Latest News
ਰਾਹਤ ਨਹੀਂ, ਕਰਜ਼ਾ ਪੈਕੇਜ

Published on 15 May, 2020 08:28 AM.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਮੰਗਲਵਾਰ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਉਸ ਦੀ ਸਰਕਾਰ ਜੋ ਕਰ ਸਕਦੀ ਸੀ, ਉਹ ਕਰ ਚੁੱਕੀ ਹੈ, ਇਸ ਤੋਂ ਵੱਧ ਉਸ ਤੋਂ ਕੋਈ ਆਸ ਨਾ ਰੱਖੀ ਜਾਵੇ। ਇਸੇ ਕਾਰਨ ਲਾਕਡਾਊਨ ਦੌਰਾਨ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਵਾਲਿਆਂ ਯੋਧਿਆਂ ਦੇ ਸਨਮਾਨ ਵਿੱਚ ਤਾਲੀ ਤੇ ਥਾਲੀ ਵਜਾਉਣ, ਦੀਵੇ-ਮੋਮਬੱਤੀਆਂ ਜਗਾਉਣ ਤੇ ਹਵਾਈ ਜਹਾਜ਼ਾਂ ਰਾਹੀਂ ਹਸਪਤਾਲਾਂ ਉੱਤੇ ਫੁੱਲ ਵਰਸਾਉਣ ਵਰਗੇ ਕੋਰੋਨਾ ਉਤਸਵ ਮਨਾਉਣ ਦੇ ਸੱਦੇ ਦੇਣ ਵਾਲੇ ਨਰਿੰਦਰ ਮੋਦੀ ਨੇ ਇਸ ਵਾਰ ਆਪਣੇ ਅੱਧਾ ਘੰਟਾ ਲੰਮੇ ਭਾਸ਼ਣ ਵਿੱਚ ਹਸਪਤਾਲਾਂ, ਡਾਕਟਰਾਂ ਤੇ ਨਰਸਾਂ ਦਾ ਜ਼ਿਕਰ ਕਰਨ ਦੀ ਵੀ ਲੋੜ ਤੱਕ ਨਾ ਸਮਝੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ 20 ਲੱਖ ਕਰੋੜ ਦਾ ਆਰਥਿਕ ਪੈਕੇਜ, ਵੱਡੇ ਆਰਥਿਕ ਸੁਧਾਰ, ਕੋਰੋਨਾ ਮਹਾਂਮਾਰੀ ਨੂੰ ਮੌਕੇ ਵਿੱਚ ਬਦਲਣ ਤੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾ ਇੱਕ ਰੰਗ-ਬਰੰਗੇ ਚੌਥੇ ਲਾਕਡਾਊਨ ਨੂੰ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਸਾਨੂੰ ਕੋਰੋਨਾ ਨਾਲ ਜੀਣਾ ਸਿੱਖਣਾ ਹੋਵੇਗਾ।
ਪ੍ਰਧਾਨ ਮੰਤਰੀ ਦੇ ਵੀਹ ਲੱਖ ਕਰੋੜ ਦੇ ਪੈਕੇਜ ਦੀ ਵਿਆਖਿਆ ਅਗਲੇ ਦੋ ਦਿਨਾਂ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੀਤੀ ਜਾ ਚੁੱਕੀ ਹੈ। ਇਸ ਨੂੰ ਰਾਹਤ ਪੈਕੇਜ ਦੀ ਥਾਂ ਕਰਜ਼ਾ ਪੈਕੇਜ ਕਿਹਾ ਜਾਵੇ ਤਾਂ ਇਹ ਠੀਕ ਹੋਵੇਗਾ। ਇਸ ਪੈਕੇਜ ਵਿੱਚ ਪਹਿਲਾਂ ਐਲਾਨੀਆਂ ਰਕਮਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਗਦੀ ਵਧਾਉਣ ਲਈ ਜਾਰੀ 8.04 ਲੱਖ ਕਰੋੜ ਤੇ ਸਰਕਾਰ ਵੱਲੋਂ ਮਾਰਚ ਵਿੱਚ ਐਲਾਨੇ 1.70 ਲੱਖ ਕਰੋੜ ਨੂੰ ਕੱਢ ਦੇਣ ਤੋਂ ਬਾਅਦ ਇਹ ਪੈਕੇਜ ਸਿਰਫ਼ 10.26 ਲੱਖ ਕਰੋੜ ਰੁਪਏ ਬਣਦਾ ਹੈ। ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਲਈ ਕਰਜ਼ਾ ਹੱਦ 7.8 ਲੱਖ ਕਰੋੜ ਤੋਂ ਵਧਾ ਕੇ 12 ਲੱਖ ਕਰੋੜ ਕੀਤੀ ਹੈ। ਅਰਥ ਸ਼ਾਸਤਰੀਆਂ ਮੁਤਾਬਕ ਸਰਕਾਰ ਪਾਸ ਰਾਹਤ ਪੈਕੇਜ ਲਈ ਖਰਚਣ ਵਾਸਤੇ ਸਿਰਫ਼ 4.2 ਲੱਖ ਕਰੋੜ ਦੀ ਰਕਮ ਹੀ ਹੈ। ਇਸ ਲਈ ਨਿਰਮਲਾ ਸੀਤਾਰਮਨ ਦੇ ਐਲਾਨਾਂ ਵਿੱਚ ਕਰਜ਼ਾ ਵੰਡਣ ਤੋਂ ਇਲਾਵਾ ਕੁਝ ਨਹੀਂ ਹੈ।
ਇਸ ਪੈਕੇਜ ਵਿੱਚ ਮਜ਼ਦੂਰਾਂ, ਕਿਸਾਨਾਂ ਤੇ ਮੱਧਵਰਗ ਲਈ ਕੁਝ ਵੀ ਨਹੀਂ ਹੈ। ਜਿਹੜੇ ਲੋਕ ਅੱਜ ਭੁੱਖੇ ਮਰਦੇ ਸੜਕਾਂ ਨਾਪ ਰਹੇ ਹਨ, ਉਨ੍ਹਾਂ ਨਾਲ ਰਾਹਤ ਦੇ ਨਾਂਅ ਉੱਤੇ ਮਜ਼ਾਕ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਲਈ 3500 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਹੈ। ਇਸ ਅਧੀਨ ਹਰ ਪ੍ਰਵਾਸੀ ਮਜ਼ਦੂਰ ਪਰਵਾਰ ਨੂੰ ਦੋ ਮਹੀਨਿਆਂ ਲਈ 5-5 ਕਿਲੋ ਅਨਾਜ ਤੇ ਇੱਕ-ਇੱਕ ਕਿਲੋ ਛੋਲੇ ਦਿੱਤੇ ਜਾਣਗੇ। ਜੇਕਰ 3500 ਕਰੋੜ ਨੂੰ 8 ਕਰੋੜ ਲੋਕਾਂ ਵਿੱਚ ਵੰਡਿਆ ਜਾਵੇ ਤਾਂ ਹਰੇਕ ਪਰਵਾਰ ਨੂੰ ਕੁਲ 437.50 ਰੁਪਏ, ਯਾਨੀ 218.75 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਦਾ ਮਤਲਬ ਹੈ 5 ਮੈਂਬਰਾਂ ਦੇ ਪਰਵਾਰ ਨੂੰ 43 ਰੁਪਏ 75 ਪੈਸੇ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਮਿਲਣਗੇ। ਹੁਣ ਜੇਕਰ 5 ਕਿਲੋ ਅਨਾਜ ਤੇ 1 ਕਿਲੋ ਦਾਲ ਦੀ ਵੰਡ 5 ਮੈਬਰਾਂ ਵਾਲੇ ਪਰਵਾਰ ਵਿੱਚ ਕਰੀਏ ਤਾਂ ਹਰ ਜੀਅ ਨੂੰ ਇੱਕ ਡੰਗ 50 ਗਰਾਮ ਤੋਂ ਥੋੜ੍ਹਾ ਜਿਹਾ ਵੱਧ ਭੋਜਨ ਮਿਲੇਗਾ।
ਕਿਸਾਨਾਂ ਨੂੰ ਰਾਹਤ ਦੇ ਨਾਂਅ ਉੱਤੇ ਹੋਰ ਕਰਜ਼ਾ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਕਿਸਾਨਾਂ ਦੀਆਂ ਤਾਂ ਪਹਿਲਾਂ ਹੀ ਹੱਦ ਕਰਜ਼ੇ ਦੀਆਂ ਲਿਮਟਾਂ ਬਣੀਆਂ ਹੋਈਆਂ ਹਨ, ਫਿਰ ਰਾਹਤ ਕਿਹੜੀ ਦਿੱਤੀ ਗਈ। ਕਿਸਾਨਾਂ ਦੀ ਤਾਂ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਗਲਤ ਸਰਕਾਰੀ ਨੀਤੀਆਂ ਕਾਰਨ ਉਨ੍ਹਾਂ ਸਿਰ ਚੜ੍ਹਿਆ ਕਰਜ਼ਾ ਮਾਫ਼ ਕੀਤਾ ਜਾਵੇ, ਪਰ ਇਸ ਪਾਸੇ ਸਰਕਾਰ ਮੂੰਹ ਕਰਨ ਲਈ ਤਿਆਰ ਨਹੀਂ।
ਛੋਟੀਆਂ ਤੇ ਦਰਮਿਆਨੀਆਂ ਸਨਅਤੀ ਇਕਾਈਆਂ ਨੂੰ ਜੋ ਬਿਨਾਂ ਵਿਆਜ ਤੇ ਗਰੰਟੀ ਕਰਜ਼ਾ ਦੇਣ ਦੀ ਗੱਲ ਕੀਤੀ ਗਈ ਹੈ, ਉਸ ਦਾ ਵੀ ਕੋਈ ਲਾਭ ਹੋਣ ਵਾਲਾ ਨਹੀਂ। ਸਭ ਤੋਂ ਵੱਡੀ ਸਮੱਸਿਆ ਮੰਗ ਦੀ ਹੈ। ਜਦੋਂ ਬਜ਼ਾਰ ਵਿੱਚ ਮੰਗ ਹੀ ਨਹੀਂ ਹੋਵੇਗੀ, ਉਸ ਸਮੇਂ ਇਹ ਇਕਾਈਆਂ ਉਤਪਾਦਨ ਕਿਸ ਲਈ ਕਰਨਗੀਆਂ? ਜਦੋਂ ਉਨ੍ਹਾਂ ਦਾ ਮਾਲ ਹੀ ਨਹੀਂ ਵਿਕਣਾ, ਫਿਰ ਉਹ ਆਪਣੇ ਸਿਰ ਕਰਜ਼ਾ ਕਿਉਂ ਚੜ੍ਹਾਉਣਗੀਆਂ, ਭਾਵੇਂ ਉਹ ਬਿਨਾਂ ਵਿਆਜ ਹੀ ਕਿਉਂ ਨਾ ਹੋਵੇ।
ਅਸਲ ਵਿੱਚ ਮੋਦੀ ਦੇ 20 ਲੱਖੀਏ ਪੈਕੇਜ ਦੇ ਉਹਲੇ ਉਸ ਦਾ ਅਗਲਾ ਏਜੰਡਾ ਛੁਪਿਆ ਹੋਇਆ ਹੈ, ਜਿਹੜਾ ਉਸ ਦੇ ਚਾਰ ਲੱਲਿਆਂ ਵਿੱਚੋਂ ਪਹਿਲੇ ਤਿੰਨਾਂ ਵਿੱਚ ਝਲਕਦਾ ਹੈ। ਪਹਿਲਾ ਲੱਲਾ ਲੈਂਡ ਯਾਨੀ ਜ਼ਮੀਨ ਦਾ ਹੈ, ਜਿਸ ਉੱਤੇ ਪੂੰਜੀਪਤੀਆਂ ਦੀ ਹਮੇਸ਼ਾ ਨਜ਼ਰ ਰਹੀ ਹੈ। ਭਾਰਤ ਮਾਲਾ ਯੋਜਨਾ ਅਧੀਨ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਬਣਨ ਵਾਲਾ ਐੱਕਸਪ੍ਰੈੱਸ ਵੇਅ ਕਿਸਾਨਾਂ ਦੇ ਵਿਰੋਧ ਕਾਰਨ ਅੱਗੇ ਨਹੀਂ ਸੀ ਵਧ ਸਕਿਆ। ਮੋਦੀ ਦੇ 'ਬੋਲਡ ਰਿਫਾਰਮ' ਅਧੀਨ ਹੁਣ ਨਵੇਂ ਜ਼ਮੀਨੀ ਸੁਧਾਰਾਂ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਇਸ ਸਮੇਂ ਪੂੰਜੀਵਾਦੀ ਸਿਸਟਮ ਜ਼ਮੀਨ ਉੱਤੇ ਆ ਚੁੱਕਾ ਹੈ। ਹੁਣ ਸਿਰਫ਼ ਜ਼ਮੀਨ ਹੀ ਉਸ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰ ਸਕਦੀ ਹੈ।
ਅਗਲਾ 'ਲੱਲਾ' ਲੇਬਰ ਦਾ ਹੈ। ਇਸ ਲਈ ਲੇਬਰ ਨੂੰ ਜਿੰਨਾ ਭੁੱਖਾ ਮਾਰੋ, ਓਨੀ ਹੀ ਉਹ ਆਪਣੀ ਮਿਹਨਤ ਨੂੰ ਸਸਤਾ ਵੇਚਣ ਲਈ ਮਜਬੂਰ ਹੋ ਜਾਂਦੀ ਹੈ। ਇਸ ਲਈ ਉਸ ਤੋਂ ਹੁਣ 8 ਘੰਟੇ ਦੀ ਥਾਂ 12 ਘੰਟੇ ਕੰਮ ਲੈ ਕੇ ਪੈਸੇ 8 ਘੰਟੇ ਦੇ ਹੀ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। 'ਲੱਲਾ' ਲਾਅ ਦਾ ਸੰਬੰਧ ਵੀ ਮਜ਼ਦੂਰਾਂ ਨਾਲ ਹੈ। ਉਸ ਵੱਲੋਂ ਲੰਮੇ ਸੰਘਰਸ਼ਾਂ ਬਾਅਦ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਖ਼ਤਮ ਕਰਕੇ ਉਸ ਨੂੰ ਬੰਧੂਆ ਮਜ਼ਦੂਰ ਬਣਾਉਣ ਦਾ ਕਾਰਜ ਆਰੰਭ ਹੋ ਚੁੱਕਾ ਹੈ। ਮੋਦੀ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਇੱਕ ਵਾਰ ਮਜ਼ਦੂਰ ਸ਼ਬਦ ਦੀ ਵਰਤੋਂ ਕਰਕੇ ਉਸ ਦੇ ਤਿਆਗ ਤੇ ਤਪੱਸਿਆ ਦੀ ਗੱਲ ਕੀਤੀ ਸੀ। ਇਹ ਇੱਕ ਇਸ਼ਾਰਾ ਸੀ ਕਿ ਮਜ਼ਦੂਰ ਜਮਾਤ ਆਪਣੇ ਲਹੂ-ਪਸੀਨੇ ਦਾ ਤਿਆਗ ਕਰਨ ਲਈ ਤਿਆਰ ਰਹੇ।
-ਚੰਦ ਫਤਿਹਪੁਰੀ

612 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper