Latest News
ਰਾਹਤ ਘੁਟਾਲਾ

Published on 19 May, 2020 09:37 AM.


ਪ੍ਰਧਾਨ ਮੰਤਰੀ ਦੇ ਰਾਹਤ ਪੈਕੇਜ ਦਾ ਵਿਸਥਾਰ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਦੀ ਭੁੱਖ ਮਿਟਾਉਣ ਲਈ ਪੰਜ-ਪੰਜ ਕਿਲੋ ਕਣਕ ਜਾਂ ਚਾਵਲ ਤੇ ਇੱਕ-ਇੱਕ ਕਿਲੋ ਛੋਲੇ ਮੁਫ਼ਤ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਅਸੀਂ ਇਸ ਰਾਹਤ ਦਾ ਹਿਸਾਬ-ਕਿਤਾਬ ਲਾ ਕੇ ਦੱਸਿਆ ਸੀ ਕਿ ਮਜ਼ਦੂਰ ਦੇ ਇੱਕ ਡੰਗ ਦੇ ਭੋਜਨ ਲਈ ਇਹ ਰਾਹਤ ਕਿੰਨੇ ਗਰਾਮ ਮਿਲੇਗੀ। ਇਸ ਦੇ ਨਾਲ ਅਸੀਂ ਇਹ ਕਿਹਾ ਸੀ ਕਿ ਇਸ ਰਾਹਤ ਵਿੱਚੋਂ ਵੱਡਾ ਹਿੱਸਾ ਅਫ਼ਸਰਸ਼ਾਹੀ ਦੀਆਂ ਜੇਬਾਂ ਭਰਨ ਦੇ ਕੰਮ ਆਵੇਗਾ।
ਹਾਲੇ ਜਦੋਂ ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਹਿੱਸਾ ਰਾਹਾਂ ਵਿੱਚ ਫਸੇ ਹੋਣ ਕਾਰਨ ਆਪਣੇ ਘਰਾਂ ਵਿੱਚ ਵੀ ਨਹੀਂ ਪੁੱਜ ਸਕਿਆ, ਉਨ੍ਹਾਂ ਨੂੰ ਮਿਲਣ ਵਾਲੇ ਅਨਾਜ ਤੇ ਦਾਲਾਂ ਨੂੰ ਅਫ਼ਸਰਸ਼ਾਹੀ ਨੇ ਬਿਲੇ ਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਤਾਜ਼ਾ ਖ਼ਬਰਾਂ ਮੁਤਾਬਕ ਗਰੀਬਾਂ ਤੇ ਮਜ਼ਦੂਰਾਂ ਨੂੰ ਵੰਡੇ ਜਾਣ ਵਾਲੇ ਅਨਾਜ ਬਾਰੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਇੱਕ ਵੱਡੇ ਘੁਟਾਲੇ ਦਾ ਪਰਦਾ ਫ਼ਾਸ਼ ਹੋਇਆ ਹੈ। ਪੰਜ ਟਰੱਕਾਂ ਤੇ ਤਿੰਨ ਟਰਾਲੀਆਂ ਵਿੱਚ ਲੱਦੀਆਂ ਕਣਕ ਦੀਆਂ 459 ਬੋਰੀਆਂ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਫੜੀਆਂ ਜਾ ਚੁੱਕੀਆਂ ਹਨ। ਸਭ ਟਰੱਕਾਂ ਉੱਤੇ 'ਕੋਵਿਡ-19 ਰਾਹਤ' ਦੇ ਸਟਿੱਕਰ ਲੱਗੇ ਹੋਏ ਸਨ। ਇਹ ਸਾਰੀ ਕਣਕ ਯੂ ਪੀ ਦੇ ਲਲਿਤਪੁਰ ਜ਼ਿਲ੍ਹੇ ਵਿੱਚੋਂ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸਹੌਰਾ, ਭੈਂਸਾ ਤੇ ਭਾਪੇਲ ਦੇ ਖਰੀਦ ਕੇਂਦਰਾਂ ਵਿੱਚ ਵੇਚੀ ਜਾ ਰਹੀ ਸੀ। ਇਹ ਤਿੰਨੇ ਖਰੀਦ ਕੇਂਦਰ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਸਿਵਲ ਸਪਲਾਈ ਮੰਤਰੀ ਗੋਵਿੰਦ ਸਿੰਘ ਰਾਜਪੂਤ ਦੇ ਵਿਧਾਨ ਸਭਾ ਹਲਕੇ ਸੁਰਖੀ ਵਿੱਚ ਪੈਂਦੇ ਹਨ।
ਯੂ ਪੀ ਦੀ ਕੋਰੋਨਾ ਰਾਹਤ ਲਈ ਵੰਡੀ ਜਾਣ ਵਾਲੀ ਇਹ ਕਣਕ ਪਹਿਲਾਂ ਟਰੱਕਾਂ ਰਾਹੀਂ ਡੇਢ ਸੌ ਕਿਲੋਮੀਟਰ ਦੂਰ ਸਹੌਰਾ ਦੇ ਇੱਕ ਗੋਦਾਮ ਵਿੱਚ ਭੇਜੀ ਗਈ। ਗੋਦਾਮ ਵਿੱਚ ਇਸ ਨੂੰ ਕਿਸਾਨਾਂ ਦੀ ਜਿਣਸ ਵਜੋਂ ਪੇਸ਼ ਕਰਨ ਲਈ ਟਰਾਲੀਆਂ ਵਿੱਚ ਭਰ ਕੇ ਮੰਡੀਆਂ ਵਿੱਚ ਭੇਜਿਆ ਜਾਂਦਾ ਸੀ। ਜਦੋਂ ਇਸ ਸੰਬੰਧੀ ਸਥਾਨਕ ਅਧਿਕਾਰੀਆਂ ਨੂੰ ਸੂਹ ਮਿਲੀ ਤਾਂ ਉਨ੍ਹਾਂ ਛਾਪਾ ਮਾਰ ਕੇ ਤਿੰਨ ਟਰੱਕ ਗੋਦਾਮ ਵਿੱਚੋਂ ਅਤੇ ਦੋ ਟਰੱਕ ਤੇ ਟਰਾਲੀਆਂ ਨੇੜੇ ਪੈਂਦੇ ਖਰੀਦ ਕੇਂਦਰ ਵਿੱਚੋਂ ਕਾਬੂ ਕਰ ਲਏ।
ਇਸ ਘੁਟਾਲੇ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਦਾ ਪਤਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਲਲਿਤਪੁਰ ਦੇ ਡੀ ਐੱਮ ਨੇ ਮਾਮਲੇ ਉੱਤੇ ਪਰਦਾ ਪਾਉਣ ਲਈ ਇਹ ਬਿਆਨ ਜਾਰੀ ਕਰ ਦਿੱਤਾ ਕਿ ਕੁਝ ਵਪਾਰੀ ਤੇ ਕਿਸਾਨ ਟੈਕਸ ਬਚਾਉਣ ਦੇ ਚੱਕਰ ਵਿੱਚ ਆਪਣੀ ਜਿਣਸ ਮੱਧ ਪ੍ਰਦੇਸ਼ ਵਿੱਚ ਵੇਚ ਰਹੇ ਹਨ, ਪਰ ਡੀ ਐੱਮ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਟਰੱਕਾਂ ਉੱਤੇ ਸਿਰਫ਼ 'ਕੋਵਿਡ-19 ਖਾਧ ਰਸਦ ਆਪੂਰਤੀ ਹੇਤੂ' ਦੇ ਸਟਿੱਕਰ ਹੀ ਨਹੀਂ ਸਨ ਲੱਗੇ ਹੋਏ, ਸਗੋਂ ਹਰ ਬੋਰੀ ਉੱਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਯੂ ਪੀ ਦੀ ਮੋਹਰ ਵੀ ਲੱਗੀ ਹੋਈ ਸੀ।
ਇਸ ਸਮੇਂ ਕਣਕ ਦੇ ਮੰਡੀਕਰਨ ਦਾ ਸੀਜ਼ਨ ਖ਼ਤਮ ਹੋਣ ਕਿਨਾਰੇ ਹੈ। ਇਹ ਖੇਡ ਕਦੋਂ ਤੋਂ ਚੱਲ ਰਹੀ ਸੀ ਤੇ ਭਰਵੇਂ ਸੀਜ਼ਨ ਦੌਰਾਨ ਕਿੰਨੇ ਟਰੱਕ ਇਸ ਤਰ੍ਹਾਂ ਵੇਚੇ ਜਾ ਚੁੱਕੇ ਹੋਣਗੇ, ਇਹ ਡੂੰਘਾਈ ਨਾਲ ਜਾਂਚ ਕੀਤੇ ਜਾਣ ਦਾ ਮਾਮਲਾ ਹੈ। ਇਸ ਸਾਰੇ ਘੁਟਾਲੇ ਵਿੱਚ ਮੱਧ ਪ੍ਰਦੇਸ਼ ਦੇ ਰਸੂਖਦਾਰ ਲੋਕਾਂ ਦੇ ਸ਼ਾਮਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਮੰਡੀ ਵਿੱਚ ਕਣਕ ਵੇਚਣ ਲਈ ਉਸ ਅਧੀਨ ਆਉਂਦੇ ਕਿਸਾਨਾਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਇਸ ਕਾਰਵਾਈ ਲਈ ਕਿਸਾਨ ਦਾ ਅਧਾਰ ਕਾਰਡ, ਜ਼ਮੀਨ ਦੀ ਗਿਰਦਾਵਰੀ ਨਕਲ ਤੇ ਬੈਂਕ ਖਾਤਾ ਆਦਿ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ। ਇਹ ਸਭ ਕੁਝ ਸਥਾਨਕ ਕੜੀ ਤੋਂ ਬਿਨਾਂ ਸੰਭਵ ਨਹੀਂ। ਲਲਿਤਪੁਰ ਦੇ ਡੀ ਐੱਮ ਦਾ ਤਰਕ ਇਸ ਲਈ ਵੀ ਅਧਾਰਹੀਣ ਹੈ ਕਿ ਜਦੋਂ ਕਣਕ ਦਾ ਸਮੱਰਥਨ ਮੁੱਲ ਦੋਹਾਂ ਰਾਜਾਂ ਵਿੱਚ ਬਰਾਬਰ ਹੈ, ਤਦ ਕੋਈ ਕਿਸਾਨ ਭਾੜਾ ਖਰਚ ਕੇ 160 ਕਿਲੋਮੀਟਰ ਦੂਰ ਕਣਕ ਕਿਉਂ ਵੇਚਣ ਜਾਵੇਗਾ। ਇਹ ਖ਼ਬਰ ਛਪ ਜਾਣ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਗੋਰਖਧੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਨ੍ਹਾਂ ਦੋਹਾਂ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਇਸ ਲਈ ਉਹ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੀਆਂ।
- ਚੰਦ ਫਤਿਹਪੁਰੀ

325 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper