Latest News
ਨਿਊ ਯਾਰਕ ਦੇ ਮੇਅਰ ਨੇ ਦੰਗਿਆਂ ਲਈ ਟਰੰਪ ਨੂੰ ਠਹਿਰਾਇਆ ਜ਼ਿੰਮੇਵਾਰ

Published on 01 Jun, 2020 10:02 AM.


ਵਾਸ਼ਿੰਗਟਨ : ਨਿਊ ਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਉ ਨੇ ਸ਼ਹਿਰ ਵਿੱਚ ਦੰਗਿਆਂ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੇਅਰ ਨੇ ਕਿਹਾ ਕਿ ਟਰੰਪ ਨੇ ਲੋਕਾਂ ਦੇ ਵਿੱਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ, ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਗ਼ੁੱਸੇ ਵਿਚ ਵਾਧਾ ਹੋਇਆ ਹੈ। ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇੱਕ ਕਾਲੇ ਨਾਗਰਿਕ ਦੀ ਮੌਤ ਦੇ ਵਿਰੋਧ ਵਿੱਚ ਦੰਗੇ ਫੈਲੇ ਹੋਏ ਹਨ। ਇੱਕ ਅਮਰੀਕੀ ਪੁਲਸ ਅਧਿਕਾਰੀ ਉੱਤੇ 46 ਸਾਲ ਦੇ ਜਾਰਜ ਫਲਾਇਡ ਦੀ ਹੱਤਿਆ ਕਰਨ ਦਾ ਇਲਜ਼ਾਮ ਲੱਗਾ ਹੈ। ਇਸ ਤੋਂ ਬਾਅਦ ਕਈ ਅਮਰੀਕੀ ਸ਼ਹਿਰਾਂ ਵਿੱਚ ਭੇਦ-ਭਾਵ ਨੂੰ ਲੈ ਕੇ ਦੰਗੇ ਭੜਕ ਉੱਠੇ ਹਨ।
ਨਿਊ ਯਾਰਕ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਇਹ ਇੱਕ ਕੌੜੀ ਸਚਾਈ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਅਜਿਹਾ ਮਾਹੌਲ ਬਣਾਉਣ ਵਿੱਚ ਮਦਦ ਕੀਤੀ ਅਤੇ ਇਹੀ ਸਭ ਤੋਂ ਦੁੱਖ ਭਰੀ ਗੱਲ ਹੈ। ਮੇਅਰ ਨੇ ਕਿਹਾ, 'ਟਰੰਪ ਦੇ ਸ਼ਾਸਨ ਵਿੱਚ ਨਫ਼ਰਤ ਅਤੇ ਭੇਦਭਾਵ ਵਧਿਆ ਹੈ।' ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਪਾਰਟੀ ਦੇ ਹੋ, ਕਿਸ ਪਾਰਟੀ ਦਾ ਸਮਰਥਨ ਕਰਦੇ ਹੋ, ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅਮਰੀਕੀ ਰਾਸ਼ਟਰਪਤੀ ਬਾਰੇ ਕੀ ਸੋਚਦੇ ਹੋ। ਉਹਨਾ ਕਿਹਾ ਹੈ ਕਿ ਟਰੰਪ ਦੇ ਸ਼ਾਸਨਕਾਲ ਵਿੱਚ ਨਫ਼ਰਤ ਅਤੇ ਲੋਕਾਂ ਦੇ ਵਿੱਚ ਤਣਾਓ ਅਤੇ ਭੇਦਭਾਵ ਵਧਿਆ ਹੈ, ਇਹ ਇੱਕ ਕੌੜੀ ਸੱਚਾਈ ਹੈ। ਟਰੰਪ ਦਾ ਬਿਆਨ ਕਿਸੇ ਇੱਕ ਵਿਸ਼ੇਸ਼ ਘਟਨਾ ਨੂੰ ਲੈ ਕੇ ਨਹੀਂ, ਪਰ ਉਨ੍ਹਾ ਦੇ ਬਿਆਨ ਨੇ ਲੋਕਾਂ ਦੇ ਵਿੱਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਹੈ। ਸਾਨੂੰ ਅਜਿਹੇ ਨੇਤਾਵਾਂ ਦੇ ਕੋਲ ਜਾਣਾ ਹੋਵੇਗਾ, ਜੋ ਏਕਤਾ ਦੀ ਗੱਲ ਕਰਦੇ ਹਨ। ਇਸ ਦੌਰਾਨ ਟਰੰਪ ਨੇ ਬੀਤੇ ਸ਼ਨੀਵਾਰ ਮੇਅਰ ਦੀ ਆਲੋਚਨਾ ਕੀਤੀ ਸੀ। ਇਸ ਤੋਂ ਪਹਿਲਾਂ ਟਰੰਪ ਨੇ ਧਮਕੀ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਜੇਕਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੁੱਟ-ਖਸੁੱਟ ਕਰਦੇ ਹਨ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।

112 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper