Latest News
ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਜਾਵੇਗੀ : ਭਾਈ ਲੌਂਗੋਵਾਲ

Published on 28 May, 2020 10:44 AM.


ਅੰਮ੍ਰਿਤਸਰ (ਜਸਵੀਰ ਪੱਟੀ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ 'ਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਸਿੱਖ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੇ ਹਾਕੀ ਅੰਦਰ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਅਤੇ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਦਾ ਜੀਵਨ ਸਿੱਖ ਨੌਜੁਆਨੀ ਲਈ ਪ੍ਰੇਰਣਾ-ਸਰੋਤ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਲਬੀਰ ਸਿੰਘ ਸੀਨੀਅਰ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਸੇਧ ਪ੍ਰਾਪਤ ਕਰ ਸਕਣ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ਾਂ ਤੋਂ ਆ ਰਹੇ ਪੰਜਾਬੀਆਂ ਨੂੰ ਸਰਕਾਰ ਵੱਲੋਂ ਮਹਿੰਗੇ ਹੋਟਲਾਂ ਵਿੱਚ ਇਕਾਂਤਵਾਸ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਕ ਪਾਸੇ ਤਾਂ ਪਹਿਲਾਂ ਹੀ ਵਿਦੇਸ਼ਾਂ ਤੋਂ ਆ ਰਹੇ ਪੰਜਾਬੀ ਮਹਿੰਗੀਆਂ ਟਿਕਟਾਂ ਖਰੀਦ ਰਹੇ ਹਨ, ਜਦਕਿ ਦੂਸਰੇ ਪਾਸੇ ਉਨ੍ਹਾਂ ਨੂੰ ਅਲਹਿਦਗੀ ਲਈ ਹੋਟਲਾਂ ਦੇ ਵੱਡੇ ਬਿੱਲ ਭਰਨੇ ਪੈ ਰਹੇ ਹਨ।
ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਤੋਂ ਆ ਰਹੇ ਪੰਜਾਬੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿਚ ਰੱਖਿਆ ਜਾਵੇ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper