਟੈਲੀਗਰਾਫ ਦੀ ਮੁੱਖ ਸੁਰਖੀ ਹੈ, ''ਇਹ ਹਾਦਸਾ ਬਿਲਕੁੱਲ ਨਹੀਂ...।'' ਇਹ ਅਧੂਰਾ ਵਾਕ ਇਸ ਤਰ੍ਹਾਂ ਪੂਰਾ ਹੋ ਸਕਦਾ ਹੈ। ''ਇਹ ਹਾਦਸਾ ਬਿਲਕੁੱਲ ਨਹੀਂ, ਇੱਕ ਹੱਤਿਆ ਹੈ।'' ਇਸ ਹਾਦਸੇ ਬਾਰੇ ਸਵਰਾਜ ਇੰਡੀਆ ਦੇ ਯੋਗਿੰਦਰ ਯਾਦਵ ਦਾ ਇਹ ਕਥਨ ਬਿਲਕੁੱਲ ਸੱਚ ਹੈ ਕਿ, ''ਜਿਨ੍ਹਾਂ ਨੂੰ ਰੇਲ ਗੱਡੀ 'ਤੇ ਸਵਾਰ ਹੋਣਾ ਚਾਹੀਦਾ ਸੀ, ਜਦੋਂ ਉਹ ਰੇਲ ਗੱਡੀ ਹੇਠਾਂ ਆ ਕੇ ਮਾਰੇ ਜਾਂਦੇ ਹਨ ਤਾਂ ਇਹ ਸਿਰਫ਼ ਉਨ੍ਹਾਂ ਬੇਚਾਰਿਆਂ ਦੀ ਹੀ ਮੌਤ ਨਹੀਂ ਸਾਡੀ ਸਭ ਦੀ ਮੌਤ ਹੈ।'' ਰੇਲਵੇ ਵਿਭਾਗ ਨੇ ਇਸ ਘਟਨਾ ਉੱਤੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ। ਕਿਉਂਕਿ ਰੇਲਵੇ ਦਾ ਮੰਨਣਾ ਹੈ ਕਿ ਮਾਰੇ ਗਏ ਲੋਕਾਂ ਨੇ ਰੇਲਵੇ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ। ਰੇਲਵੇ ਲਾਈਨਾਂ ਉੱਤੇ ਤੁਰਨਾ ਗੈਰਕਾਨੂੰਨੀ ਹੈ, ਇਸ ਲਈ ਮਰਨ ਵਾਲਿਆਂ ਨੂੰ ਰੇਲਵੇ ਕੋਈ ਮੁਆਵਜ਼ਾ ਨਹੀਂ ਦੇਵੇਗਾ।
ਪਰ ਕਿਸੇ ਨੇ ਇਹ ਸੋਚਣ ਦੀ ਲੋੜ ਨਹੀਂ ਸਮਝੀ ਕਿ ਆਖਰ ਕਿਉਂ ਇਹ ਮਜ਼ਦੂਰ ਰੇਲ ਪਟੜੀ ਉੱਤੇ ਤੁਰਨ ਨੂੰ ਮਜਬੂਰ ਹੋਏ। ਆਮ ਕੱਚੇ ਰਾਹ ਜਾਂ ਸੜਕ 'ਤੇ ਤੁਰਨ ਨਾਲੋਂ ਰੇਲ ਪਟੜੀ 'ਤੇ ਜਾਂ ਨਾਲ-ਨਾਲ ਤੁਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਉੱਥੇ ਛੋਟੇ-ਛੋਟੇ ਪੱਥਰ ਦੇ ਟੁਕੜੇ ਖਿਲਰੇ ਹੁੰਦੇ ਹਨ। ਉਨ੍ਹਾਂ ਦੀ ਮਜਬੂਰੀ ਇਹ ਸੀ ਕਿ ਸਰਕਾਰ ਨੇ ਉਨ੍ਹਾਂ ਲਈ ਬਾਕੀ ਸਾਰੇ ਰਾਹ ਬੰਦ ਕਰ ਦਿੱਤੇ ਸਨ। ਪਹਿਲਾਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ, ਫਿਰ ਬੱਸਾਂ ਬੰਦ ਕਰ ਦਿੱਤੀਆਂ ਤੇ ਫਿਰ ਪੁਲਸ ਦੇ ਨਾਕੇ ਲਾ ਕੇ ਸੜਕਾਂ ਵੀ ਬੰਦ ਕਰ ਦਿੱਤੀਆਂ, ਘਰਾਂ ਨੂੰ ਇਨ੍ਹਾਂ ਮਜ਼ਦੂਰਾਂ ਲਈ ਸਿਰਫ਼ ਰੇਲ ਪਟੜੀਆਂ ਤੇ ਜੰਗਲਾਂ ਵਿੱਚੋਂ ਲੰਘਣ ਵਾਲੇ ਰਾਹ ਹੀ ਰਹਿ ਗਏ ਸਨ।
ਇਨ੍ਹਾਂ 16 ਤੇ ਇਨ੍ਹਾਂ ਵਰਗੇ ਅਨੇਕਾਂ ਰਾਹ ਵਿੱਚ ਦਮ ਤੋੜ ਗਏ ਮਜ਼ਦੂਰਾਂ ਦੀ ਮੌਤ ਨੂੰ ਲੋਕ ਇੱਕ ਆਮ ਹਾਦਸਾ ਸਮਝ ਕੇ ਭੁੱਲ ਜਾਣਗੇ, ਪਰ ਉਨ੍ਹਾਂ ਵਰਗੇ ਲੰਮੇ ਸਫ਼ਰ ਉੱਤੇ ਨਿਕਲੇ ਲੱਖਾਂ ਮਜ਼ਦੂਰ ਕਦੇ ਵੀ ਨਹੀਂ ਭੁਲਾ ਸਕਣਗੇ। ਅਸਲ ਵਿੱਚ ਰੇਲ ਲਾਈਨਾਂ ਵਿਚਕਾਰ ਪਏ ਮਨੁੱਖੀ ਮਾਸ ਦੇ ਟੁਕੜੇ ਮਜ਼ਦੂਰਾਂ ਦੇ ਨਹੀਂ ਸਾਡੀਆਂ ਆਪਣੀਆਂ ਲਾਸ਼ਾਂ ਦੇ ਸਨ, ਸਾਡੇ ਲੋਕਤੰਤਰ ਦੇ ਸਨ। ਪੂਰਬੀ ਵਰਧਮਾਨ ਦੇ ਰਾਜੇਸ਼ ਦੇਵਨਾਥ ਨੇ 'ਟੈਲੀਗਰਾਫ' ਨੂੰ ਦਸਿਆ ਕਿ ਜਦੋਂ ਮੈਂ ਰੇਲ ਲਾਈਨਾਂ ਵਿੱਚ ਪਈਆਂ ਲਾਸ਼ਾਂ ਦੀ ਤਸਵੀਰ ਦੇਖੀ ਤਾਂ ਮੈਂ ਕੰਬ ਗਿਆ। ਇਹ ਸਾਡੇ ਨਾਲ ਵੀ ਹੋ ਸਕਦਾ ਸੀ, ਜਦੋਂ ਅਸੀਂ ਬਿਹਾਰ ਦੇ ਰਕਸੌਲ ਤੋਂ ਝਾਝਾ ਤੱਕ 8 ਦਿਨ ਰੇਲ ਲਾਈਨ ਦੇ ਕਿਨਾਰੇ ਤੁਰੇ ਸੀ। ਜਦੋਂ ਮੇਰੇ ਭਰਾ ਨੇ ਮੈਨੂੰ ਟੀ ਵੀ ਦੇਖਦੇ ਨੂੰ ਤੱਕਿਆ ਤਾਂ ਉਸ ਨੇ ਝੱਟ ਟੀ ਵੀ ਬੰਦ ਕਰ ਦਿੱਤਾ। ਘਰ ਦੀਆਂ ਔਰਤਾਂ, ਜੋ ਮੇਰੇ ਆਉਣ ਉੱਤੇ ਖੁਸ਼ ਸਨ, ਰੋਣ ਲੱਗ ਪਈਆਂ। ਜਦੋਂ ਮੈਂ ਬਿਖਰੀਆਂ ਰੋਟੀਆਂ ਦੇਖੀਆਂ ਤਾਂ ਕਾਲਜੇ ਵਿੱਚੋਂ ਹੂਕ ਜਿਹੀ ਉੱਠੀ, ਮਧੂਬਨੀ ਵਿੱਚੋਂ ਅਸੀਂ ਵੀ ਜਿਹੜੀਆਂ ਰੋਟੀਆਂ ਬੰਨ੍ਹਕੇ ਲਿਆਏ ਸੀ, ਉਨ੍ਹਾਂ ਨਾਲ ਹੀ ਅਸੀਂ ਰਾਹ ਦੇ ਦਿਨ ਕੱਟੇ ਸਨ।''
ਦੇਵਨਾਥ ਨੇ ਕਿਹਾ, ''ਮੈਂ ਸਮਝ ਸਕਦਾਂ ਕਿ ਉਨ੍ਹਾਂ ਨੇ ਕਿਉਂ ਰੇਲ ਲਾਈਨ ਉੱਤੇ ਸਿਰ ਰੱਖਿਆ ਹੋਵੇਗਾ, ਇਹ ਥਕਾਵਟ ਦੀ ਇੰਤਹਾ ਸੀ, ਜਿਸ ਨਾਲ ਦੇਹ ਬੇਵੱਸ ਹੋ ਜਾਂਦੀ ਹੈ। ਲੋਹੇ ਦੀ ਪਟੜੀ ਉੱਤੇ ਸਿਰ ਰੱਖਣਾ ਕੋਈ ਅਰਾਮਦੇਹ ਨਹੀਂ ਹੁੰਦਾ ਪਰ ਇਹ ਸਾਨੂੰ ਸਾਡੇ ਘਰ ਦਾ ਰਸਤਾ ਦਿਖਾਉਂਦੀ ਰਹਿੰਦੀ ਹੈ।'' ਰਾਜੇਸ਼ ਨੇ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਦੱਸਿਆ ਕਿ ਦੋ ਮਈ ਨੂੰ 200 ਕਿਲੋਮੀਟਰ ਤੁਰ ਚੁੱਕਣ ਤੋਂ ਬਾਅਦ ਉਹ ਇਸੇ ਤਰ੍ਹਾਂ ਕੁਝ ਮਿੰਟਾਂ ਲਈ ਅਰਾਮ ਕਰਨ ਵਾਸਤੇ ਰੇਲਵੇ ਲਾਈਨਾਂ ਵਿਚਕਾਰ ਬੈਠੇ ਸਨ। ਸਾਨੂੰ ਪਤਾ ਹੀ ਨਾ ਲੱਗਾ ਕਦੋਂ ਸਾਡੀ ਅੱਖ ਲੱਗ ਗਈ।
ਲਾਕਡਾਊਨ ਦੇ ਤੁਰੰਤ ਬਾਅਦ ਸ਼ੁਰੂ ਹੋਇਆ ਮਜ਼ਦੂਰਾਂ ਦਾ ਇਹ 'ਲੌਂਗ ਮਾਰਚ' ਹਾਲੇ ਹੋਰ ਕਦੋਂ ਤੱਕ ਚਲਦਾ ਰਹੇਗਾ ਤੇ ਕਿੰਨੇ ਹੋਰ ਇਸ ਦੀ ਬਲੀ ਚੜ੍ਹ ਜਾਣਗੇ, ਕਿਹਾ ਨਹੀਂ ਜਾ ਸਕਦਾ। ਹਾਕਮ 85% ਤੇ 15% ਦੇ ਚੱਕਰ ਵਿੱਚ ਉਲਝਿਆ ਹੋਇਆ ਹੈ। ਮੋਦੀ ਨੇ ਇੱਕ ਵਾਰ ਠੀਕ ਹੀ ਕਿਹਾ ਸੀ ਕਿ ਵਪਾਰ ਮੇਰੇ ਖ਼ੂਨ ਵਿੱਚ ਹੈ। ਅੱਜ ਜਦੋਂ ਲਾਸ਼ਾਂ 'ਤੇ ਵੀ ਪੈਸੇ ਕਮਾਉਣ ਦੀ ਘਿਨੌਣੀ ਖੇਡ ਖੇਡੀ ਜਾ ਰਹੀ ਹੈ ਤਾਂ ਉਹ ਆਪਣੇ ਕਹੇ ਨੂੰ ਹੀ ਅਮਲੀਜਾਮਾ ਪਹਿਨਾ ਰਿਹਾ ਹੈ।
ਪਹਿਲਾ 'ਲੌਂਗ ਮਾਰਚ' 16 ਅਕਤੂਬਰ 1934 ਤੋਂ 20 ਅਕਤੂਬਰ 1935 ਤੱਕ ਮਾਓ ਦੀ ਅਗਵਾਈ ਵਿੱਚ ਚੀਨ ਵਿੱਚ ਚੱਲਿਆ ਸੀ। ਇਸ ਮਾਰਚ ਵਿੱਚ ਇੱਕ ਲੱਖ ਲੋਕ ਤੁਰੇ ਸਨ ਤੇ ਅੰਤ ਨੂੰ ਮੰਜ਼ਲ ਉੱਤੇ 20 ਹਜ਼ਾਰ ਹੀ ਪਹੁੰਚ ਸਕੇ ਸਨ। ਉਹ ਮਾਰਚ ਸਮਾਜਿਕ ਬਦਲਾਅ ਲਈ ਸੀ। ਪਰ ਅੱਜ ਦਾ ਮਜ਼ਦੂਰਾਂ ਦਾ 'ਲੌਂਗ ਮਾਰਚ' ਮਜਬੂਰ ਤੇ ਭੁੱਖ ਨਾਲ ਲੜ ਰਹੇ ਲੋਕਾਂ ਦਾ ਮਾਰਚ ਹੈ। ਇਸ ਲੌਂਗ ਮਾਰਚ ਦੌਰਾਨ ਕਿੰਨੇ ਲੋਕ ਰਾਹਾਂ ਵਿੱਚ ਖ਼ਤਮ ਹੋ ਜਾਣਗੇ, ਇਸ ਦਾ ਹਿਸਾਬ ਕੋਈ ਨਹੀਂ ਰੱਖੇਗਾ। ਸ਼ੁਕਰਵਾਰ ਦੀ ਸਵੇਰ ਨੂੰ 16 ਮਜ਼ਦੂਰਾਂ ਦੇ ਮਾਰੇ ਜਾਣ ਦੀ ਖ਼ਬਰ ਆਈ। ਸ਼ਾਮ ਨੂੰ ਲਖਨਊ ਤੋਂ ਛੱਤੀਸਗੜ੍ਹ ਲਈ ਸਾਈਕਲ ਉੱਤੇ ਨਿਕਲੇ ਪਰਵਾਰ ਨੂੰ ਕੋਈ ਵਾਹਨ ਕੁਚਲ ਗਿਆ। ਮਾਂ-ਬਾਪ ਮੌਕੇ ਉੱਤੇ ਮਰ ਗਏ, ਦੋ ਬੱਚੇ ਗੰਭੀਰ ਜ਼ਖ਼ਮੀ ਹਨ।
ਉੱਤਰ ਪ੍ਰਦੇਸ਼ ਦੇ ਮਹਿਰਾਜ ਗੰਜ ਦੇ ਦੋ ਮਜ਼ਦੂਰ ਤਬਾਰਕ ਅੰਸਾਰੀ ਤੇ ਰਮੇਸ਼ ਗੌੜ ਮਹਾਂਰਾਸ਼ਟਰ ਦੇ ਭਿਵੰਡੀ ਵਿੱਚ ਕੰਮ ਕਰਦੇ ਸਨ। ਇਸ ਆਸ ਨਾਲ ਟਿਕੇ ਰਹੇ ਕਿ ਲਾਕਡਾਊਨ ਤੋਂ ਬਾਅਦ ਮੁੜ ਕੰਮ ਸ਼ੁਰੂ ਹੋ ਜਾਵੇਗਾ, ਪਰ ਜਦੋਂ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਤਾਂ ਉਨ੍ਹਾਂ ਘਰ ਵਾਲਿਆਂ ਤੋਂ ਪੈਸੇ ਮੰਗਾ ਕੇ ਸਾਈਕਲ ਖਰੀਦੇ ਤੇ ਲੰਮੇ ਸਫ਼ਰ ਉੱਤੇ ਚਲ ਪਏ। ਪੰਜ ਦਿਨਾਂ ਵਿੱਚ ਜਦੋਂ ਉਹ 390 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੱਧ ਪ੍ਰਦੇਸ਼ ਦੀ ਸਰਹੱਦ ਉੱਤੇ ਪੁੱਜੇ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਇਥੇ ਹੀ ਪਰਚੇ ਬਣਾਉਣ ਲਈ ਲਾਈਨ ਵਿੱਚ ਖੜ੍ਹਾ ਤਬਾਰਕ ਕੰਬਣ ਲੱਗ ਪਿਆ ਤੇ ਹਸਪਤਾਲ ਲਿਜਾਦਿਆਂ ਰਾਹ ਵਿੱਚ ਦਮ ਤੋੜ ਗਿਆ।
ਨਾਸਿਕ ਹਾਈਵੇ ਉੱਤੇ ਪੈਦਲ ਤੁਰੇ ਜਾਂਦੇ ਇੱਕ ਬਿਹਾਰੀ ਮਜ਼ਦੂਰ ਦੀ ਮੌਤ ਹੋ ਗਈ। ਉਸ ਦੀ ਲਾਸ਼ ਛੇ ਘੰਟੇ ਸੜਕ ਉੱਤੇ ਪਈ ਰਹੀ। ਰਾਤ 9 ਵਜੇ ਪੁਲਸ ਨੇ ਆ ਕੇ ਲਾਸ਼ ਚੁੱਕੀ। ਟੀ ਵੀ ਦੀ ਖ਼ਬਰ ਮੁਤਾਬਕ ਉਸ ਦੀ ਮੌਤ ਭੁੱਖ ਤੇ ਥਕਾਵਟ ਨਾਲ ਹੋਈ ਸੀ। ਰਵੀ ਮੁੰਡਾ ਨਾਗਰਪੁਰ ਤੋਂ ਝਾਰਖੰਡ ਲਈ 1200 ਕਿਲੋਮੀਟਰ ਦੇ ਸਫ਼ਰ ਉੱਤੇ 7 ਹੋਰਾਂ ਨਾਲ ਪੈਦਲ ਨਿਕਲਿਆ ਸੀ। ਬਿਲਾਸਪੁਰ ਜਾ ਕੇ ਉਸ ਦੀ ਸਿਹਤ ਵਿਗੜ ਗਈ। ਸਾਥੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਕਿਹਾ ਮਰ ਚੁੱਕਾ ਹੈ। ਨਾਲ ਵਾਲੇ ਸੱਤ ਘਰਾਂ ਤੱਕ ਪੁੱਜੇ ਹਨ ਜਾਂ ਨਹੀਂ, ਕਿਸੇ ਨੂੰ ਖ਼ਬਰ ਨਹੀਂ।
ਗੁਜਰਾਤ ਦੇ ਅੰਕਲੇਸ਼ਵਰ ਤੋਂ ਰਾਜ ਸਾਹਨੀ ਯੂ ਪੀ ਲਈ ਸਾਈਕਲ ਉੱਤੇ ਚੱਲਿਆ ਸੀ, ਵਡੋਦਰਾ ਪਹੁੰਚ ਕੇ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਝਾੜੀਆਂ ਵਿੱਚੋਂ ਮਿਲੀ, ਕੋਲ ਸਾਈਕਲ ਪਈ ਸੀ। ਹੈਦਰਾਬਾਦ ਤੋਂ 13 ਮਜ਼ਦੂਰ ਟਰੱਕ ਵਿੱਚ ਲੁਕ ਕੇ ਯੂ ਪੀ ਜਾ ਰਹੇ ਸਨ। ਮੱਧ ਪ੍ਰਦੇਸ਼ ਵਿੱਚ ਟਰੱਕ ਉਲਟ ਗਿਆ ਤਾਂ 5 ਮਜ਼ਦੂਰ ਮਾਰੇ ਗਏ ਤੇ ਬਾਕੀ ਜ਼ਖ਼ਮੀ ਹੋ ਗਏ।
ਇਹ ਕੁਝ ਕੁ ਕਹਾਣੀਆਂ ਹਨ, ਅਸਲੀਅਤ ਇਹ ਹੈ ਕਿ ਅੱਜ ਹਰ ਸ਼ਹਿਰ ਵਿੱਚੋਂ ਮਜ਼ਦੂਰ ਆਪਣੇ ਘਰਾਂ ਨੂੰ ਭੱਜ ਰਹੇ ਹਨ। ਇਹ ਗਿਣਤੀ ਲੱਖਾਂ ਵਿੱਚ ਹੈ। ਇਨ੍ਹਾਂ ਵਿੱਚ ਔਰਤਾਂ, ਬੱਚੇ, ਬਜ਼ੁਰਗ, ਬਿਮਾਰ ਤੇ ਤੁਰਨੋਂ ਆਹਰੀ ਲੋਕ ਵੀ ਹਨ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਦੇਸ਼ ਦਾ ਨਿਰਮਾਣ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਇਸ ਤਰ੍ਹਾਂ ਮਰਨ ਲਈ ਉਨ੍ਹਾਂ ਦੇ ਹਾਲ ਉੱਤੇ ਛੱਡ ਦਿੱਤਾ ਗਿਆ ਹੈ।
-ਚੰਦ ਫਤਿਹਪੁਰੀ

681 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper