Latest News
ਲਾਕਡਾਊਨ 'ਚੋਂ ਨਿਕਲਣ ਬਾਰੇ ਸਰਕਾਰ ਭੰਬਲਭੂਸੇ 'ਚ

Published on 22 May, 2020 08:16 AM.

ਨਵੀਂ ਦਿੱਲੀ : ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਆਪੋਜ਼ੀਸ਼ਨ ਪਾਰਟੀਆਂ ਨਾਲ ਵੀਡੀਓ ਕਾਨਫਰੰਸ ਵਿਚ ਕਿਹਾ ਕਿ ਸਰਕਾਰ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਭੰਬਲਭੂਸੇ ਵਿਚ ਹੈ। ਉਸ ਨੇ ਇਸ ਵਿਚੋਂ ਨਿਕਲਣ ਦੀ ਕੋਈ ਰਣਨੀਤੀ ਨਹੀਂ ਘੜੀ। 25 ਮਾਰਚ ਨੂੰ ਸ਼ੁਰੂ ਕੀਤੇ ਲਾਕਡਾਊਨ ਨੂੰ ਤਿੰਨ ਵਾਰ ਵਧਾਇਆ ਗਿਆ, ਜਦਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕੋਰੋਨਾ ਖਿਲਾਫ ਜੰਗ 21 ਦਿਨਾਂ ਵਿਚ ਜਿੱਤ ਲਈ ਜਾਵੇਗੀ। ਪ੍ਰਧਾਨ ਮੰਤਰੀ ਦਾ 20 ਲੱਖ ਕਰੋੜ ਦਾ ਪੈਕੇਜ ਵੀ ਮਜ਼ਾਕ ਸਾਬਤ ਹੋਇਆ ਹੈ।
ਮੀਟਿੰਗ ਤੋਂ ਪਹਿਲਾਂ ਆਗੂਆਂ ਨੇ ਅਮਫਾਨ ਤੂਫਾਨ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿਚ ਕੁਝ ਪਲ ਮੌਨ ਧਾਰਿਆ। ਮੀਟਿੰਗ ਵਿਚ ਰਾਹੁਲ ਗਾਂਧੀ, ਸ਼ਿਵ ਸੈਨਾ ਪ੍ਰਧਾਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ, ਡੀ ਐਮ ਕੇ ਦੇ ਐੱਮ ਕੇ ਸਟਾਲਿਨ, ਰਾਜਦ ਦੇ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਸਣੇ ਲਗਭਗ ਦੋ ਦਰਜਨ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮਾਇਆਵਤੀ, ਅਖਿਲੇਸ਼ ਯਾਦਵ ਤੇ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਹੋਏ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਜਨਤਕ ਅਦਾਰਿਆਂ ਨੂੰ ਵੇਚਣ ਦੇ ਰਾਹ ਪਈ ਹੋਈ ਹੈ ਤੇ ਕਿਰਤ ਕਾਨੂੰਨਾਂ ਨੂੰ ਖਤਮ ਕਰ ਰਹੀ ਹੈ। ਇਸ ਲਈ ਸੰਸਦ ਵਿਚ ਬਹਿਸ ਕਰਾਉਣ ਤੱਕ ਲਈ ਤਿਆਰ ਨਹੀਂ।
ਆਪੋਜ਼ੀਸ਼ਨ ਆਗੂਆਂ ਨੇ ਦੋਸ਼ ਲਾਇਆ ਕਿ ਘਰਾਂ ਵੱਲ ਲੱਖਾਂ ਦੀ ਗਿਣਤੀ ਵਿਚ ਨਿਕਲੇ ਕਈ ਮਜ਼ਦੂਰ ਹਾਦਸਿਆਂ ਵਿਚ ਮਾਰੇ ਗਏ। ਸਰਕਾਰ ਨੇ ਇਨ੍ਹਾਂ ਦੀ ਚੰਗੀ ਤਰ੍ਹਾਂ ਸਾਰ ਨਹੀਂ ਲਈ। ਸੋਨੀਆ ਨੇ ਕਿਹਾ ਕਿ ਸੰਕਟ ਦੇ ਸਮੇਂ ਵੀ ਸਾਰੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਦਫਤਰ ਤੱਕ ਸੀਮਤ ਹਨ। ਸਰਕਾਰ ਨੇ ਫੈਡਰਲਿਜ਼ਮ ਦੀ ਭਾਵਨਾ ਨੂੰ ਭੁਲਾ ਦਿੱਤਾ ਹੈ ਅਤੇ ਆਪੋਜ਼ੀਸ਼ਨ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਕਈ ਹਮਖਿਆਲ ਪਾਰਟੀਆਂ ਮੰਗ ਕਰ ਚੁੱਕੀਆਂ ਹਨ ਕਿ ਪੈਸੇ ਸਿੱਧੇ ਗਰੀਬਾਂ ਦੇ ਖਾਤੇ ਵਿਚ ਪਾਏ ਜਾਣ, ਸਾਰੇ ਪਰਵਾਰਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਵੇ ਅਤੇ ਘਰ ਜਾਣ ਵਾਲਿਆਂ ਨੂੰ ਬੱਸਾਂ ਤੇ ਟਰੇਨਾਂ ਰਾਹੀਂ ਫਰੀ ਪਹੁੰਚਾਇਆ ਜਾਵੇ। ਮੁਲਾਜ਼ਮਾਂ ਤੇ ਮਾਲਕਾਂ ਦੀ ਸੁਰੱਖਿਆ ਲਈ ਵੇਤਨ ਸਹਾਇਤਾ ਫੰਡ ਬਣਾਇਆ ਜਾਵੇ, ਪਰ ਸਰਕਾਰ ਨੇ ਸਭ ਅਣਸੁਣਿਆ ਕਰ ਦਿੱਤਾ। ਸੋਨੀਆ ਨੇ ਕਿਹਾ, 'ਉਸਾਰੂ ਆਲੋਚਨਾ ਕਰਨ, ਸੁਝਾਅ ਦੇਣਾ ਤੇ ਲੋਕਾਂ ਦੀ ਆਵਾਜ਼ ਬਣਨਾ ਸਾਡਾ ਫਰਜ਼ ਹੈ। ਇਸੇ ਭਾਵਨਾ ਨਾਲ ਅਸੀਂ ਬੈਠਕ ਕਰ ਰਹੇ ਹਾਂ।'

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper