Latest News
ਪੰਜਾਬ ਪੈਨਸ਼ਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਤੇਰਾਂ ਹਜ਼ਾਰ ਰੁਪਏ ਸਹਾਇਤਾ

Published on 21 May, 2020 10:25 AM.


ਮੇਹਟੀਆਣਾ (ਜਗਤਾਰ ਸਿੰਘ ਭੁੰਗਰਨੀ)
ਪੰਜਾਬ ਪੈਨਸ਼ਨ ਯੂਨੀਅਨ ਬ੍ਰਾਂਚ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਮਨਸੂਰਾਂ ਵੱਲੋਂ ਆਪਣੇ ਸਾਥੀਆਂ ਨਾਲ ਆਨ ਲਾਈਨ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕੋਰੋਨਾ ਵਾਇਰਸ ਵਰਗੀ ਫੈਲੀ ਭਿਆਨਕ ਬਿਮਾਰੀ ਅਤੇ ਲਾਕਡਾਊਨ, ਕਰਫਿਊ ਨਾਲ ਹਰ ਵਰਗ ਨੂੰ ਆਈਆਂ ਮੁਸ਼ਕਲਾਂ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਭਿਆਨਕ ਬਿਮਾਰੀ ਅਤੇ ਲਾਕਡਾਊਨ, ਕਰਫਿਊ ਦੌਰਾਨ ਮਜ਼ਦੂਰਾਂ, ਗਰੀਬ ਪਰਵਾਰਾਂ, ਕਿਸਾਨਾਂ, ਛੋਟੇ ਉਦਯੋਗਾਂ ਅਤੇ ਖਾਸ ਕਰ ਪ੍ਰਵਾਸੀ ਲੇਬਰ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਈਆਂ ਨੂੰ ਤਾਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਜਿੱਥੇ ਅੱਜ ਦੇਸ਼ ਭਰ ਦਾ ਮੁਲਾਜ਼ਮ ਅਤੇ ਮਜ਼ਦੂਰ ਆਰਥਿਕ ਅਤੇ ਭੁੱਖਮਰੀ ਨਾਲ ਜੂਝ ਰਿਹਾ ਹੈ, ਉਥੇ ਕੇਂਦਰ ਦੀ ਸਰਕਾਰ ਦੇ ਇਸ਼ਾਰੇ 'ਤੇ ਕੁਝ ਰਾਜਾਂ ਵੱਲੋਂ ਇਸ ਮੌਕੇ ਦੀ ਤਾਕ ਵਿੱਚ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ 8 ਘੰਟੇ ਦਿਹਾੜੀ ਨੂੰ 12 ਘੰਟੇ ਕਰ ਦਿੱਤੀ ਅਤੇ ਯੂ ਪੀ ਸਰਕਾਰ ਨੇ 38 ਲੇਬਰ-ਲਾਅ ਤਿੰਨ ਸਾਲ ਲਈ ਮੁਅੱਤਲ ਹੀ ਕਰ ਦਿੱਤੇ ਅਤੇ ਹਫਤੇ ਵਿੱਚ 48 ਘੰਟੇ ਕੰਮ ਕਰਨ ਦੀ ਬਜਾਏ 72 ਘੰਟੇ ਕੰਮ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਕੁੱਝ ਰਾਜ ਤਿਆਰੀ ਕੱਸੀ ਬੈਠੇ ਹਨ। ਪਹਿਲਾਂ ਤਾ ਇਕ ਭਿਆਨਕ ਬਿਮਾਰੀ ਦਾ ਖੌਫ, ਦੂਸਰਾ ਸਰਕਾਰਾਂ ਦੀ ਲੇਬਰ–ਲਾਅ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੀ ਲਟਕਦੀ ਤਲਵਾਰ, ਇਹ ਮੁਲਾਜ਼ਮਾਂ 'ਤੇ ਇਕ ਨਾ ਸਹਿਣ-ਯੋਗ ਆਰਥਿਕ ਹਮਲਾ ਹੈ, ਜਿਸ ਦੀ ਪੰਜਾਬ ਪੈਨਸ਼ਨ ਯੂਨੀਅਨ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ 50 ਕਾਰਪੋਰੇਟ (ਅਮੀਰ) ਘਰਾਣਿਆਂ ਦਾ 68000 ਕਰੋੜ ਰੁਪਏ ਕਰਜ਼ਾ ਮੁਆਫ ਕਰ ਦਿੱਤਾ ਗਿਆ ਅਤੇ ਲਾਕਡਾਊਨ, ਕਰਫਿਊ ਨਾਲ ਪ੍ਰਭਾਵਿਤ ਭੁੱਖੇ ਅਤੇ ਬੇਰੁਜ਼ਗਾਰ ਮਜ਼ਦੂਰਾਂ ਨੂੰ ਕੋਈ ਰਾਹਤ ਪੈਕਜ ਨਾ ਦੇਣ ਦੀ ਵੀ ਸਖਤ ਨਿਖੇਧੀ ਕੀਤੀ ਗਈ। ਇਸ ਮੌਕੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਫਰੰਟ 'ਤੇ ਲੜ ਰਹੇ ਉਨ੍ਹਾਂ ਪਬਲਿਕ ਅਦਾਰਿਆਂ ਦੇ ਮੁਲਾਜ਼ਮਾਂ ਹੈਲਥ, ਟਰਾਂਸਪੋਰਟ, ਪੁਲਸ ਅਤੇ ਕਿਸਾਨ ਮਜ਼ਦੂਰਾਂ ਦੀ ਸ਼ਲਾਘਾ ਕੀਤੀ, ਜੋ ਜਾਨ ਦੀ ਪ੍ਰਵਾਹ ਕੀਤੇ ਬਗੈਰ ਡਟੇ ਰਹੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਰੰਟ ਲਾਇਨ 'ਤੇ ਲੜ ਰਹੇ ਉਨ੍ਹਾਂ ਮੁਲਾਜ਼ਮਾਂ ਨੂੰ ਚਾਹੇ ਉਹ ਠੇਕੇ 'ਤੇ ਰੱਖੇ ਹੋਣ, ਆਊਟ ਸੋਰਸਿਸ ਜਾਂ ਦਿਹਾੜੀਦਾਰ ਕਾਮਾ ਹੋਵੇ, ਨੂੰ ਵੀ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਵਿਸ਼ੇਸ਼ ਰਾਹਤ ਪੈਕਜ ਦਿੱਤਾ ਜਾਵੇ, ਮੌਤ ਹੋਣ 'ਤੇ 50 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾਵੇ।
ਅਖੀਰ ਵਿਚ ਮੁਲਾਜ਼ਮਾਂ-ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਹਰਮਨ ਪਿਆਰੀ ਅਖਬਾਰ ਨਵਾਂ ਜ਼ਮਾਨਾ ਲਈ ਪੰਜਾਬ ਪੈਨਸ਼ਨ ਯੂਨੀਅਨ ਬ੍ਰਾਂਚ ਜ਼ਿਲ੍ਹਾ ਲੁਧਿਆਣਾ ਵੱਲੋਂ 13500 ਰੁਪਏ ਦੀ ਸਹਾਇਤਾ ਰਾਸ਼ੀ ਜਗਤਾਰ ਸਿੰਘ ਭੁੰਗਰਨੀ ਪ੍ਰਧਾਨ ਰਾਹੀਂ ਅਖਬਾਰ ਦੇ ਅਕਾਊਂਟ 'ਚ ਪਾ ਦਿੱਤੀ ਗਈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਮਨਸੂਰਾਂ, ਜਨਰਲ ਸਕੱਤਰ ਹਰਿੰਦਰ ਸਿੰਘ, ਕੈਸ਼ੀਅਰ ਦਰਸ਼ਨ ਸਿੰਘ ਥਰੀਕੇ ਆਦਿ ਹਾਜ਼ਰ ਸਨ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper