Latest News
ਭਾਈ ਲੱਧੂ ਦੇ ਸੰਘਰਸ਼ ਦੀ ਕਮਾਂਡ ਪੰਜਾਬ ਇਸਤਰੀ ਸਭਾ ਨੇ ਸੰਭਾਲੀ

Published on 01 Jun, 2020 10:10 AM.


ਭਿੱਖੀਵਿੰਡ : ਬਲਾਕ ਦੇ ਪਿੰਡ ਭਾਈ ਲੱਧੂ ਵਿੱਚ ਪਿਛਲੇ ਇਕ ਹਫ਼ਤੇ ਤੋਂ ਗ਼ਰੀਬ ਔਰਤਾਂ ਸਰਕਾਰੀ ਕਣਕ ਲੈਣ ਵਾਸਤੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਸੋਮਵਾਰ ਉਨ੍ਹਾਂ ਦੇ ਸੰਘਰਸ਼ ਨੂੰ ਉਸ ਵੇਲੇ ਬਲ ਮਿਲਿਆ, ਜਦੋਂ ਪੰਜਾਬ ਇਸਤਰੀ ਸਭਾ ਦੀਆਂ ਜ਼ਿਲ੍ਹਾ ਪੱਧਰ ਦੀਆਂ ਆਗੂਆਂ ਵੀ ਸੰਘਰਸ਼ ਵਿੱਚ ਸ਼ਾਮਲ ਹੋ ਗਈਆਂ ਅਤੇ ਧਰਨੇ 'ਤੇ ਬੈਠੀਆਂ। ਬੀਬੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਤੇ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਅੱਜ ਸਾਰੇ ਦੇਸ਼ ਭਰ ਵਿੱਚ ਔਰਤਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਵਿਖਾਵੇ ਕੀਤੇ ਜਾ ਰਹੇ ਹਨ। ਔਰਤਾਂ ਦੀ ਮੰਗ ਹੈ ਕਿ ਹਰੇਕ ਗਰੀਬ ਨੂੰ ਰਾਸ਼ਨ, ਕੰਮ ਅਤੇ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਹਿੰਦੁਸਤਾਨ ਦੇ ਕਿਸਾਨ ਅਨਾਜ ਪੈਦਾ ਕਰਕੇ ਸਰਕਾਰ ਦੇ ਭੰਡਾਰ ਭਰ ਦਿੰਦੇ ਹਨ, ਪਰ ਜਦੋਂ ਅੱਜ ਦੇਸ਼ 'ਤੇ ਕੋਰੋਨਾ ਦੀ ਆਫਤ ਹੈ। ਲੋਕਾਂ ਦੇ ਕੰਮਕਾਜ ਠੱਪ ਹਨ, ਪਰ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਜਿਹੜਾ ਅਨਾਜ ਗੁਦਾਮਾਂ ਵਿੱਚ ਜਮ੍ਹਾਂ ਹੈ, ਉਹ ਗਰੀਬਾਂ ਵਿੱਚ ਵੰਡਿਆ ਜਾਵੇ ।ਜੇ ਨਾ ਵੰਡਿਆ ਤਾਂ ਉਹ ਵੇਸਟ ਹੀ ਚਲਾ ਜਾਵੇਗਾ। ਕੇਂਦਰ ਅਤੇ ਪੰਜਾਬ ਦੀ ਸਰਕਾਰ ਵੱਲੋਂ ਪਿੰਡਾਂ ਦੇ ਗਰੀਬ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ, ਰਾਹਤ ਪੈਕੇਜ ਤੇ ਰਾਸ਼ਨ ਦੇਣ ਦੇ ਤੌਰ 'ਤੇ ਇਹ ਹਕੀਕਤਾਂ ਦੇ ਉਲਟ ਹੈ ਕਿਉਂਕਿ ਜਿਹੜਾ ਰਾਸ਼ਨ ਪਿੰਡਾਂ ਵਿੱਚ ਆ ਰਿਹਾ ਹੈ, ਉਹ ਰਾਜ ਕਰਦੀ ਧਿਰ ਦੇ ਆਗੂ ਅਧਿਕਾਰੀਆਂ ਨਾਲ ਮਿਲ ਕੇ ਜਿਹੜੇ ਉਨ੍ਹਾਂ ਦੇ ਪੱਖ ਦੇ ਲੋਕ ਹਨ, ਉਨ੍ਹਾਂ ਨੂੰ ਹੀ ਵੰਡਦੇ ਹਨ, ਪਰ ਜਿਹੜੇ ਸਹੀ ਮਾਇਨਿਆਂ ਵਿੱਚ ਰਾਸ਼ਨ ਲੈਣ ਦੇ ਹੱਕਦਾਰ ਹਨ, ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲਦਾ। ਜਿਹੜਾ ਪਿੰਡਾਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ, ਉਹਦੇ ਵਿੱਚ ਵੀ ਵੱਡੇ ਪੱਧਰ 'ਤੇ ਕੁਰੱਪਸ਼ਨ ਤੇ ਹੇਰਾ-ਫੇਰੀ ਹੋ ਰਹੀ ਹੈ। ਇਸ ਕਰਕੇ ਪੰਜਾਬ ਇਸਤਰੀ ਸਭਾ ਦੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਇਧਰ ਧਿਆਨ ਦੇਵੇ ਅਤੇ ਗਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਸੀ ਪੀ ਆਈ ਦੇ ਭਿੱਖੀਵਿੰਡ ਦੇ ਬਲਾਕ ਸਕੱਤਰ ਪਵਨ ਕੁਮਾਰ ਮਲਹੋਤਰਾ ਨੇ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਦੀ ਦੂਜੀ ਮੰਗ ਹੈ ਕਿ ਨਰੇਗਾ ਕੰਮ ਜਿਹੜਾ ਸਾਲ ਵਿੱਚ 100 ਦਿਨ ਮਿਲਦਾ ਹੈ, ਇਹ 200 ਦਿਨ ਕੀਤਾ ਜਾਵੇ ਅਤੇ ਕੰਮ ਦਿਹਾੜੀ 600 ਰੁਪਏ ਹੋਣੀ ਚਾਹੀਦੀ ਹੈ। ਪਰ ਇਹ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਕਾਨੂੰਨ ਵਿੱਚ ਵੀ ਸਿਆਸੀ ਦਖਲ-ਅੰਦਾਜ਼ੀ ਬਿਲਕੁੱਲ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਅਤੇ ਸ਼ਗਨ ਸਕੀਮ ਦੇ ਜਿਹੜੇ ਵੀ ਬਕਾਏ ਪਏ ਹਨ, ਉਹ ਪੈਸੇ ਗਰੀਬਾਂ ਦੇ ਖਾਤਿਆਂ ਵਿੱਚ ਪੈਣੇ ਚਾਹੀਦੇ ਹਨ। ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਹਨ, ਉਨ੍ਹਾਂ ਨੂੰ ਸਟੇਟ ਸਰਕਾਰਾਂ ਜਾਂ ਸੈਂਟਰ ਦੀ ਸਰਕਾਰ ਕਿਰਾਇਆ, ਰਸਤੇ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਵਿਸ਼ੇਸ਼ ਪੈਕੇਜ ਮਿਲਣੇ ਚਾਹੀਦੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਇਸਤਰੀ ਸਭਾ ਦੀ ਭਿੱਖੀਵਿੰਡ ਬਲਾਕ ਦੀ ਪ੍ਰਧਾਨ ਹਰਜਿੰਦਰ ਕੌਰ ਅਲਗੋਂ, ਸਰਬਜੀਤ ਕੌਰ ਸੂਰਵਿੰਡ, ਜਸਵੰਤ ਸਿੰਘ ਸੂਰਵਿੰਡ, ਨਰਿੰਦਰ ਸਿੰਘ ਅਲਗੋਂ ਆਦਿ ਸਾਥੀ ਹਾਜ਼ਰ ਸਨ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper