Latest News
ਕੋਰੋਨਾ ਤੋਂ ਜ਼ਿਆਦਾ ਖਤਰਨਾਕ ਬਿਜਲੀ ਬਿੱਲ-2020 ਤੇ ਇਸ ਨੂੰ ਰਚਣ ਵਾਲੇ

Published on 01 Jun, 2020 10:08 AM.


ਲੁਧਿਆਣਾ (ਐੱਮ ਐੱਸ ਭਾਟੀਆ/ਰੈਕਟਰ ਕਥੂਰੀਆ/ਉੱਤਮ ਰਾਠੌਰ)
ਸੱਤਾ ਵਿੱਚ ਬੈਠਦੀਆਂ ਆ ਰਹੀਆਂ ਸਰਕਾਰਾਂ ਸਮੇਂ-ਸਮੇਂ 'ਤੇ ਜਾਨਾਂ ਹੂਲ ਕੇ ਘਾਲੀ ਘਾਲਣਾ ਦੇ ਸਿੱਟੇ ਵਜੋਂ ਬਣੇ ਨਵੇਂ ਵਿਕਸਿਤ ਭਾਰਤ ਨੂੰ ਅੰਬਾਨੀਆਂ, ਅਡਾਨੀਆਂ ਦੇ ਹਵਾਲੇ ਕਰਨ ਲਈ ਤਰਲੋਮੱਛੀ ਹੁੰਦੀਆਂ ਆਈਆਂ ਹਨ। ਭਾਵੇਂ ਇੱਥੋਂ ਦਾ ਬਿਜਲੀ ਨੈੱਟਵਰਕ ਸੀ, ਭਾਵੇਂ ਟੈਲੀਫੋਨਾਂ ਵਾਲਾ ਜਾਲ, ਹਰ ਮਹਿਕਮੇ ਨਾਲ ਪੂੰਜੀਵਾਦ ਸਮਰਥਕ ਸਰਕਾਰਾਂ ਦਾ ਇਹੀ ਵਤੀਰਾ ਰਿਹਾ। ਜਨਸੰਘੀ ਸੋਚ ਵਾਲੀ ਭਾਜਪਾ ਸਰਕਾਰਾਂ ਦੇ ਸੱਤਾ ਵਿੱਚ ਆਉਣ 'ਤੇ ਇਹ ਅਮਲ ਹਨੇਰੀ ਵਾਂਗ ਤੇਜ਼ ਕਰ ਦਿੱਤਾ ਜਾਂਦਾ ਸੀ। ਇਹਨਾਂ ਮਿਹਰਬਾਨੀਆਂ ਕਰਕੇ ਹੀ ਅਮੀਰ ਘਰਾਣਿਆਂ ਵੱਲੋਂ ਭਾਜਪਾ ਨੂੰ ਮੋਟਾ ਫ਼ੰਡ ਅਤੇ ਚੋਣ ਪ੍ਰਚਾਰ ਦੀਆਂ ਹਵਾਈ ਜਹਾਜ਼ਾਂ ਵਰਗੀਆਂ ਸਹੂਲਤਾਂ ਮਿਲਦੀਆਂ ਆਈਆਂ। ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਉਦੋਂ ਬਿਜਲੀ ਬਿੱਲ 2003 ਪਾਸ ਕਰ ਦਿੱਤਾ ਗਿਆ। ਹੁਣ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਹੈ ਤਾਂ ਹੁਣ ਬਿਜਲੀ ਬਿੱਲ-2020 ਪਾਸ ਕਰਨ ਦੀਆਂ ਤਿਆਰੀਆਂ ਹਨ। ਖੱਬੇਪੱਖੀ ਸੋਚ ਵਾਲੀਆਂ ਟਰੇਡ ਯੂਨੀਅਨਾਂ ਨੇ ਵਾਜਪਾਈ ਵੇਲੇ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਇਹਨਾਂ ਸਾਜ਼ਿਸ਼ਾਂ ਦੇ ਖਿਲਾਫ ਪੂਰੀ ਲਾਮਬੰਦੀ ਕਰ ਲਈ ਗਈ ਹੈ। ਹੁਣ ਜਦੋਂ ਕਿ ਭਾਜਪਾ ਸਮਰਥਕ ਸਵਦੇਸ਼ੀ ਜਾਗਰਣ ਮੰਚ ਵਰਗੇ ਸੰਗਠਨ ਬੜੇ ਹੀ ਮਚਲੇ ਜਿਹੇ ਹੋ ਕੇ ਇਸ ਬਿੱਲ ਦੇ ਮੁੱਦੇ 'ਤੇ ਚੁੱਪਚਾਪ ਬੈਠੇ ਹਨ। ਉਦੋਂ ਇੱਕ ਵਾਰ ਫੇਰ ਖੱਬੀਆਂ ਧਿਰਾਂ ਹੀ ਮੈਦਾਨ ਵਿੱਚ ਨਿੱਤਰੀਆਂ ਹਨ। ਨਿੱਜੀਕਰਨ ਖਿਲਾਫ ਆਰ-ਪਾਰ ਦੀ ਲੜਾਈ ਤੇਜ਼ ਹੋ ਚੁੱਕੀ ਹੈ।
ਇਸ ਬਿਜਲੀ ਬਿੱਲ ਦੇ ਖਿਲਾਫ ਸੋਮਵਾਰ ਸਾਰੇ ਦੇਸ਼ ਭਰ ਵਿੱਚ ਰੋਸ ਵਿਖਾਵੇ ਕੀਤੇ ਗਏ। ਕਿਸੇ ਥਾਂ ਕਾਲੇ ਬਿੱਲੇ ਲਾਏ ਗਏ, ਕਿਸੇ ਥਾਂ ਰੋਸ ਧਰਨੇ ਦਿੱਤੇ ਗਏ ਅਤੇ ਕਿਸੇ ਥਾਂ ਜੋਸ਼ੀਲੀ ਨਾਅਰੇਬਾਜ਼ੀ ਹੋਈ। ਗੱਲ ਕੀ ਹਰ ਥਾਂ ਇਸ ਦਾ ਵਿਰੋਧ ਹੋਇਆ। ਇਸ ਬਿਜਲੀ ਬਿੱਲ ਦੇ ਵਿਰੋਧ ਲਈ ਉਂਝ ਤਾਂ ਸਾਰੀਆਂ ਜਨਤਕ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ, ਕਿਉਂਕਿ ਜੇ ਇਹ ਬਿੱਲ ਪਾਸ ਹੋ ਗਿਆ ਤਾਂ ਬਿਜਲੀ ਸਿਰਫ ਅਮੀਰਾਂ ਦੇ ਘਰਾਂ ਲਈ ਰਾਖਵੀਂ ਹੋ ਜਾਏਗੀ। ਭਾਰਤ ਦਾ ਗਰੀਬ ਅਤੇ ਮੱਧ ਵਰਗੀ ਹਿੱਸਾ ਇਸ ਤੋਂ ਵਾਂਝਾ ਹੋ ਜਾਏਗਾ। ਵਿਕਾਸ ਨੂੰ ਇੱਕ ਵਾਰ ਫੇਰ ਪੁੱਠਾ ਗੇੜਾ ਦੇਂਦਿਆਂ ਜ਼ਮਾਨਾ ਲਾਲਟੈਣਾਂ, ਮੋਮਬੱਤੀਆਂ ਅਤੇ ਦੀਵਿਆਂ ਦਾ ਆ ਜਾਏਗਾ।
ਇਸ ਬਿੱਲ ਖਿਲਾਫ਼ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਰਗਰਮ ਮੈਂਬਰਾਂ ਨੇ ਕਾਲੇ ਬਿੱਲੇ ਲਗਾ ਕੇ ਇਸ ਬਿੱਲ ਦਾ ਵਿਰੋਧ ਕੀਤਾ। ਪੀ ਅਤੇ ਅੱੈਮ ਸਿਟੀ ਡਵੀਜ਼ਨ ਲੁਧਿਆਣਾ ਦੇ ਸਾਥੀਆਂ ਨੇ ਗੇਟ ਰੈਲੀ ਵੀ ਕੀਤੀ। ਸੀਨੀਅਰ ਆਗੂ ਕੇਵਲ ਸਿੰਘ ਬਨਵੈਤ ਨੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਕੱਚ ਚਿੱਠਾ ਖੋਹਲਿਆ। ਕਾਮਰੇਡ ਜਸਬੀਰ ਸਿੰਘ, ਰਛਪਾਲ ਸਿੰਘ, ਅਸ਼ੋਕ ਕੁਮਾਰ ਅਤੇ ਹੋਰਾਂ ਨੇ ਵੀ ਸਮਝਾਇਆ ਕਿ ਕਿਸ ਤਰ੍ਹਾਂ ਇਹ ਬਿੱਲ ਦੇਸ਼ ਦੇ ਵੱਡੇ ਹਿੱਸੇ ਵਿੱਚ ਹਨੇਰਾ ਲਿਆਉਣ ਵਾਲਾ ਹੈ। ਹਰਦੀਪ ਸਿੰਘ, ਪ੍ਰਿੰਸ ਕੁਮਾਰ, ਪਾਰਸ ਨਾਥ, ਲਖਵੀਰ ਸਿੰਘ, ਬਲਜਿੰਦਰ ਸਿੰਘ, ਰਕੇਸ਼ ਸਿੰਘ, ਕੁਲਬੀਰ ਸਿੰਘ ਅਤੇ ਹੋਰਾਂ ਨੇ ਵੀ ਇਸ ਬਿੱਲ ਦੀਆਂ ਲੋਕ ਵਿਰੋਧੀਆਂ ਊਣਤਾਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।
ਕਾਮਰੇਡ ਐੱਸ ਪੀ ਸਿੰਘ ਅਤੇ ਕਾਮਰੇਡ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਬਿਲ ਨੇ ਸਾਡੇ ਘਰਾਂ ਵਿੱਚ ਬਚੀ ਰਹਿੰਦੀ-ਖੂੰਹਦੀ ਰੌਸ਼ਨੀ ਵੀ ਲੁੱਟ ਲੈਣੀ ਹੈ। ਗਰੀਬ ਅਤੇ ਮੱਧ ਵਰਗੀ ਪਰਵਾਰਾਂ ਨੂੰ ਬਿਜਲੀ ਬਿਨਾਂ ਜਿਊਣਾ ਔਖਾ ਹੋ ਜਾਏਗਾ, ਇਸ ਲਈ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹਨ ਬਿਜਲੀ ਬਿੱਲ-2020 ਅਤੇ ਇਸ ਤਰ੍ਹਾਂ ਦੀਆਂ ਹੋਰ ਸਾਜ਼ਿਸ਼ਾਂ। ਬੁਲਾਰਿਆਂ ਨੇ ਹਰ ਥਾਂ ਆਮ ਲੋਕਾਂ ਨੂੰ ਇਸ ਦੇ ਵਿਰੋਧ ਵਿੱਚ ਖੁੱਲ੍ਹ ਕੇ ਡਟਣ ਦਾ ਸੱਦਾ ਦਿੱਤਾ।

142 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper