Latest News
ਜਲੰਧਰ 'ਚ 7 ਤੇ ਬਠਿੰਡਾ 'ਚ 4 ਨਵੇਂ ਕੇਸ

Published on 29 May, 2020 08:43 AM.

ਜਲੰਧਰ/ਬਠਿੰਡਾ (ਸ਼ੈਲੀ ਐਲਬਰਟ/ਪਰਵਿੰਦਰਜੀਤ ਸਿੰਘ)
ਜਲੰਧਰ 'ਚ ਸ਼ੁੱਕਰਵਾਰ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ। ਬਠਿੰਡਾ ਤੋਂ ਵੀ 4 ਕੇਸਾਂ ਦੀ ਰਿਪੋਰਟ ਹੈ। ਇਨ੍ਹਾਂ 4 'ਚੋਂ ਇੱਕ ਮਹਿਲਾ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਇਨ੍ਹਾਂ 4 ਵਿੱਚੋਂ ਦੋ ਦਾ ਯਾਤਰਾ ਪਿਛੋਕੜ ਹੈ ਅਤੇ ਉਨ੍ਹਾਂ ਕ੍ਰਮਵਾਰ ਅੰਬਾਲਾ ਤੇ ਦਿੱਲੀ ਦੀ ਯਾਤਰਾ ਕੀਤੀ ਹੈ। ਇਸ ਤੋਂ ਬਿਨਾਂ ਇਕ ਪੁਲਸ ਹਿਰਾਸਤ ਵਿਚ ਬੰਦੀ ਹੈ, ਜਿਸ ਨੂੰ ਪੁਲਸ ਨੇ ਕਿਸੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ, ਜਦ ਕਿ ਇਕ ਆਂਗਣਵਾੜੀ ਵਰਕਰ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸ 5 ਹੋ ਗਏ ਹਨ, ਜਦ ਕਿ 43 ਲੋਕ ਪਹਿਲਾਂ ਹੀ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਸਲਾਹਾਂ 'ਤੇ ਅਮਲ ਕਰਦਿਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨ੍ਹਾਂ ਅਪੀਲ ਕੀਤੀ ਕਿ ਵਾਰ-ਵਾਰ ਹੱਥ ਧੋਤੇ ਜਾਣ, ਮਾਸਕ ਪਹਿਨ ਕੇ ਰੱਖੋ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇ। ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਤੋਂ ਬਿਨਾਂ 167 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ, ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਲਏ ਜਾ ਰਹੇ ਹਨ।
ਧਾਰੀਵਾਲ (ਮਨਦੀਪ ਵਿੱਕੀ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜ਼ਾਂ ਵਿੱਚੋਂ 3 ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਨੂੰ ਘਰ (home isolation) ਭੇਜ ਦਿੱਤਾ ਗਿਆ ਹੈ। ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਤੋਂ 2 ਅਤੇ ਬਟਾਲਾ ਤੋਂ 1 ਵਿਅਕਤੀ ਨੂੰ ਘਰ ਭੇਜਿਆ ਗਿਆ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ 8 ਐਕਟਿਵ ਕੋਰੋਨਾ ਪੀੜਤ ਮਰੀਜ਼ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਧਾਰੀਵਾਲ ਅਤੇ ਬਟਾਲਾ ਵਿਖੇ ਅਧਿਕਾਰੀਆਂ ਨੇ ਘਰਾਂ ਨੂੰ ਪਰਤ ਰਹੇ ਮਰੀਜ਼ਾਂ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਘਰ ਜਾ ਰਹੇ ਵਿਅਕਤੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਹਿਣ ਅਤੇ ਖਾਣੇ ਦੇ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਸਨ, ਜਿਸ ਲਈ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਬਲਦੇਵ ਸਿੰਘ ਐੱਸ.ਡੀ.ਓ ਮੰਡੀ ਬੋਰਡ, ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਜਿੰਦਰ ਅਰੋੜਾ, ਡਾ. ਅਮਰਿੰਦਰ ਸਿੰਘ ਕਲੇਰ ਮੈਡੀਕਲ ਹੋਮਿਓਪੈਥੀ ਅਫਸਰ ਸੀ ਐੱਚ ਸੀ ਧਾਰੀਵਾਲ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ। ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ 136 ਕੋਰੋਨਾ ਪੀੜਤਾਂ ਵਿੱਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 125 ਮਰੀਜ਼ ਠੀਕ ਹੋ ਕੇ ਘਰ ਨੂੰ ਭੇਜੇ ਗਏ ਹਨ।

151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper