Latest News
ਉਹ ਮੁੜ ਕੇ ਜ਼ਰੂਰ ਆਉਣਗੇ

Published on 12 May, 2020 11:01 AM.

ਖਾੜੀ ਦੇ ਦੇਸ਼ਾਂ, ਯੂਰਪ ਤੇ ਅਮਰੀਕਾ ਵਿੱਚ ਫਸੇ ਹਜ਼ਾਰਾਂ ਭਾਰਤੀ ਹਵਾਈ ਜਹਾਜ਼ਾਂ ਰਾਹੀਂ ਦਿੱਲੀ, ਲਖਨਊ ਤੇ ਚੇਨਈ ਸਮੇਤ ਦੇਸ਼ ਦੇ ਸਭ ਵੱਡੇ ਹਵਾਈ ਅੱਡਿਆਂ 'ਤੇ ਉੱਤਰ ਰਹੇ ਹਨ। ਜਦੋਂ ਇਹ ਵਿਦੇਸ਼ 'ਚ ਹਵਾਈ ਅੱਡਿਆਂ 'ਤੇ ਪੁੱਜੇ ਸਨ ਤਾਂ ਭਾਰਤੀ ਰਾਜਦੂਤਾਂ ਨੇ ਇਨ੍ਹਾਂ ਦਾ ਸਵਾਗਤ ਕੀਤਾ। ਇਨ੍ਹਾਂ ਦੇ ਦੇਸ਼ ਦੇ ਹਵਾਈ ਅੱਡਿਆਂ 'ਤੇ ਉਤਰਨ ਦੀਆਂ ਤਸਵੀਰਾਂ ਸਥਾਨਕ ਅਖਬਾਰਾਂ ਦੇ ਪਹਿਲੇ ਪੰਨਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਇਹ ਸਵਾਗਤਯੋਗ ਹੈ, ਇਸ 'ਤੇ ਕਿਸੇ ਨੂੰ ਕੋਈ ਕਿੰਤੂ-ਪ੍ਰੰਤੂ ਨਹੀਂ ਹੋ ਸਕਦਾ, ਪਰ ਜਦੋਂ ਇਹ ਹਵਾਈ ਜਹਾਜ਼ ਭਾਰਤ ਦੇ ਅਸਮਾਨ ਵਿੱਚ ਦਾਖ਼ਲ ਹੋਏ ਸਨ ਤਾਂ ਉਸ ਸਮੇਂ ਹੇਠਾਂ ਧਰਤੀ 'ਤੇ ਲੱਖਾਂ ਮਜ਼ਦੂਰ ਹਵਾਈ ਚੱਪਲਾਂ ਪਾਈ ਆਪਣੇ ਘਰਾਂ ਨੂੰ ਜਾਣ ਲਈ ਹਜ਼ਾਰਾਂ ਮੀਲ ਦਾ ਪੈਂਡਾ ਆਪਣੇ ਪੈਰੀਂ ਨਾਪ ਰਹੇ ਸਨ। ਇਨ੍ਹਾਂ ਦਾ ਸਵਾਗਤ ਥਾਂ-ਥਾਂ 'ਤੇ ਪੁਲਸ ਦੇ ਡੰਡੇ ਕਰ ਰਹੇ ਹਨ ਤੇ ਹਰ ਸੂਬੇ ਦੀ ਹੱਦ 'ਤੇ ਰੋਕ ਕੇ ਇਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਰੇਲ ਪਟੜੀਆਂ ਕੰਢੇ ਖਿੱਲਰੇ ਪੱਥਰਾਂ ਦੀ ਚੋਬ ਤੋਂ ਕਸੀਸਾਂ ਵੱਟਦੇ, ਨੰਗੇ ਪੈਰੀਂ ਪਲਾਸਟਿਕ ਦੀਆਂ ਬੋਤਲਾਂ ਨੂੰ ਚੱਪਲਾਂ ਬਣਾ ਕੇ ਪੈਰ ਘਸੀਟਦੇ, ਫਟੀਆਂ ਬਿਆਈਆਂ ਤੇ ਫਟੇ ਛਾਲਿਆਂ ਦੀ ਚੀਸ ਨੂੰ ਮੂੰਹ 'ਚ ਘੁੱਟਦੇ ਤੇ ਬਿਰਧ ਮਾਵਾਂ ਨੂੰ ਪਿੱਠਾਂ 'ਤੇ ਚੁੱਕੀ ਤੁਰੇ ਜਾਂਦੇ ਇਨ੍ਹਾਂ ਮਜ਼ਦੂਰਾਂ ਦੀ ਪੀੜ ਸਿਰਫ਼ ਉਹੀ ਸਮਝ ਸਕਦੇ ਹਨ, ਜਿਨ੍ਹਾਂ 1947 ਦੇ ਬਟਵਾਰੇ ਦਾ ਦਰਦ ਆਪਣੇ ਪਿੰਡਿਆਂ ਉੱਤੇ ਹੰਢਾਇਆ ਸੀ। ਕਿਹਾ ਜਾ ਸਕਦਾ ਹੈ ਕਿ ਹੁਣ ਜਦੋਂ ਸਰਕਾਰ ਨੇ ਗੱਡੀਆਂ ਚਲਾ ਦਿੱਤੀਆਂ ਹਨ ਤਾਂ ਇਹ ਫਿਰ ਕਿਉਂ ਤੁਰੇ ਜਾ ਰਹੇ ਹਨ। ਇਸ ਕਰੋਨੌਲੋਜੀ ਨੂੰ ਵੀ ਸਮਝਣ ਦੀ ਲੋੜ ਹੈ। ਪੰਜਾਬ ਵਿੱਚ 10 ਲੱਖ ਪੰਜਾਬੀ ਮਜ਼ਦੂਰਾਂ ਨੇ ਘਰ ਜਾਣ ਲਈ ਆਪਣਾ ਨਾਂਅ ਰਜਿਸਟਰਡ ਕਰਾਇਆ ਹੈ। ਇਸ ਸਮੇਂ ਜਿੰਨੀਆਂ ਰੇਲਾਂ ਚੱਲ ਰਹੀਆਂ ਹਨ, ਉਸ ਹਿਸਾਬ ਨਾਲ ਤਾਂ ਉਨ੍ਹਾਂ ਨੂੰ ਜਾਣ ਲਈ ਮਹੀਨੇ ਲੱਗ ਜਾਣਗੇ ਤੇ ਉਹ ਭੁੱਖ ਨਾਲ ਹੀ ਮਰ ਜਾਣਗੇ। ਮਹਾਰਾਸ਼ਟਰ ਸਰਕਾਰ ਨੇ ਇੱਕ ਤਾਜ਼ਾ ਹੁਕਮ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜ ਲਈ ਪੈਦਲ ਜਾਣ ਦੀ ਇਜਾਜ਼ਤ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਇਨ੍ਹਾਂ ਨੂੰ ਸਿਰਫ਼ ਭੇਡਾਂ-ਬੱਕਰੀਆਂ ਸਮਝਦੀ ਹੈ। ਇਹ ਠੀਕ ਹੈ ਕਿ ਕੋਰੋਨਾ ਦੇ ਵਧ ਰਹੇ ਫੈਲਾਅ ਕਾਰਨ ਲਾਕਡਾਊਨ ਜ਼ਰੂਰੀ ਹੋ ਗਿਆ ਸੀ, ਪਰ ਹੁਣ ਜਦੋਂ ਬੇਵੱਸੀ ਵਿੱਚ ਸਰਕਾਰਾਂ ਢਿੱਲ ਦੇਣ ਲਈ ਮਜਬੂਰ ਹਨ ਤਾਂ ਇਨ੍ਹਾਂ ਮਜ਼ਦੂਰਾਂ ਵੱਲ ਮਾਨਵੀ ਪਹੁੰਚ ਅਪਣਾਈ ਜਾਣੀ ਚਾਹੀਦੀ ਸੀ, ਪਰ ਇਸ ਦੇ ਉਲਟ ਰਾਜ ਸਰਕਾਰਾਂ ਜ਼ਖ਼ਮਾਂ 'ਤੇ ਲੂਣ ਭੁੱਕ ਰਹੀਆਂ ਹਨ। ਕੌੜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਨ੍ਹਾਂ ਸਰਕਾਰਾਂ ਦਾ ਰਵੱਈਆ ਉਸ ਪਾਗਲ ਜੱਟ ਵਰਗਾ ਹੈ, ਜਿਸ ਨੇ ਖੂਹ 'ਚ ਡਿੱਗੇ ਆਪਣੇ ਵਹਿੜਕੇ ਨੂੰ ਬਾਹਰ ਕੱਢਣ ਆਏ ਲੋਕਾਂ ਨੂੰ ਕਿਹਾ ਸੀ ਕਿ ਠਹਿਰ ਜਾਓ, ਪਹਿਲਾਂ ਇਸ ਨੂੰ ਖੱਸੀ ਕਰ ਲਈਏ। ਇਸ ਸਮੇਂ ਜਦੋਂ ਕੋਰੋਨਾ ਦਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ, ਕੁਝ ਰਾਜ ਸਰਕਾਰਾਂ ਨੇ ਮੌਕਾ ਦੇਖ ਕੇ ਆਪਣੇ ਰਾਜਾਂ ਵਿੱਚ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਦੇਣ ਦਾ ਹੁਕਮ ਚਾੜ੍ਹ ਦਿੱਤਾ ਹੈ। ਸ਼ੁਰੂਆਤ ਇਸ ਦੀ ਭਾਜਪਾ ਦੀ ਮੱਧ ਪ੍ਰਦੇਸ਼ ਸਰਕਾਰ ਤੋਂ ਹੋਈ ਤੇ ਕੁਝ ਦਿਨਾਂ ਵਿੱਚ ਹੀ ਇਸ ਮਜ਼ਦੂਰ ਵਿਰੋਧੀ ਵਾਇਰਸ ਨੇ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਗੋਆ ਤੇ ਓਡੀਸ਼ਾ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਜਾਪਦਾ ਹੈ ਕਿ ਮੋਦੀ ਸਰਕਾਰ ਮਜ਼ਦੂਰਾਂ ਨੂੰ ਜਿਉਂਦੇ ਜੀਅ ਮਾਰ ਦੇਣਾ ਚਾਹੁੰਦੀ ਹੈ। ਉਂਜ ਤਾਂ ਭਾਰਤ ਵਿੱਚ ਕਿਰਤ ਕਾਨੂੰਨ ਸਿਰਫ਼ ਕਾਨੂੰਨ ਦੀਆਂ ਕਿਤਾਬਾਂ ਵਿੱਚ ਹੀ ਦਰਜ ਸਨ, ਪਰ ਹੁਣ ਇਨ੍ਹਾਂ ਨੂੰ ਕਿਤਾਬਾਂ ਵਿੱਚੋਂ ਵੀ ਹਟਾਇਆ ਜਾ ਰਿਹਾ ਹੈ। ਹੱਦ ਤਾਂ ਇਹ ਹੋ ਗਈ ਹੈ ਕਿ ਜਿਨ੍ਹਾਂ ਕਿਰਤ ਕਾਨੂੰਨਾਂ ਨੂੰ ਪੈਰਾਂ ਹੇਠ ਰੌਂਦਿਆ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਕਈ ਤਾਂ ਅਜ਼ਾਦੀ ਤੋਂ ਪਹਿਲਾਂ ਦੇ ਬਣੇ ਹੋਏ ਹਨ। ਅੱਠ ਘੰਟੇ ਕੰਮ ਦਿਹਾੜੀ ਦਾ ਕਾਨੂੰਨ, ਬਾਲ ਮਜ਼ਦੂਰੀ ਵਿਰੋਧੀ ਕਾਨੂੰਨ, ਔਰਤਾਂ ਨੂੰ ਰਾਤ ਦੀ ਡਿਊਟੀ ਤੋਂ ਛੋਟ ਦਾ ਕਾਨੂੰਨ, ਸਭ 1883 ਦੇ ਫੈਕਟਰੀ ਐਕਟ ਅਧੀਨ ਆਉਂਦੇ ਹਨ। ਇਸ ਤੋਂ ਬਿਨਾਂ ਹਰ ਮਹੀਨੇ ਤਨਖ਼ਾਹ ਹਾਸਲ ਕਰਨ ਦਾ ਹੱਕ (ਪੇਮੈਂਟ ਤੇ ਵੇਜਿਜ਼ ਐਕਟ-1936), ਇੰਡਸਟ੍ਰੀਅਲ ਡਿਸਪਿਊਟ ਐਕਟ ਤੇ ਮਿਨੀਮਮ ਵੇਜ ਐਕਟ ਸਾਡੇ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਵੀ ਪਹਿਲਾਂ ਦੇ ਬਣੇ ਹੋਏ ਹਨ। ਇਹ ਸਾਰੇ ਕਾਨੂੰਨ ਮਜ਼ਦੂਰਾਂ ਨੇ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੇ ਸਨ। ਉਂਜ ਇਹ ਸਾਰੇ ਕਾਨੂੰਨ ਨਵ-ਉਦਾਰਵਾਦੀ ਨੀਤੀਆਂ ਤੋਂ ਬਾਅਦ ਬਹੁਤਾ ਕਰਕੇ ਕਿਤਾਬਾਂ ਦਾ ਹੀ ਸ਼ਿੰਗਾਰ ਰਹਿ ਗਏ ਸਨ। ਕਾਂਗਰਸ ਰਾਜ ਦੌਰਾਨ ਇਨ੍ਹਾਂ ਕਾਨੂੰਨਾਂ ਦੀ ਥਾਂ ਠੇਕਾ ਪ੍ਰਥਾ ਨੇ ਲੈ ਲਈ ਤੇ ਉਸ ਦਾ ਏਨਾ ਫੈਲਾਅ ਹੋਇਆ ਜਿੰਨਾ ਕੋਰੋਨਾ ਦਾ ਵੀ ਨਹੀਂ ਹੋਇਆ। ਸਥਿਤੀ ਇਹ ਬਣ ਗਈ ਕਿ ਭਾਰਤ ਦੇ ਕੁੱਲ 31 ਕਰੋੜ ਕਿਰਤੀਆਂ ਵਿੱਚੋਂ 92 ਫ਼ੀਸਦੀ ਗੈਰ-ਜਥੇਬੰਦਕ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਆ ਗਏ। ਇਨ੍ਹਾਂ 92 ਫ਼ੀਸਦੀ ਉੱਤੇ ਤਾਂ ਪਹਿਲਾਂ ਹੀ ਕਿਰਤ ਕਾਨੂੰਨ ਲਾਗੂ ਨਹੀਂ ਸਨ, ਹੁਣ ਰਹਿੰਦੇ ਅੱਠ ਫ਼ੀਸਦੀ ਵੀ ਗੁਲਾਮਾਂ ਦੀ ਸ਼੍ਰੇਣੀ ਵਿੱਚ ਆ ਜਾਣਗੇ। ਕਿਰਤੀ ਜਮਾਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਲੁੱਟ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਅੱਜ ਦਾ ਪੂੰਜੀਪਤੀ ਇਸ ਸਮੇਂ ਹੱਕ ਵਿਹੂਣੇ, ਬੇਵੱਸ ਤੇ ਲਾਚਾਰ ਬੰਧੂਆ ਮਜ਼ਦੂਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਨਵੇਂ ਗੁਲਾਮਦਾਰੀ ਯੁੱਗ ਵਿੱਚ ਸਿਰਫ਼ ਅਨਪੜ੍ਹ ਤੇ ਜਿਸਮਾਨੀ ਮਿਹਨਤ ਕਰਨ ਵਾਲੇ ਮਜ਼ਦੂਰਾਂ ਦਾ ਹੀ ਖ਼ੂਨ ਨਹੀਂ ਨਿਚੋੜਿਆ ਜਾਵੇਗਾ, ਸਗੋਂ ਇਸ ਵਿੱਚ ਉੱਚੀਆਂ ਡਿਗਰੀਆਂ ਤੇ ਚਿੱਟੇ ਕੱਪੜਿਆਂ ਵਾਲੇ ਉਹ ਮੱਧਵਰਗੀ ਵੀ ਸ਼ਾਮਲ ਹੋਣਗੇ, ਜਿਹੜੇ ਚੰਗੀਆਂ ਸਹੂਲਤਾਂ ਦੇ ਗੁਲਾਮ ਹੋ ਕੇ ਮੂੰਹ ਖੋਲ੍ਹਣ ਤੋਂ ਡਰਦੇ ਰਹਿੰਦੇ ਹਨ। ਪਰ ਹਾਕਮਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਧਰਤੀ 'ਤੇ ਉਨ੍ਹਾਂ ਨੂੰ ਹਰਾ ਸਕਣਾ ਅਸੰਭਵ ਹੈ, ਜਿਹੜੇ ਤਿੱਖੜ ਧੁੱਪ ਵਿੱਚ ਮੰਜ਼ਲ 'ਤੇ ਪੁੱਜਣ ਲਈ ਨੰਗੇ ਪੈਰੀਂ ਹੀ ਨਿਕਲ ਤੁਰਦੇ ਹਨ। ਮੋਢਿਆਂ 'ਤੇ ਅਗਲੀ ਪੀੜ੍ਹੀ ਨੂੰ ਚੁੱਕੀ ਤੇ ਸਿਰ 'ਤੇ ਗ੍ਰਹਿਸਤੀ ਦਾ ਭਾਰ ਲੈ ਕੇ ਅੱਗੇ ਵਧਦੇ ਰਹਿਣ ਤੋਂ ਇਨ੍ਹਾਂ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਇਰਾਦਿਆਂ ਦਾ ਇਹੋ ਜਨੂੰਨ ਹੀ ਨਵੇਂ ਯੁੱਗਾਂ ਦੀ ਰਚਨਾ ਕਰਦਾ ਆਇਆ ਹੈ। ਇਨ੍ਹਾਂ ਨੂੰ ਥਕਾਵਟ ਦੂਰ ਕਰ ਲੈਣ ਦਿਓ, ਇਹ ਕਾਫ਼ਲੇ ਮੁੜ ਵਾਪਸ ਆਉਣਗੇ। ਇਹ ਉਦੋਂ ਤੱਕ ਆਉਂਦੇ-ਜਾਂਦੇ ਤੇ ਲੜਦੇ ਰਹਿਣਗੇ, ਜਦੋਂ ਤੱਕ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਆਪਣੇ ਹੱਕਾਂ ਨੂੰ ਮੁੜ ਹਾਸਲ ਨਹੀਂ ਕਰ ਲੈਂਦੇ। -ਚੰਦ ਫਤਿਹਪੁਰੀ

516 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper