Latest News
ਲੇਬਰ ਕਾਨੂੰਨਾਂ 'ਚ ਭੰਨਤੋੜ ਨਾਲ ਸਰਕਾਰ ਦਾ ਮਜ਼ਦੂਰ-ਕਿਸਾਨ ਵਿਰੋਧੀ ਚਿਹਰਾ ਬੇਪਰਦ : ਅਮਰਜੀਤ ਕੌਰ 

Published on 30 May, 2020 11:08 AM.


ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਭਾਰਤ ਸਰਕਾਰ ਦੁਆਰਾ ਕੋਵਿਡ-19 ਮਹਾਂਮਾਰੀ ਦੌਰਾਨ ਕਿਰਤ ਕਾਨੂੰਨਾਂ ਵਿੱਚ ਕਾਰਪੋਰੇਟ ਸੈਕਟਰ ਦੇ ਲਾਭ ਲਈ ਅਤੇ ਮਜ਼ਦੂਰਾਂ ਦੇ ਹਿੱਤਾਂ ਦੇ ਉਲਟ ਤਬਦੀਲੀਆਂ ਲਿਆਉਣਾ ਨਾ ਸਿਰਫ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ, ਬਲਕਿ ਕੋਰੋਨਾ ਦੀ ਫੈਲ ਰਹੀ ਬਿਮਾਰੀ ਦੇ ਨਾਲ ਨਜਿੱਠਣ ਦੇ ਪੂਰੇ ਮੁੱਦੇ ਪ੍ਰਤੀ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਕਾਮਰੇਡ ਅਮਰਜੀਤ ਕੌਰ ਜਨਰਲ ਸਕੱਤਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ ਕਿਹਾ ਕਿ ਇਹ ਸਥਿਤੀ ਦੇਸ਼ ਦੇ ਆਰਥਿਕ ਅਤੇ ਸਮੁੱਚੇ ਵਿਕਾਸ ਦੇ ਰੂਪ ਵਿੱਚ ਲੋਕਾਂ ਦੇ ਜੀਵਨ ਉੱਤੇ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਜਮਾਤ ਅਤੇ ਦੇਸ਼ ਸਾਹਮਣੇ ਇਕ ਵੱਡੀ ਚੁਣੌਤੀ ਹੈ। ਉਹ ਸ਼ਨੀਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਏਟਕ ਲੁਧਿਆਣਾ  ਵੱਲੋਂ ਕਰਵਾਏ ਗਏ “ਕੋਵਿਡ-19 ਦੌਰਾਨ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ-ਟਰੇਡ ਯੂਨੀਅਨਾਂ ਅੱਗੇ ਚੁਣੌਤੀ'' ਵਿਸ਼ੇ 'ਤੇ ਸੈਮੀਨਾਰ ਵਿੱਚ ਪ੍ਰਮੁੱਖ  ਬੁਲਾਰੇ ਵਜੋਂ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਮਜ਼ਦੂਰ ਵਰਗ ਨੇ ਆਪਣੇ ਅਧਿਕਾਰਾਂ ਦੀ ਲੜਾਈ ਲੜਦਿਆਂ ਸਮਾਜ ਦੇ ਹੋਰ ਵਰਗਾਂ ਨਾਲ ਰਲ ਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਲਾਲਾ ਲਾਜਪਤ ਰਾਏ, ਨੇਤਾਜੀ ਸੁਭਾਸ਼ ਚੰਦਰ ਬੋਸ, ਜਵਾਹਰ ਲਾਲ ਨਹਿਰੂ ਅਤੇ ਵੀ.ਵੀ. ਗਿਰੀ ਕਾਮਿਆਂ ਦੀ ਪਹਿਲੀ ਰਾਸ਼ਟਰੀ ਟਰੇਡ ਯੂਨੀਅਨ-ਏਟਕ ਦੀਆਂ ਕਾਨਫਰੰਸਾਂ ਦੇ ਪ੍ਰਧਾਨ ਸਨ। ਕਈ ਹੋਰ ਸੁਤੰਤਰਤਾ ਸੰਗਰਾਮੀ ਹਮੇਸ਼ਾ ਮਜ਼ਦੂਰ ਜਮਾਤ ਦੀ ਇਸ ਮੋਹਰੀ ਸੰਸਥਾ ਲਈ ਆਪਣਾ ਸਮਰਥਨ ਜੁਟਾਉਣ ਲਈ ਜੁੜੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਨਾ ਸਿਰਫ ਮੌਜੂਦਾ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ਹਨ, ਬਲਕਿ ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਲਈ ਕਈ ਲੇਬਰ ਕਾਨੂੰਨਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਮੁਅੱਤਲੀ ਵਿਚ ਮੁਢਲੇ ਕਾਨੂੰਨ ਜਿਵੇਂ ਕਿ ਟ੍ਰੇਡ ਯੂਨੀਅਨ ਐਕਟ 1926 ਸ਼ਾਮਲ ਹੈ, ਜਿਸ ਵਿੱਚ ਕਾਮਿਆਂ ਨੂੰ ਇੱਕਜੁਟ ਹੋਣ, ਯੂਨੀਅਨ ਬਣਾਉਣ  ਦੇ ਨਾਲ-ਨਾਲ ਸਮੂਹਕ ਸੌਦੇਬਾਜ਼ੀ ਦਾ ਕਾਨੂੰਨ ਵੀ ਸ਼ਾਮਲ ਹੈ, ਜੋ ਯੂਨੀਅਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਜਾਂ ਉਹਨਾਂ ਦੇ ਅਧਿਕਾਰਾਂ ਲਈ ਸੰਘਰਸ਼  ਦੀ  ਆਗਿਆ ਦਿੰਦਾ ਹੈ। ਇੰਡਸਟ੍ਰੀਅਲ ਡਿਸਪਿਊਟਸ ਐਕਟ  ਵੀ ਮੁਅੱਤਲ ਕੀਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਵਿਵਾਦ ਸੁਲਝਾਉਣ ਦੀ ਕੋਈ ਵਿਧੀ ਨਹੀਂ ਹੋਵੇਗੀ ਅਤੇ ਮਜ਼ਦੂਰ ਅਦਾਲਤਾਂ ਵਿੱਚ  ਵੀ ਨਹੀਂ ਜਾ ਸਕਦੇ। ਫੈਕਟਰੀ ਐਕਟ ਦੀ ਮੁਅੱਤਲੀ ਕੰਮ ਵਾਲੀ ਥਾਂ 'ਤੇ 8 ਘੰਟੇ ਕੰਮ ਕਰਨ ਅਤੇ ਸੁਰੱਖਿਆ ਉਪਾਵਾਂ ਨੂੰ ਖਤਮ ਕਰੇਗੀ। ਮੱਧ ਪ੍ਰਦੇਸ਼ ਸਰਕਾਰ ਦੁਕਾਨਾਂ ਅਤੇ ਸਥਾਪਨਾ ਵਿਚ ਕੰਮ ਕਰਨ ਦੇ ਸਮੇਂ ਨੂੰ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਯਾਨੀ ਕਿ 18 ਘੰਟੇ  ਕਰ ਰਹੀ ਹੈ। ਇਸ ਸਮੇਂ ਦੌਰਾਨ ਔਰਤਾਂ ਅਤੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ  ਹੋਏ ਹਨ। ਕਾਫੀ  ਔਰਤਾਂ ਦੀ ਰੋਜ਼ੀ-ਰੋਟੀ ਚਲੀ ਜਾਵੇਗੀ, ਜਦਕਿ ਬਾਲ ਮਜ਼ਦੂਰੀ ਦੇ ਵਧਣ ਦੇ ਖਤਰੇ ਹਨ। 
ਇਨ੍ਹਾਂ ਤਬਦੀਲੀਆਂ ਨੂੰ ਰੋਕਣ ਲਈ ਟਰੇਡ ਯੂਨੀਅਨਾਂ ਲਈ ਇਕਜੁੱਟ ਸੰਘਰਸ਼ ਛੇੜਨਾ ਵੱਡੀ ਚੁਣੌਤੀ ਹੈ। ਇਸ ਵਿਚਾਰ ਗੋਸ਼ਟੀ ਵਿੱਚ ਵੱਖ-ਵੱਖ ਅਦਾਰਿਆਂ ਨਾਲ ਜੁੜੇ ਸਾਥੀ ਸ਼ਾਮਲ ਹੋਏ ਤੇ ਵੱਡੀ ਗਿਣਤੀ ਵਿੱਚ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ (ਏ ਆਈ ਐੱਸ ਐੱਫ਼)  ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।  
ਇਸ ਮੌਕੇ ਕਾਮਰੇਡ ਰਮੇਸ਼ ਰਤਨ-ਪ੍ਰਧਾਨ ਏਟਕ ਲੁਧਿਆਣਾ, ਕਾ. ਵਿਜੈ ਕੁਮਾਰ-ਸਕੱਤਰ ਏਟਕ ਲੁਧਿਆਣਾ, ਕਾ. ਐੱਮ ਐੱਸ ਭਾਟੀਆ-ਡਿਪਟੀ ਜਨਰਲ ਸਕੱਤਰ ਏਟਕ ਲੁਧਿਆਣਾ, ਕਾ. ਗੁਲਜ਼ਾਰ ਗੋਰੀਆ-ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਕਾ. ਚਰਨ ਸਰਾਭਾ-ਅਧਿਆਪਕ ਆਗੂ ਮੌਜੂਦ ਸਨ। ਕਾ: ਚਮਕੌਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper