Latest News
ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਉਣ ਦੀ ਸਮਾਂ-ਸੀਮਾ 30 ਜੂਨ ਤੱਕ ਵਧਾਈ : ਰਜ਼ੀਆ

Published on 23 May, 2020 11:03 AM.


ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐੱਚ ਐੱਸ ਆਰ ਪੀ) ਲਗਾਉਣ ਦੀ ਸਮਾਂ-ਸੀਮਾ 30 ਜੂਨ ਤੱਕ ਵਧਾ ਦਿੱਤੀ ਹੈ। ਇਹ ਪਲੇਟਾਂ ਲਾਉਣ ਸੰਬੰਧੀ ਸਾਰੇ ਵਾਹਨ ਮਾਲਕਾਂ ਲਈ ਆਖਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਤਰੀਕ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼ਨੀਵਾਰ ਨੂੰ ਇਥੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭਾਰਤ 'ਚ ਸਾਰੇ ਵਾਹਨਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਅੱੈਚ ਐੱਸ ਆਰ ਪੀ) ਲਗਾਉਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਹਨਾਂ ਵਾਹਨ ਮਾਲਕਾਂ ਨੂੰ 30 ਜੂਨ ਤੱਕ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ ਦਾ ਆਖਰੀ ਮੌਕਾ ਦਿੱਤਾ ਹੈ। ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੌਜੂਦਾ 22 ਫਿਟਮੈਂਟ ਸੈਂਟਰਾਂ ਤੋਂ ਇਲਾਵਾ ਸਬ-ਡਵੀਜ਼ਨਲ ਪੱਧਰ 'ਤੇ 45 ਹੋਰ ਫਿਟਮੈਂਟ ਸੈਂਟਰ ਸਥਾਪਤ ਕੀਤੇ ਗਏ ਹਨ।
ਉਹਨਾ ਕਿਹਾ ਕਿ ਜਨਤਾ ਦੀ ਸਹੂਲਤ ਲਈ ਅਤੇ ਸ਼ੋਸ਼ਣ ਨੂੰ ਰੋਕਣ ਲਈ ਘਰ ਵਿੱਚ ਐੱਚ ਐੱਸ ਆਰ ਪੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਹ ਸਹੂਲਤ ਅਖ਼ਤਿਆਰੀ ਹੈ, ਜਿਸ ਤਹਿਤ ਵਾਹਨ ਮਾਲਕ ਇਹ ਸੁਵਿਧਾ 2 ਅਤੇ 3 ਪਹੀਆ ਵਾਹਨ ਲਈ 100 ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 150 ਰੁਪਏ ਅਤੇ ਹੋਰ ਦਾ ਭੁਗਤਾਨ ਕਰਕੇ ਪ੍ਰਾਪਤ ਕਰ ਸਕਦੇ ਹਨ।

152 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper