Latest News
ਬੁੱਝੋ ਭਲਾ ਕੀ ਮਿਲਿਆ

Published on 17 May, 2020 10:30 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਰਾਹਤ ਪੈਕੇਜ ਰੂਪੀ ਪ੍ਰਸਾਦ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ੁਰੂ ਕੀਤੇ ਗਏ ਪੰਜ ਦਿਨਾਂ ਭੰਡਾਰੇ ਦੌਰਾਨ ਲੋਕਾਂ ਨੂੰ ਵਰਤਾਅ ਦਿੱਤਾ ਗਿਆ ਹੈ। ਇਸ ਪ੍ਰਸਾਦ 'ਚੋਂ ਕਿਸਦੇ ਹਿੱਸੇ ਕਿੰਨਾ ਆਇਆ, ਇਸ ਦਾ ਹਿਸਾਬ ਰੱਖਣਾ ਸਰਕਾਰ ਦਾ ਕੰਮ ਨਹੀਂ, ਇਹ ਜਨਤਾ ਖੁਦ ਜਾਣੇ, ਇਹ ਉਸ ਦਾ ਕੰਮ ਹੈ। ਵਿੱਤ ਮੰਤਰੀ ਵੱਲੋਂ 5 ਦਿਨ ਦੀ ਘੋਰ ਤਪੱਸਿਆ ਦੌਰਾਨ ਪੇਸ਼ ਕੀਤੇ ਗਏ 20 ਲੱਖ ਕਰੋੜ ਦੇ ਅੰਕੜਿਆਂ ਵਿੱਚ ਨਾ ਜਾਂਦੇ ਹੋਏ ਅਸੀਂ ਦੂਜੇ ਦੇਸ਼ਾਂ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਆਪਣੇ ਨਾਗਰਿਕਾਂ ਨੂੰ ਦਿੱਤੇ ਰਾਹਤ ਪੈਕੇਜਾਂ ਦੀ ਚਰਚਾ ਕਰਨੀ ਜ਼ਰੂਰੀ ਸਮਝਦੇ ਹਾਂ।
ਅਮਰੀਕਾ ਨੇ ਆਪਣੇ ਦੇਸ਼ ਦੇ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਲਈ ਜੀ ਡੀ ਪੀ ਦਾ 13.3 ਫੀਸਦੀ ਰਾਹਤ ਪੈਕੇਜ ਦਿੱਤਾ ਹੈ। ਇਹ ਰਕਮ 207 ਲੱਖ ਕਰੋੜ ਰੁਪਏ ਬਣਦੀ ਹੈ। ਇਸ ਵਿੱਚੋਂ ਹਰ ਬਾਲਗ ਨੂੰ 92000 ਰੁਪਏ ਤੇ ਹਰ ਬੱਚੇ ਨੂੰ 38000 ਰੁਪਏ ਨਗਦ ਦਿੱਤੇ ਜਾ ਰਹੇ ਹਨ। ਇਹ ਪੈਸਾ ਹਰ ਉਸ ਵਿਅਕਤੀ ਨੂੰ ਦਿੱਤਾ ਗਿਆ, ਜਿਸ ਦੀ ਸਾਲਾਨਾ ਆਮਦਨੀ 57 ਲੱਖ ਰੁਪਏ ਤੋਂ ਘੱਟ ਸੀ। ਇਹ ਰਕਮ ਸ਼ਰਨਾਰਥੀਆਂ ਤੇ ਗੈਰ-ਨਾਗਰਿਕਾਂ ਨੂੰ ਵੀ ਦਿੱਤੀ ਗਈ ਹੈ। ਇਹ ਸਾਰਾ ਪੈਸਾ ਬਿਨਾਂ ਕੋਈ ਫਾਰਮ ਭਰਵਾਇਆਂ ਸਭ ਦੇ ਖਾਤਿਆਂ ਵਿੱਚ ਪਾਇਆ ਗਿਆ ਹੈ। ਰਾਜ ਸਰਕਾਰਾਂ ਸਭ ਸਕੂਲੀ ਬੱਚਿਆਂ ਨੂੰ ਮੁਫ਼ਤ ਭੋਜਨ ਦੇ ਰਹੀਆਂ ਹਨ। ਮੁਲਾਜ਼ਮਾਂ ਦੀ ਨੌਕਰੀ ਬਚਾਉਣ ਲਈ 230 ਲੱਖ ਕਰੋੜ ਦਾ ਇੱਕ ਹੋਰ ਪੈਕੇਜ ਦੇਣ ਦੀ ਤਿਆਰੀ ਹੋ ਰਹੀ ਹੈ।
ਜਪਾਨ ਨੇ ਆਪਣੀ ਜੀ ਡੀ ਪੀ ਦਾ 21 ਫ਼ੀਸਦੀ ਯਾਨੀ 84.3 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਅਧੀਨ ਹਰ ਨਾਗਰਿਕ ਦੇ ਖਾਤੇ ਵਿੱਚ 71000 ਰੁਪਏ ਪਾਏ ਗਏ ਹਨ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ 'ਚ ਜਿੰਨੇ ਦਿਨ ਕੰਮ ਬੰਦ ਰਹੇਗਾ, ਓਨੇ ਚਿਰ ਦੀ ਵਰਕਰਾਂ ਦੀ ਤਨਖ਼ਾਹ ਦਾ 66 ਫ਼ੀਸਦੀ ਸਰਕਾਰ ਦੇਵੇਗੀ। ਸਾਰੇ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਭੋਜਨ ਦਿੱਤਾ ਜਾਵੇਗਾ।
ਬਰਤਾਨੀਆ ਵਿੱਚ 15 ਫ਼ੀਸਦੀ ਲੋਕ ਆਪਣੇ ਛੋਟੇ ਕਾਰੋਬਾਰ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਪਿਛਲੇ ਤਿੰਨ ਸਾਲ ਦੇ ਮੁਨਾਫ਼ੇ ਦੀ ਔਸਤ ਮੁਤਾਬਕ 80 ਫ਼ੀਸਦੀ ਨਗਦ ਦਿੱਤਾ ਗਿਆ ਹੈ। ਇਸ ਨੀਤੀ ਅਧੀਨ 38 ਲੱਖ ਵਿਅਕਤੀਆਂ ਨੂੰ ਪੈਸੇ ਮਿਲੇ ਹਨ ਤੇ ਕਈ ਮਾਮਲਿਆਂ ਵਿੱਚ ਇਹ ਰਕਮ 2500 ਪੌਂਡ ਯਾਨੀ 2 ਲੱਖ 38 ਹਜ਼ਾਰ ਰੁਪਏ ਤੱਕ ਹੈ। ਹੋਟਲ ਮਾਲਕਾਂ ਨੂੰ 25 ਹਜ਼ਾਰ ਪੌਂਡ ਤੇ ਛੋਟੇ ਰੈਸਟੋਰੈਂਟਾਂ ਨੂੰ 10 ਹਜ਼ਾਰ ਪੌਂਡ ਨਗਦ ਦਿੱਤੇ ਗਏ ਹਨ। ਇਨ੍ਹਾਂ ਥਾਵਾਂ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਦਾ 80 ਫ਼ੀਸਦੀ ਦਿੱਤਾ ਗਿਆ ਹੈ।
ਡੈਨਮਾਰਕ ਸਰਕਾਰ ਕੰਪਨੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ 75 ਫ਼ੀਸਦੀ ਦੇ ਰਹੀ ਹੈ। ਕੈਨੇਡਾ ਵਿੱਚ ਕੰਮ ਤੋਂ ਵਿਹਲੇ ਹੋ ਚੁੱਕੇ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 2000 ਡਾਲਰ ਯਾਨੀ 107500 ਰੁਪਏ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ 67000 ਰੁਪਏ ਮਹੀਨਾ ਸਹਾਇਤਾ ਦਿੱਤੀ ਜਾ ਰਹੀ ਹੈ। ਹਾਂਗਕਾਂਗ ਵਿੱਚ 18 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ 99000 ਰੁਪਏ ਦਿੱਤੇ ਜਾ ਰਹੇ ਹਨ।
ਭਾਰਤ ਵਿੱਚ ਸਿਰਫ਼ ਜਨ ਧਨ ਖਾਤਿਆਂ ਵਿੱਚ ਪੰਜ-ਪੰਜ ਸੌ ਰੁਪਏ ਪਾ ਕੇ ਮਜ਼ਾਕ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਪੈਕੇਜ ਨੂੰ 20 ਲੱਖ ਕਰੋੜ ਤੱਕ ਪੁਚਾਉਣ ਲਈ ਉਸ ਵਿੱਚ ਪਹਿਲਾਂ ਐਲਾਨੀਆਂ ਰਕਮਾਂ ਹੀ ਨਹੀਂ, ਬਜਟ ਵਿੱਚ ਰੱਖੀਆਂ ਰਕਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹੋ ਨਹੀਂ, ਇਸ ਪੈਕੇਜ ਵਿੱਚ 3000 ਕਰੋੜ ਵਿਧਵਾ ਤੇ ਬੁਢਾਪਾ ਪੈਨਸ਼ਨ, 17380 ਕਰੋੜ ਰੁਪਏ ਕਿਸਾਨ ਨਿਧੀ, 31000 ਕਰੋੜ ਰੁਪਏ ਉਸਾਰੀ ਮਜ਼ਦੂਰਾਂ ਦਾ ਜਮ੍ਹਾਂ ਫ਼ੰਡ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਆਰ ਬੀ ਆਈ ਵੱਲੋਂ ਬੈਂਕਾਂ ਨੂੰ ਕਰਜ਼ਾ ਦੇਣ ਲਈ ਐਲਾਨੀ 8 ਲੱਖ ਕਰੋੜ ਦੀ ਢਿੱਲ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਤਰ੍ਹਾਂ ਹਿਸਾਬ ਲਾਇਆ ਜਾਵੇ ਤਾਂ ਪ੍ਰਧਾਨ ਮੰਤਰੀ ਦਾ ਰਾਹਤ ਪੈਕੇਜ ਮਸਾਂ 4 ਲੱਖ ਕਰੋੜ ਰੁਪਏ ਦਾ ਬਣਦਾ ਹੈ, ਜਿਹੜਾ ਲੋੜਵੰਦਾਂ ਤੱਕ ਪਹੁੰਚਦਿਆਂ ਅਫ਼ਸਰਸ਼ਾਹੀ ਦੀਆਂ ਜੇਬਾਂ ਵਿੱਚ ਕਿੰਨਾ ਚਲਾ ਜਾਂਦਾ ਹੈ, ਇਸ ਦਾ ਹਿਸਾਬ ਕੌਣ ਰੱਖਦਾ ਹੈ।
-ਚੰਦ ਫਤਿਹਪੁਰੀ

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper