Latest News
ਖਤਰਾ ਟਲਿਆ ਨਹੀਂ, ਅਜੇ ਵੀ ਬਚੋ

Published on 21 May, 2020 10:15 AM.


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਟਵੀਟ ਕਰਕੇ ਦੱਸਿਆ ਕਿ ਪੰਜਾਬ ਵਿਚ ਕੋਰੋਨਾ ਪੀੜਤਾਂ ਦੇ ਠੀਕ ਹੋਣ ਦਾ ਫੀਸਦੀ 89 ਤੱਕ ਪੁੱਜ ਗਿਆ ਹੈ ਤੇ ਸਿਰਫ 211 ਐਕਟਿਵ ਕੇਸ ਰਹਿ ਗਏ ਹਨ। ਉਨ੍ਹਾ ਇਹ ਵੀ ਦੱਸਿਆ ਕਿ ਸਾਡੇ ਕੇਸ ਵੀ 100 ਦਿਨਾਂ ਵਿਚ ਡਬਲ ਹੋ ਰਹੇ ਹਨ, ਜਦਕਿ ਭਾਰਤ ਦੀ ਔਸਤ 14 ਦਿਨ ਹੈ। ਇਸ ਦੇ ਨਾਲ ਹੀ ਪੰਜਾਬ ਦੇ ਪਹਿਲੇ ਕੰਟੇਨਮੈਂਟ ਜ਼ੋਨ ਬਣੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਵਿਚ ਦੋ ਮਹੀਨੇ ਪਹਿਲਾਂ 19 ਮਾਰਚ ਨੂੰ ਲਾਈਆਂ ਗਈਆਂ ਸਾਰੀਆਂ ਰੋਕਾਂ ਖਤਮ ਕਰਨ ਦੀ ਸੁਖਾਵੀਂ ਖਬਰ ਵੀ ਆਈ ਹੈ। ਦਰਅਸਲ ਇਹੀ ਪਿੰਡ ਸੂਬੇ ਦਾ ਪਹਿਲਾ ਹਾਟਸਪੌਟ ਬਣਿਆ ਸੀ। ਇਥੇ ਹੀ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਸੀ ਤੇ 15 ਹੋਰ ਲੋਕ ਪਾਜ਼ੀਟਿਵ ਨਿਕਲੇ ਸਨ। ਬਾਕੀ ਸਭ ਠੀਕ ਹੋ ਚੁੱਕੇ ਹਨ। ਪਿੰਡ ਵਿਚ ਆਖਰੀ ਪਾਜ਼ੀਟਿਵ ਕੇਸ 26 ਮਾਰਚ ਨੂੰ ਸਾਹਮਣੇ ਆਇਆ ਸੀ। ਠੀਕ ਹੋ ਕੇ ਇਥੋਂ ਦਾ ਆਖਰੀ ਮਰੀਜ਼ 21 ਅਪ੍ਰੈਲ ਨੂੰ ਘਰ ਪਰਤ ਆਇਆ ਸੀ। ਹਾਲਾਂਕਿ ਇਸ ਪਿੰਡ ਨੂੰ ਕੁਝ ਨਾਸਮਝ ਲੋਕਾਂ ਨੇ ਬਦਨਾਮ ਕਰ ਦਿੱਤਾ, ਪਰ ਇਥੋਂ ਦੇ ਲੋਕਾਂ ਨੇ ਹੋਰਨਾਂ ਪਿੰਡਾਂ ਦੇ ਪੀੜਤ ਲੋਕਾਂ ਦੀ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਬਕਾਇਦਾ ਕੋਰੋਨਾ-ਮੁਕਤ ਐਲਾਨੇ ਜਾਣ 'ਤੇ ਵੀ ਉਨ੍ਹਾਂ ਸ਼ੁਕਰਾਨੇ ਵਜੋਂ 315 ਕੁਇੰਟਲ ਕਣਕ, ਸਬਜ਼ੀਆਂ, ਖੰਡ ਤੇ ਸੁੱਕੇ ਰਾਸ਼ਨ ਦੀ ਕਰੀਬ 15 ਲੱਖ ਦੀ ਰਸਦ ਤਿੰਨ ਗੱਡੀਆਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਰਵਾਨਾ ਕੀਤੀ।
ਸਥਿਤੀ ਵਿਚ ਸੁਧਾਰ ਦੌਰਾਨ ਸਰਕਾਰ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਮਾਮੂਲੀ ਲੱਛਣ ਵਾਲਿਆਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਰਹਿਣ ਦੀ ਛੋਟ ਦਿੱਤੀ ਹੈ, ਪਰ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਕਰਫਿਊ ਖਤਮ ਹੋਣ ਤੋਂ ਬਾਅਦ ਮਾਸਕ ਲਾਜ਼ਮੀ ਪਾਉਣ ਦੀਆਂ ਵਿਸ਼ੇਸ਼ ਹਦਾਇਤਾਂ ਦੇ ਬਾਵਜੂਦ ਲੋਕ ਹੀ ਨਹੀਂ, ਕਈ ਪੁਲਸ ਵਾਲੇ ਵੀ ਮਾਸਕ ਠੋਡੀ ਤੱਕ ਲਟਕਾਈ ਨਜ਼ਰ ਆਉਂਦੇ ਹਨ। ਸਰਕਾਰ ਲੋਕਾਂ ਨੂੰ ਘਰਾਂ ਵਿਚ ਇਕਾਂਤਵਾਸ ਰਹਿੰਦਿਆਂ ਨਿਯਮਾਂ ਦੀ ਪਾਲਣਾ ਕਰਾਉਣ ਲਈ ਕਾਗਜ਼ਾਂ 'ਤੇ ਦਸਤਖਤ ਵੀ ਕਰਾਉਂਦੀ ਹੈ ਤੇ ਟੈਕਨਾਲੋਜੀ ਵੀ ਇਸਤੇਮਾਲ ਕਰਦੀ ਹੈ। ਇਕ ਮਈ ਤੋਂ 18 ਮਈ ਤੱਕ ਰੋਜ਼ਾਨਾ ਔਸਤਨ ਲੱਗਭੱਗ 95 ਲੋਕਾਂ ਨੇ ਹੋਮ ਕੁਆਰਨਟੀਨ ਦੀ ਉਲੰਘਣਾ ਕੀਤੀ। ਇਹ ਰੁਝਾਨ ਅਧਿਕਾਰੀਆਂ 'ਤੇ ਦਬਾਅ ਵਧਾ ਰਿਹਾ ਹੈ, ਕਿਉਂਕਿ ਸੀਮਤ ਸਰਕਾਰੀ ਵਸੀਲਿਆਂ ਕਾਰਨ ਲੋਕਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਅਜਿਹੇ ਲੋਕ ਘਰੋਂ ਬਾਹਰ ਨਿਕਲ ਕੇ ਹੋਰਨਾਂ ਚੰਗੇ-ਭਲੇ ਤੇ ਲਾਕਡਾਊਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਲਾਗ ਲਾ ਕੇ ਉਨ੍ਹਾਂ ਲਈ ਮੁਸੀਬਤ ਦਾ ਸਬੱਬ ਬਣ ਸਕਦੇ ਹਨ। ਦੇਸ਼ ਦੇ ਹੋਰਨਾਂ ਹਿੱਸਿਆਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਨੈਗਟਿਵ ਲੋਕਾਂ ਨੂੰ 14 ਦਿਨ ਘਰ ਵਿਚ ਇਕੱਲੇ ਰਹਿਣ ਲਈ ਕਿਹਾ ਜਾਂਦਾ ਹੈ, ਜਦਕਿ ਪਾਜ਼ੀਟਿਵ ਪਾਏ ਜਾਣ ਵਾਲਿਆਂ ਨੂੰ 10 ਦਿਨ ਹਸਪਤਾਲ ਵਿਚ ਰੱਖ ਕੇ 7 ਦਿਨ ਘਰ ਵਿਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਉਲੰਘਣਾ ਕਰਕੇ ਸਜ਼ਾ ਦੇ ਭਾਗੀ ਹੋਣ ਦਾ ਹਲਫਨਾਮਾ ਦੇਣ ਦੇ ਬਾਵਜੂਦ ਲੋਕ ਪਰਵਾਹ ਨਹੀਂ ਕਰ ਰਹੇ। ਅਜਿਹੇ ਲੋਕਾਂ ਦੀ ਹਿਲਜੁਲ ਦਾ ਪਤਾ ਲਾਉਣ ਲਈ ਇਨ੍ਹਾਂ ਦੇ ਮੋਬਾਈਲ 'ਤੇ ਕੋਵਾ ਐਪ ਵੀ ਇੰਸਟਾਲ ਕੀਤੀ ਗਈ ਹੈ। ਇਸ ਦੇ ਬਾਵਜੂਦ ਪਿਛਲੇ 18 ਦਿਨਾਂ ਵਿਚ 1709 ਲੋਕ ਉਲੰਘਣਾ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਲੋਕਾਂ ਦੇ ਰੁਜ਼ਗਾਰ ਖੁਲ੍ਹਵਾਉਣ ਲਈ ਸਮੇਂ-ਸਮੇਂ ਖੁੱਲ੍ਹਾਂ ਦੇਣ ਵੇਲੇ ਇਹ ਚਿਤਾਵਨੀ ਜ਼ਰੂਰ ਦਿੱਤੀ ਹੈ ਕਿ ਸੰਸਾਰ ਸਿਹਤ ਜਥੇਬੰਦੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਰ ਹਾਲਤ ਵਿਚ ਕੀਤੀ ਜਾਵੇ, ਕਿਉਂਕਿ ਬਿਮਾਰੀ ਦਾ ਕੋਈ ਇਲਾਜ ਨਹੀਂ ਲੱਭਾ। ਦੇਸ਼ ਦੇ ਹੋਰਨਾਂ ਹਿੱਸਿਆਂ ਤੇ ਅਮਰੀਕਾ ਵਰਗੇ ਅਮੀਰ ਦੇਸ਼ਾਂ ਵਿਚ ਵਧ ਰਹੇ ਕੇਸਾਂ ਤੋਂ ਸਾਫ ਹੈ ਕਿ ਖਤਰਾ ਅਜੇ ਟਲਿਆ ਨਹੀਂ। ਕਰਫਿਊ ਦੌਰਾਨ ਅਪਣਾਈਆਂ ਸਾਵਧਾਨੀਆਂ 'ਤੇ ਪਹਿਰਾ ਦਿੰਦੇ ਰਹਿਣ ਨਾਲ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਘਰਾਂ ਵਿਚ ਇਕਾਂਤਵਾਸ ਦੀ ਆਜ਼ਾਦੀ ਹਾਸਲ ਕਰਨ ਵਾਲੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਕ-ਦੋ ਹਫਤਿਆਂ ਦਾ ਜ਼ਾਬਤਾ ਨਾ ਰੱਖਣ ਨਾਲ ਉਹ ਕਿੰਨੇ ਲੋਕਾਂ ਦੀ ਜਾਨ ਲਈ ਖਤਰਾ ਬਣ ਸਕਦੇ ਹਨ।

369 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper