Latest News
ਲਾਕਡਾਊਨ ਦਾ ਹਿਸਾਬ ਤਾਂ ਦੇਣਾ ਪਵੇਗਾ

Published on 28 May, 2020 10:32 AM.


ਦੇਸ਼ ਭਰ ਲਈ ਐਲਾਨੇ ਲਾਕਡਾਊਨ ਨੂੰ ਦੋ ਮਹੀਨੇ ਤੋਂ ਉੱਪਰ ਹੋ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਗੱਲ ਦਾ ਹਿਸਾਬ-ਕਿਤਾਬ ਕੀਤਾ ਜਾਵੇ ਕਿ ਇਸ ਲੰਮੇ ਲਾਕਡਾਊਨ ਰਾਹੀਂ ਅਸੀਂ ਕੀ ਖੱਟਿਆ ਤੇ ਕੀ ਗੁਆਇਆ।
24 ਮਾਰਚ ਤੋਂ ਸ਼ੁਰੂ ਹੋਏ ਲਾਕਡਾਊਨ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਸੀ ਕਿ ਉਸ ਨੂੰ 21 ਦਿਨ ਦਿੱਤੇ ਜਾਣ, ਤਾਂ ਜੋ ਕੋਰੋਨਾ ਦਾ ਖਾਤਮਾ ਕੀਤਾ ਜਾਵੇ। ਲੋਕਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ਦਾ ਭਰਪੂਰ ਹੁੰਗਾਰਾ ਭਰਿਆ। ਇਹੋ ਹੀ ਨਹੀਂ, ਉਨ੍ਹਾਂ ਪ੍ਰਧਾਨ ਮੰਤਰੀ ਦੇ ਕਹੇ ਤਾੜੀਆਂ ਤੇ ਥਾਲੀਆਂ ਵੀ ਵਜਾ ਦਿੱਤੀਆਂ, ਕੋਰੋਨਾ ਨੂੰ ਸਾੜਨ ਲਈ ਮੋਮਬੱਤੀਆਂ ਵੀ ਜਗ੍ਹਾ ਦਿੱਤੀਆਂ, ਪਰ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਗਿਆ। ਪ੍ਰਧਾਨ ਮੰਤਰੀ ਨੇ ਜਿਸ ਦਿਨ ਲਾਕਡਾਊਨ ਦਾ ਐਲਾਨ ਕੀਤਾ ਸੀ, ਉਸ ਦਿਨ ਦੇਸ਼ ਭਰ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 519 ਸੀ ਤੇ ਮੌਤਾਂ ਦਹਾਈ ਦੇ ਅੰਕ ਤੱਕ ਵੀ ਨਹੀਂ ਸੀ ਪੁੱਜੀਆਂ, ਪਰ ਅੱਜ ਹਾਲਤ ਕੀ ਹੈ। ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਡੇਢ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਿਨ੍ਹਾਂ 'ਚੋਂ 67 ਹਜ਼ਾਰ ਤੋਂ ਵੱਧ ਐਕਟਿਵ ਹਨ। ਹਰ ਆਏ ਦਿਨ ਬੀਤੇ ਦਿਨ ਨਾਲੋਂ ਨਵੇਂ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਤੇ ਅੱਜ ਦਾ ਅੰਕੜਾ 6566 ਹੈ। ਪਿਛਲੇ 24 ਘੰਟਿਆ ਦੌਰਾਨ 198 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ।
ਉਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ਵਿੱਚ ਪਿਛਲੇ ਦੋ ਮਹੀਨਿਆਂ ਦਾ ਲਾਕਡਾਊਨ 'ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ' ਸਾਬਤ ਹੋਇਆ ਹੈ। ਆਖਰ ਜਿਹੜਾ ਪ੍ਰਧਾਨ ਮੰਤਰੀ ਕੋਰੋਨਾ ਨੂੰ ਖ਼ਤਮ ਕਰਨ ਲਈ 21 ਦਿਨ ਦਾ ਸਮਾਂ ਮੰਗਦਾ ਸੀ, ਨੂੰ ਇਹ ਕਹਿ ਕੇ ਹੱਥ ਖੜੇ ਕਰਨੇ ਪਏ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਜਿਉਣਾ ਸਿੱਖਣਾ ਪਵੇਗਾ। ਪਹਿਲੇ ਦੋ ਮਹੀਨੇ ਜਦੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪਾਬੰਦੀਆਂ ਦੀ ਲੋੜ ਸੀ, ਸਾਡੇ ਹਾਕਮ ਟਰੰਪ ਦੇ ਸਵਾਗਤ ਵਿੱਚ ਲੱਖਾਂ ਦੀਆਂ ਭੀੜਾਂ ਇਕੱਠੀਆਂ ਕਰਕੇ 'ਕੋਰੋਨਾ ਜਸ਼ਨ' ਮਨਾਉਂਦੇ ਰਹੇ ਤੇ ਨਾਲ ਤਬਲੀਗੀਆਂ ਦੀ ਬੇਵਕੂਫ਼ੀ ਦਾ ਸਹਾਰਾ ਲੈ ਕੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਂਦੇ ਰਹੇ। ਜਦੋਂ ਹਾਕਮਾਂ ਦੀ ਨੀਂਦ ਖੁੱਲ੍ਹੀ, ਬਹੁਤ ਦੇਰ ਹੋ ਚੁੱਕੀ ਸੀ। ਅੱਜ ਹਾਕਮ ਦੀ ਹਾਲਤ ਸੱਪ ਤੇ ਕੋਹੜ ਕਿਰਲੀ ਵਾਲੀ ਬਣ ਚੁੱਕੀ ਹੈ। ਖਾਵੇ ਤਾਂ ਕੋਹੜੀ ਉਗਲੱਛੇ ਤਾਂ ਕਲੰਕੀ। ਨਾ ਲਾਕਡਾਊਨ ਖੋਹਲਣ ਦੀ ਹਿੰਮਤ ਪੈਂਦੀ ਹੈ ਤੇ ਨਾ ਚੱਜ ਨਾਲ ਲਾਗੂ ਕਰੀ ਰੱਖਣ ਦੀ।
ਹਾਕਮਾਂ ਦੀ ਅਹਿਮਕਾਨਾ ਗ਼ਲਤੀ ਦਾ ਖਮਿਆਜ਼ਾ ਅੱਜ ਸਮੁੱਚੇ ਦੇਸ਼ ਵਾਸੀ ਭੁਗਤ ਰਹੇ ਹਨ। ਸਮੁੱਚੇ ਭਾਰਤੀ ਅੱਜ ਜੋ ਦੋਜ਼ਖ ਹੰਢਾ ਰਹੇ ਹਨ, ਉਸ ਵਿੱਚੋਂ ਨਿਕਲ ਸਕਣਾ ਸੁਖਾਲਾ ਨਹੀਂ ਹੈ। ਮੱਧਵਰਗ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ। ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਦਾ ਰੁਜ਼ਗਾਰ ਖੁੱਸ ਚੁੱਕਾ ਹੈ। ਕਰੋੜਾਂ ਮਜ਼ਦੂਰ ਭੁੱਖਣ-ਭਾਣੇ ਸ਼ਹਿਰਾਂ ਵਿੱਚ ਫਸੇ ਰਹੇ। ਭੁੱਖ ਦੇ ਸਤਾਏ ਇਨ੍ਹਾਂ ਮਜ਼ਦੂਰਾਂ ਨੇ ਜਦੋਂ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਨੂੰ ਚਾਲੇ ਪਾਏ ਤਾਂ ਸੜਕਾਂ ਉੱਤੇ ਜਿਵੇਂ ਮਨੁੱਖਾਂ ਦਾ ਹੜ ਆ ਗਿਆ ਹੋਵੇ। ਦੋ ਮਹੀਨਿਆਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹਾਲੇ ਤੱਕ ਜਾਰੀ ਹੈ। ਇਸ ਦੌਰਾਨ ਕਿੰਨੇ ਮਜ਼ਦੂਰ ਹਾਦਸੇ ਵਿੱਚ ਮਾਰੇ ਗਏ, ਕਿੰਨਿਆਂ ਨੇ ਭੁੱਖ ਨਾਲ ਤੜਫ਼-ਤੜਫ਼ ਕੇ ਜਾਨ ਦੇ ਦਿੱਤੀ, ਇਸ ਦੀ ਗਿਣਤੀ ਰੱਖਣ ਵਾਲਾ ਕੋਈ ਨਹੀਂ। ਸੜਕਾਂ 'ਤੇ ਪੁਲਸ ਦੀ ਬਰਬਰਤਾ ਦਾ ਸ਼ਿਕਾਰ ਹੁੰਦੇ, ਛੋਟੇ-ਛੋਟੇ ਬੱਚਿਆਂ ਨੂੰ ਕੰਧਾੜੇ ਚੁੱਕੀ ਜਾ ਰਹੇ ਇਹ ਮਜ਼ਦੂਰ ਆਪਣੇ ਨਾਲ ਬੇਰੁਜ਼ਗਾਰੀ ਤੇ ਭੁੱਖ ਵੀ ਨਾਲ ਚੁੱਕੀ ਜਾ ਰਹੇ ਹਨ।
ਇਸ ਸਮੇਂ ਸਰਕਾਰ ਵੱਲੋਂ ਲੋਕ ਦਬਾਅ ਹੇਠ ਰੇਲਾਂ ਚਲਾਈਆਂ ਗਈਆਂ ਹਨ। ਹਰ ਪਾਸੇ ਭਗਦੜ ਮਚੀ ਹੋਈ ਹੈ। ਰੇਲਵੇ ਸਟੇਸ਼ਨਾਂ 'ਤੇ ਭੀੜਾਂ ਹੀ ਭੀੜਾਂ ਹਨ। ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਹ ਲੋਕ ਜਦੋਂ ਆਪਣੇ ਪਿੰਡਾਂ ਵਿੱਚ ਪੁੱਜਣਗੇ ਤਾਂ ਆਪਣੇ ਨਾਲ ਸ਼ਹਿਰਾਂ 'ਚੋਂ ਖੱਟ ਕੇ ਲਿਆਂਦੇ ਕੋਰੋਨਾ ਨੂੰ ਵੀ ਲੈ ਕੇ ਜਾਣਗੇ। ਇਸ ਤਰ੍ਹਾਂ ਹੁਣ ਤੱਕ ਬਚੇ ਰਹੇ ਪੇਂਡੂ ਖੇਤਰ ਵਿੱਚ ਵੀ ਕੋਰੋਨਾ ਦਾ ਪਸਾਰਾ ਹੋ ਜਾਵੇਗਾ। ਇਸ ਨਾਲ ਹਾਲਤ ਕਿੰਨੇ ਭਿਆਨਕ ਹੋ ਸਕਦੇ ਹਨ, ਹਾਲੇ ਇਸ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਸੰਬੋਧਨ ਵਿੱਚ ਭਾਰਤ ਵਾਸੀਆਂ ਨੂੰ ਤਿਆਗ ਤੇ ਤਪੱਸਿਆ ਦਾ ਪਾਠ ਪੜ੍ਹਾਇਆ ਸੀ। ਉਸ ਦਾ ਇਸ਼ਾਰਾ ਸ਼ਾਇਦ ਇਸ ਸਮੇਂ ਦਰ-ਦਰ ਠੋਕਰਾਂ ਖਾ ਰਹੇ ਇਨ੍ਹਾਂ ਮਜ਼ਦੂਰ ਵੱਲ ਹੀ ਸੀ। ਇਸ ਦੇ ਨਾਲ ਹੀ ਮੋਦੀ ਨੇ 'ਆਪਦਾ ਨੂੰ ਅਵਸਰ' ਬਣਾ ਲੈਣ ਦੇ ਮੰਤਰ ਦਾ ਵੀ ਉਚਾਰਨ ਕੀਤਾ ਸੀ। ਮੌਤ ਦੇ ਮੰਜ਼ਰ ਨੂੰ ਮੌਕਾ ਸਿਰਫ਼ ਹਾਕਮ ਹੀ ਬਣਾ ਸਕਦੇ ਹਨ, ਆਮ ਲੋਕ ਤਾਂ ਦਹਿਸ਼ਤ ਦੇ ਸਾਏ ਹੇਠ ਦਿਨ ਕਟੀ ਹੀ ਕਰ ਸਕਦੇ ਹਨ।
ਜੇਕਰ ਅਸੀਂ ਨੋਟਬੰਦੀ ਸਮੇਂ ਦੀ ਗੱਲ ਕਰੀਏ ਤਾਂ ਜਦੋਂ ਆਮ ਲੋਕ ਬੈਂਕਾਂ ਮੂਹਰੇ ਲੱਗੀਆਂ ਲਾਈਨਾਂ ਵਿੱਚ ਖੜੇ ਦਮ ਤੋੜ ਰਹੇ ਸਨ ਤਾਂ ਸੱਤਾਧਾਰੀ ਤੇ ਉਨ੍ਹਾਂ ਦੇ ਮਿੱਤਰ ਕੋਆਪ੍ਰੇਟਿਵ ਬੈਂਕਾਂ ਰਾਹੀਂ ਮੌਕੇ ਦਾ ਫਾਇਦਾ ਉਠਾ ਰਹੇ ਸਨ। ਇਹ ਨੋਟਬੰਦੀ ਦਾ ਹੀ ਕ੍ਰਿਸ਼ਮਾ ਸੀ ਕਿ ਦੇਸ਼ ਭਰ ਵਿੱਚ ਭਾਜਪਾ ਦੇ 400 ਤੋਂ ਵੱਧ ਆਲੀਸ਼ਾਨ ਦਫ਼ਤਰ ਉਸਰ ਗਏ। ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਹਾਲੇ ਸਿਰਫ਼ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਹੀ ਸਾਹਮਣੇ ਆਏ ਹਨ, ਜਿਨ੍ਹਾ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਸੰਨ੍ਹ ਤੋਂ ਫੜੇ ਗਏ ਹਨ। ਪ੍ਰਧਾਨ ਮੰਤਰੀ ਹੁਰਾਂ ਵੀ ਮੌਕੇ ਦਾ ਫਾਇਦਾ ਉਠਾਉਦਿਆਂ ਪੀ ਐੱਮ ਕੇਅਰ ਫੰਡ ਵਾਲੀ ਤਿਜੌਰੀ ਨੂੰ ਨੱਕੋ-ਨੱਕ ਭਰ ਲਿਆ ਹੈ। ਇਹ ਤਾਂ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗੇਗਾ ਕਿ ਕਿਹੜੇ ਸੱਤਾਧਾਰੀ ਨੇ ਮੌਕੇ ਦਾ ਕਿੰਨਾ ਫਾਇਦਾ ਉਠਾਇਆ ਹੈ। ਪਰ ਦੇਸ਼ ਨਾਲ ਕੀਤੇ ਗਏ ਇਸ ਭਿਆਨਕ ਖਿਲਵਾੜ ਦਾ ਹਿਸਾਬ ਤਾਂ ਹਾਕਮਾਂ ਨੂੰ ਦੇਣਾ ਹੀ ਪਵੇਗਾ।
-ਚੰਦ ਫਤਿਹਪੁਰੀ

699 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper