Latest News
ਹਾਕਮ ਨੂੰ ਕਿਵੇਂ ਨੀਂਦ ਆ ਰਹੀ ਹੈ

Published on 11 May, 2020 09:43 AM.


ਕਿਸੇ ਵੀ ਸੰਪਾਦਕ ਦੇ ਦਿਨ ਦੀ ਸ਼ੁਰੂਆਤ ਅਖਬਾਰਾਂ ਪੜ੍ਹਨ ਬਾਅਦ ਇਹ ਸੋਚਣ ਤੋਂ ਹੁੰਦੀ ਹੈ ਕਿ ਅੱਜ ਲਿਖਣ ਲਈ ਕਿਹੜਾ ਵਿਸ਼ਾ ਲੱਭਿਆ ਜਾਵੇ, ਪਰ ਜਦੋਂ ਦਾ ਕੋਰੋਨਾ ਦਾ ਕਹਿਰ ਵਾਪਰਨਾ ਸ਼ੁਰੂ ਹੋਇਆ ਹੈ, ਹੁਣ ਇਹ ਸੋਚਣਾ ਪੈਂਦਾ ਹੈ ਕਿ ਕਿਹੜਾ ਵਿਸ਼ਾ ਚੁਣਿਆ ਜਾਵੇ ਤੇ ਕਿਹੜਾ ਛੱਡ ਦਿੱਤਾ ਜਾਵੇ। ਅੱਜ ਜਦੋਂ ਲਿਖਣ ਬੈਠਾ ਹਾਂ ਤਾਂ ਬਹੁਤ ਸਾਰੇ ਅਹਿਮ ਮੁੱਦੇ ਸੋਚ ਦੇ ਸਮੁੰਦਰ ਵਿੱਚ ਤਾਰੀਆਂ ਲਾ ਰਹੇ ਹਨ। ਮਜ਼ਦੂਰਾਂ ਵੱਲੋਂ 134 ਸਾਲਾਂ ਦੇ ਲੰਮੇ ਸੰਘਰਸ਼ ਵਜੋਂ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਨੂੰ ਬਹੁਤ ਸਾਰੇ ਰਾਜਾਂ ਨੇ ਇੱਕੋ ਝਟਕੇ ਨਾਲ ਖ਼ਤਮ ਕਰਕੇ ਉਨ੍ਹਾਂ ਨੂੰ ਮੁੜ ਡੇਢ ਸਦੀ ਪਹਿਲਾਂ ਵਾਲੀ ਗੁਲਾਮਦਾਰੀ ਦੀ ਹਾਲਤ ਵਿੱਚ ਪੁਚਾਉਣ ਦਾ ਰਾਹ ਮੱਲ ਲਿਆ ਹੈ। ਵਿਸ਼ਾ ਇਹ ਵੀ ਅਹਿਮ ਹੈ ਕਿ ਆਰਥਿਕਤਾ ਨੂੰ ਪੰਜ ਟ੍ਰਿਲੀਅਨ ਉੱਤੇ ਪੁਚਾਉਣ ਦੀਆਂ ਟਾਹਰਾਂ ਦਾ ਹਸ਼ਰ ਇਹ ਹੋ ਚੁੱਕਾ ਹੈ ਕਿ ਰੇਟਿੰਗ ਏਜੰਸੀ ਮੂਡੀ ਨੇ ਭਾਰਤ ਦੀ ਵਿਕਾਸ ਦਰ ਸਿਫ਼ਰ ਉੱਤੇ ਪੁੱਜ ਜਾਣ ਦੀ ਭਵਿੱਖਬਾਣੀ ਕਰਕੇ ਸਭ ਅਰਥ ਸ਼ਾਸ਼ਤਰੀਆਂ ਨੂੰ ਦੰਦਲਾਂ ਪਾ ਦਿੱਤੀਆਂ ਹਨ। ਮਸਲਾ ਇਹ ਵੀ ਘੱਟ ਅਹਿਮ ਨਹੀਂ ਕਿ ਰਾਏ ਸੀਨਾ ਹਿੱਲ ਵਿਚਲੇ ਪੀ ਐੱਮ ਕੇਅਰਜ਼ ਫੰਡ ਵਾਲੇ ਨੱਕੋ-ਨੱਕ ਭਰ ਚੁੱਕੇ ਖ਼ੂਹ ਉੱਤੇ ਇੱਕ ਜ਼ਹਿਰੀ ਸੱਪ ਕੁੰਡਲੀ ਮਾਰ ਕੇ ਬਹਿ ਗਿਆ ਹੈ ਤੇ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਫਕੀਰ ਹਾਂ, ਝੋਲਾ ਚੁਕਾਂਗਾ ਤੇ ਤੁਰ ਪਵਾਂਗਾ, ਪਰ ਉਹ ਆਪਣੇ ਝੋਲੇ ਨੂੰ ਲਾਸ਼ਾਂ ਦੇ ਵਪਾਰ ਰਾਹੀਂ ਨੋਟਾਂ ਨਾਲ ਭਰਨ ਵਿੱਚ ਮਸਰੂਫ ਹੈ। ਹੋਰ ਵੀ ਅਨੇਕਾਂ ਮੁੱਦੇ ਹਨ, ਪਰ ਇਸ ਸਮੇਂ ਮਾਤ ਦਿਵਸ ਦੇ ਆਖਰੀ ਪਹਿਰ ਰਾਤੀਂ ਪੜ੍ਹੀ ਇੱਕ ਘਟਨਾ ਦੀ ਤਸਵੀਰ ਮਨ-ਮਸਤਿਕ ਉਪਰ ਛਾਈ ਹੋਈ ਹੈ। ਇਹ ਦੁਖਾਂਤਕ ਵੀ ਤੇ ਸੁਖਾਂਤਕ ਵੀ। ਘਟਨਾ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੀ ਹੈ। ਕੋਈ ਕਲਪਨਾ ਕਰ ਸਕਦਾ ਹੈ ਕਿ ਇੱਕ 9 ਮਹੀਨੇ ਦੀ ਗਰਭਵਤੀ ਔਰਤ ਭੁੱਖ ਦੇ ਦੁੱਖੋਂ ਸੈਂਕੜੇ ਮੀਲ ਲੰਮੇ ਸਫ਼ਰ ਉੱਤੇ ਨਿਕਲ ਤੁਰੇ, 70 ਕਿਲੋਮੀਟਰ ਜਾ ਕੇ ਇੱਕ ਬੱਚੇ ਨੂੰ ਜਨਮ ਦੇ ਕੇ ਮੁੜ ਉਸ ਨੂੰ ਗੋਦੀ ਚੁੱਕੀ 160 ਕਿਲੋਮੀਟਰ ਦਾ ਪੈਂਡਾ ਆਪਣੇ ਪੈਰਾਂ ਨਾਲ ਨਾਪ ਸੁੱਟੇ, ਪਰ ਇਹ ਕੋਈ ਪਰੀ ਕਹਾਣੀ ਨਹੀਂ, ਸੱਚ ਹੈ।
ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਦੋਂ ਲਾਕਡਾਊਨ ਕੀਤਾ ਗਿਆ ਤਾਂ ਨਾਸਿਕ ਵਿੱਚ ਕੰਮ ਕਰਦੇ 16 ਮਜ਼ਦੂਰਾਂ ਦੀ ਨੌਕਰੀ ਚਲੀ ਗਈ। ਇਹ ਸੋਚ ਕੇ ਕਿ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਕੰਮ ਮੁੜ ਮਿਲ ਜਾਵੇਗਾ, ਉਹ ਟਿਕੇ ਰਹੇ। ਮੁੜ ਦੂਜੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਵੀ ਉਨ੍ਹਾਂ ਉਮੀਦ ਕਾਇਮ ਰੱਖੀ, ਪਰ ਤੀਜੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਦਾ ਸਬਰ ਜਵਾਬ ਦੇ ਗਿਆ। ਨਾ ਪੱਲੇ ਪੈਸਾ ਬਚਿਆ, ਨਾ ਕਿਤੋਂ ਰਾਸ਼ਨ ਦੀ ਉਮੀਦ ਰਹੀ। ਆਖਰ ਇਨ੍ਹਾਂ 16 ਮਜ਼ਦੂਰਾਂ ਨੇ 1000 ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿਚਲੇ ਆਪਣੇ ਪਿੰਡ ਪੁੱਜਣ ਲਈ ਪੈਦਲ ਮਾਰਚ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚ ਰਾਕੇਸ਼, ਉਸ ਦੀ ਪਤਨੀ ਸ਼ਕੁੰਤਲਾ ਤੇ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਵੀ ਸੀ। ਸ਼ੰਕੁਤਲਾ 9 ਮਹੀਨੇ ਦੀ ਗਰਭਵਤੀ ਸੀ। ਮਜ਼ਦੂਰਾਂ ਦਾ ਇਹ ਕਾਫ਼ਲਾ 5 ਮਈ ਨੂੰ ਜਦੋਂ 70 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਿੱਪਲਗਾਂਵ ਪਹੁੰਚਾ ਤਾਂ ਸ਼ਕੁੰਤਲਾ ਨੂੰ ਜੰਮਣ-ਪੀੜਾਂ ਸ਼ੁਰੂ ਹੋ ਗਈਆਂ। ਸਾਥੀ ਔਰਤਾਂ ਦੀ ਮਦਦ ਨਾਲ ਉਸ ਨੇ ਸੜਕ ਕਿਨਾਰੇ ਬੱਚੇ ਨੂੰ ਜਨਮ ਦਿੱਤਾ। ਦੋ ਘੰਟੇ ਅਰਾਮ ਕਰਨ ਤੋਂ ਬਾਅਦ ਸਫ਼ਰ ਫਿਰ ਸ਼ੁਰੂ ਹੋ ਗਿਆ। ਰਾਹ ਵਿੱਚ ਧੁਲੇ ਸ਼ਹਿਰ ਅੰਦਰ ਇੱਕ ਸਿੱਖ ਪਰਵਾਰ ਨੇ ਨਵਜਾਤ ਬੱਚੇ ਲਈ ਕੱਪੜੇ ਤੇ ਹੋਰ ਸਾਮਾਨ ਦਿੱਤਾ। ਆਖਰ 160 ਕਿਲੋਮੀਟਰ ਦਾ ਹੋਰ ਪੈਂਡਾ ਤੈਅ ਕਰਕੇ ਇਹ ਕਾਫ਼ਲਾ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੀ ਸਰਹੱਦ ਉੱਤੇ ਸਥਿਤ ਬਿਸਾਜਨ ਸ਼ਹਿਰ ਦੇ ਪੁਲਸ ਨਾਕੇ ਉੱਤੇ ਪੁੱਜਾ। ਬਿਸਾਜਨ ਪੁਲਸ ਦੀ ਇੰਚਾਰਜ ਕਵਿਤਾ ਕਨੇਸ਼ ਨੇ ਜਦੋਂ ਇੱਕ ਔਰਤ ਨੂੰ ਇੱਕ ਨਵਜੰਮੇ ਬੱਚੇ ਨੂੰ ਚੁੱਕੀ ਹੋਈ ਦੇਖਿਆ ਤਾਂ ਉਹ ਦੰਗ ਰਹਿ ਗਈ। ਉਸ ਨੇ ਤੁਰੰਤ ਸ਼ਕੁੰਤਲਾ ਨੂੰ ਆਪਣੇ ਕੋਲ ਬੁਲਾ ਕੇ ਉਸ ਦੀ ਸਾਰੀ ਕਹਾਣੀ ਸੁਣੀ। ਕਵਿਤਾ ਦੇ ਕਹਿਣ 'ਤੇ ਪੁਲਸ ਮੁਲਾਜ਼ਮਾਂ ਨੇ ਸਭ ਮਜ਼ਦੂਰਾਂ ਲਈ ਭੋਜਨ ਤੇ ਪਾਣੀ ਦਾ ਪ੍ਰਬੰਧ ਕੀਤਾ। ਨੰਗੇ ਪੈਰੀਂ ਬੱਚਿਆਂ ਲਈ ਜੁੱਤੀਆਂ ਲਿਆ ਕੇ ਦਿੱਤੀਆਂ।
ਇਹ ਘਟਨਾ ਕੁਝ ਸਵਾਲ ਵੀ ਕਰਦੀ ਹੈ ਤੇ ਕੁਝ ਜਵਾਬ ਵੀ ਦਿੰਦੀ ਹੈ। ਸਵਾਲ ਇਹੋ ਹੈ ਕਿ ਘਰਾਂ ਨੂੰ ਲੰਮੇ ਸਫ਼ਰ 'ਤੇ ਨਿਕਲੇ ਮਜ਼ਦੂਰਾਂ ਨਾਲ ਨਿੱਤ ਵਾਪਰਦੀਆਂ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਹੁਕਮਰਾਨਾਂ ਨੂੰ ਨੀਂਦ ਕਿਵੇਂ ਆ ਜਾਂਦੀ ਹੈ। ਇਹ ਘਟਨਾ ਸਮਾਜ ਨੂੰ ਇਹ ਦੱਸਣ ਲਈ ਕਾਫ਼ੀ ਹੈ ਕਿ ਭੁੱਖ ਤੋਂ ਵੱਡੀ ਕੋਈ ਆਫ਼ਤ ਨਹੀਂ ਹੁੰਦੀ, ਕੋਰੋਨਾ ਵੀ ਨਹੀਂ। ਰਾਕੇਸ਼ ਤੇ ਸ਼ਕੁੰਤਲਾ ਜਾਣਦੇ ਸਨ ਕਿ ਇਸ ਹਾਲਤ ਵਿੱਚ ਤੁਰਿਆਂ ਮਾਂ ਤੇ ਬੱਚੇ ਦੀ ਜਾਨ ਵੀ ਜਾ ਸਕਦੀ ਹੈ, ਪਰ ਭੁੱਖ ਨਾਲ ਤੜਫ-ਤੜਫ ਕੇ ਮਰਨ ਨਾਲੋਂ ਉਨ੍ਹਾਂ ਤੁਰਨ ਵਾਲਾ ਰਾਹ ਚੁਣਿਆ। ਇਹ ਘਟਨਾ ਹਾਰੇ-ਹੁੱਟੇ ਲੋਕਾਂ ਲਈ ਇੱਕ ਆਸ ਦੀ ਕਿਰਨ ਵੀ ਹੈ ਕਿ ਮਜ਼ਬੂਤ ਇੱਛਾ-ਸ਼ਕਤੀ ਨਾਲ ਮਨੁੱਖ ਹਰ ਮੁਸ਼ਕਲ ਉਤੇ ਫਤਿਹ ਪਾ ਸਕਦਾ ਹੈ।
- ਚੰਦ ਫਤਿਹਪੁਰੀ

1054 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper