Latest News
ਬਜ਼ੁਰਗ ਕਮਿਊਨਿਸਟ ਆਗੂ ਸੁਖਦੇਵ ਸਿੰਘ ਮੰਦਰਾਂ ਦਾ ਦੇਹਾਂਤ

Published on 22 May, 2020 08:22 AM.

ਬੁਢਲਾਡਾ (ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਬਜ਼ੁਰਗ ਆਗੂ ਕਾਮਰੇਡ ਸੁਖਦੇਵ ਸਿੰਘ ਮੰਦਰਾਂ ਬੀਤੀ ਰਾਤ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 78 ਸਾਲਾ ਕਾਮਰੇਡ ਮੰਦਰਾਂ ਬੁਢਲਾਡਾ ਤਹਿਸੀਲ ਦੇ ਪਿੰਡ ਆਲਮਪੁਰ ਮੰਦਰਾਂ ਦੇ ਜੰਮਪਲ ਸਨ, ਪਰ ਪਿਛਲੇ ਕਈ ਸਾਲਾਂ ਤੋਂ ਉਹ ਬੁਢਲਾਡਾ ਵਿਖੇ ਹੀ ਰਹਿੰਦੇ ਸਨ। ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਕਾਮਰੇਡ ਮੰਦਰਾਂ ਦੇ ਵਿਛੋੜੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸਾਥੀ ਅਰਸ਼ੀ ਨੇ ਕਿਹਾ ਕਿ ਕਾਮਰੇਡ ਸੁਖਦੇਵ ਸਿੰਘ ਮੰਦਰਾਂ ਨੇ ਤਕਰੀਬਨ ਪੰਜ ਦਹਾਕੇ ਦਾ ਸਮਾਂ ਕਿਰਤੀ-ਕਾਮਿਆਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਦੇ ਲੇਖੇ ਲਾਇਆ, ਉਨ੍ਹਾ ਦਾ ਜੀਵਨ ਸੰਘਰਸ਼ਮਈ ਸੀ ਅਤੇ ਉਨ੍ਹਾ ਪਹਿਲਾਂ ਟੈਕਨੀਕਲ ਅਤੇ ਮਕੈਨੀਕਲ ਇੰਪਲਾਈਜ਼ ਯੂਨੀਅਨ (ਪਬਲਿਕ ਹੈੱਲਥ ਵਿਭਾਗ) ਵਿੱਚ ਆਗੂ ਵਜੋਂ ਅਨੇਕਾਂ ਛੋਟੇ-ਵੱਡੇ ਸੰਘਰਸ਼ਾਂ ਵਿੱਚ ਮੋਹਰੀ ਹੋ ਕੇ ਰੋਲ ਅਦਾ ਕੀਤਾ ਅਤੇ ਵਿਭਾਗ ਵਿੱਚੋ ਸੇਵਾਮੁਕਤ ਹੋਣ ਤੋਂ ਬਾਅਦ ਪੰਜਾਬ ਖੇਤ ਮਜ਼ਦੂਰ ਸਭਾ ਵਿੱਚ ਸੂਬਾ ਪੱਧਰ ਅਤੇ ਨੈਸ਼ਨਲ ਕੌਂਸਲ ਮੈਂਬਰ ਵਜੋਂ ਕੰਮ ਕੀਤਾ। ਕਾਮਰੇਡ ਮੰਦਰਾਂ ਨੇ ਸੀ ਪੀ ਆਈ ਦੀ ਮਜ਼ਬੂਤੀ ਲਈ ਆਪਣਾ ਬਣਦਾ ਯੋਗਦਾਨ ਪਾਇਆ। ਉਹਨਾ ਕਿਹਾ ਕਿ ਉਨ੍ਹਾ ਦੇ ਵਿਛੜਣ ਨਾਲ ਪਾਰਟੀ ਅਤੇ ਪਰਵਾਰ ਨੂੰ ਵੱਡਾ ਘਾਟਾ ਪਿਆ ਹੈ। ਸਾਥੀ ਅਰਸ਼ੀ ਤੋਂ ਇਲਾਵਾ ਸੀ ਪੀ ਆਈ ਦੇ ਜ਼ਿਲਾ ਸਕੱਤਰ ਕ੍ਰਿਸ਼ਨ ਚੌਹਾਨ, ਨਿਹਾਲ ਸਿੰਘ ਮਾਨਸਾ, ਦਲਜੀਤ ਸਿੰਘ ਮਾਨਸ਼ਾਹੀਆ, ਐਡਵੋਕੇਟ ਰੇਖਾ ਸ਼ਰਮਾ, ਸੀਤਾ ਰਾਮ ਗੋਬਿੰਦਪੁਰਾ, ਪਾਰਟੀ ਦੇ ਤਹਿਸੀਲ ਸਕੱਤਰ ਵੇਦ ਪ੍ਰਕਾਸ਼, ਮਾਸਟਰ ਗੁਰਬਚਨ ਸਿੰਘ ਮੰਦਰਾਂ, ਮਲਕੀਤ ਸਿੰਘ ਮੰਦਰਾਂ, ਮਾਸਟਰ ਬਲਵੀਰ ਸਿੰਘ, ਚਿਮਨ ਲਾਲ ਕਾਕਾ, ਟਰੇਡ ਯੂਨੀਅਨ ਆਗੂ ਜਗਸ਼ੀਰ ਸਿੰਘ ਰਾਏਕੇ, ਸੀ ਪੀ ਆਈ (ਐੱਮ) ਦੇ ਆਗੂ ਸਵਰਨਜੀਤ ਸਿੰਘ ਦਲਿਓ, ਨੌਜਵਾਨ ਆਗੂ ਬਿੰਦਰ ਸਿੰਘ ਅਹਿਮਦਪੁਰ ਆਦਿ ਨੇ ਵੀ ਕਾਮਰੇਡ ਸੁਖਦੇਵ ਸਿੰਘ ਮੰਦਰਾਂ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਾਮਰੇਡ ਸੁਖਦੇਵ ਸਿੰਘ ਮੰਦਰਾਂ ਨਮਿਤ ਪਾਠ ਦਾ ਭੋਗ 24 ਮਈ (ਐਤਵਾਰ) ਨੂੰ ਸਵੇਰੇ 10 ਵਜੇ ਉਨ੍ਹਾ ਦੇ ਗ੍ਰਹਿ ਪੂਨੀਆਂ ਵਾਲੀ ਗਲੀ ਵਿਖੇ ਪਵੇਗਾ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper