Latest News
ਫਿਰਕੂ-ਫਾਸ਼ੀਵਾਦੀ ਤਾਕਤਾਂ ਖਿਲਾਫ ਥਾਣੇ ਦਾ ਘਿਰਾਓ

Published on 01 Jun, 2020 10:12 AM.


ਮੋਗਾ : ਫਿਰਕੂ ਫਾਸ਼ੀਵਾਦੀ, ਪਿਛਾਖੜੀ ਵਿਚਾਰਧਾਰਾ ਨਾਲ ਲਬਰੇਜ਼ ਭਾਜਪਾ ਯੁਵਾ ਮੋਰਚਾ ਦੇ ਮੀਡੀਆ ਪਰਸਨ ਅਸ਼ੋਕ ਸਰੀਨ ਖਿਲਾਫ ਆਈ ਪੀ ਸੀ ਦੀ ਧਾਰਾ 499, 270, 1531, 88, ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 52, 54 ਤੇ ਹੋਰ ਬਣਦੀ ਕਾਰਵਾਈ ਤਹਿਤ ਪਰਚਾ ਦਰਜ ਕਰਾਉਣ ਲਈ ਵੱਖ-ਵੱਖ ਇਨਕਲਾਬੀ ਤੇ ਜਨਤਕ ਜਥੇਬੰਦੀਆਂ ਨੇ ਥਾਣਾ ਨਿਹਾਲ ਸਿੰਘ ਵਾਲਾ ਦਾ ਘਿਰਾਓ ਕੀਤਾ। ਜ਼ਿਕਰਯੋਗ ਹੈ ਕਿ ਜਲੰਧਰ ਤੋਂ ਪੇਸ਼ੇ ਵਜੋਂ ਵਕੀਲ ਅਸ਼ੋਕ ਸਰੀਨ ਨੇ ਇੱਕ ਇੰਟਰਵਿਊ ਦੌਰਾਨ ਰਣਜੀਤ ਬਾਵੇ ਦੇ ਗੀਤ 'ਮੇਰਾ ਕੀ ਕਸੂਰ' ਦੀ ਖਿਲਾਫਤ ਕਰਦਿਆਂ ਡਾਕਟਰਾਂ, ਵਿਗਿਆਨੀਆਂ ਨੂੰ ਕੋਰੋਨਾ ਸਾਹਮਣੇ ਫੇਲ੍ਹ ਹੋ ਗਏ ਕਰਾਰ ਦਿੰਦਿਆਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਉਕਸਾ ਕੇ ਧਰਮ ਦੇ ਆਧਾਰ 'ਤੇ ਫਿਰਕੂ ਫਸਾਦ ਕਰਾਉਣ, ਕੋਰੋਨਾ ਮਹਾਂਮਾਰੀ ਦੌਰਾਨ ਵਿਗਿਆਨ ਨੂੰ ਫੇਲ੍ਹ ਕਰਾਰ ਦੇ ਕੇ ਗਲਤ ਜਾਣਕਾਰੀ ਫੈਲਾਉਣ, ਸਮਾਜ 'ਚ ਡਰ, ਭੈਅ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਦਰਖਾਸਤ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਅਸ਼ੋਕ ਸਰੀਨ ਖਿਲਾਫ ਪਰਚਾ ਦਰਜ ਨਾ ਹੋਣ ਕਾਰਨ ਸੋਮਵਾਰ ਥਾਣੇ ਦਾ ਘਿਰਾਓ ਕੀਤਾ ਗਿਆ। ਭਾਰਤੀ ਕਮਿਉਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਕੁਲਦੀਪ ਭੋਲਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਗੁਰਮੇਲ ਮਾਛੀਕੇ, ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਅਸ਼ੋਕ ਸਰੀਨ ਦੀ ਸ਼ਬਦਾਵਲੀ ਇੱਕ ਖਾਸ ਕਿਸਮ ਦੀ ਹਿੰਦੂਤਵ, ਪਿਛਾਖੜੀ, ਫਿਰਕੂ ਮਾਨਸਿਕਤਾ ਦਾ ਇਜ਼ਹਾਰ ਹੈ, ਜੋ ਹਮੇਸ਼ਾ ਵਿਗਿਆਨਕ ਸੋਚ ਵਿਰੋਧੀ, ਜਾਤ-ਪਾਤ, ਧਾਰਮਕ ਨਫਰਤ ਪੱਖੀ, ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ ਪੱਖੀ ਸੋਚ ਦੀ ਧਾਰਨੀ ਹੈ। ਇਹ ਸਾਡੇ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ ਕੌਮੀ ਦੇਸ਼ ਲਈ ਬੇਹੱਦ ਘਾਤਕ ਹੈ, ਇਹਨਾਂ ਨੂੰ ਜਲਦ ਨੱਥ ਪਾਈ ਜਾਣੀ ਚਾਹੀਦੀ ਹੈ। ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੀਵਨ ਬਿਲਾਸਪੁਰ, ਸ਼ਹੀਦ ਭਾਈ ਜੈਤਾ ਜੀ ਮਿਸ਼ਨ ਦੇ ਆਗੂ ਸੁਖਮੰਦਰ ਸਿੰਘ, ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਭਰਪੂਰ ਸਿੰਘ ਰਾਮਾ ਨੇ ਕਿਹਾ ਕਿ ਦੱਸਿਆ ਕਿ ਪੂਰੇ ਦੇਸ਼ ਵਿੱਚ ਅਸ਼ੋਕ ਸਰੀਨ ਜਿਹੇ ਫਿਰਕੂ, ਜਨੂੰਨੀ ਸਰੇਆਮ ਘੁੰਮ ਰਹੇ ਹਨ, ਪਰ ਲੋਕ ਹੱਕਾਂ ਦੀ ਗੱਲ ਕਰਨ ਵਾਲੇ, ਸੋਹਣਾ ਤੇ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਯਤਨਸ਼ੀਲ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਦਿੱਲੀ ਦੀਆਂ ਵਿਦਿਆਰਥਣ ਆਗੂਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਹੁਣ ਤੱਕ ਸਰਕਾਰ ਐੱਨ ਆਰ ਸੀ ਤੇ ਸੀ ਏ ਏ ਦਾ ਵਿਰੋਧ ਕਰਨ ਵਾਲੇ 400 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜੋ ਸਾਬਿਤ ਕਰਦਾ ਹੈ ਕਿ ਇੱਥੋਂ ਦੀ ਪੁਲਸ, ਅਦਾਲਤਾਂ, ਸਰਕਾਰ ਸਭ ਫਿਰਕਾਪ੍ਰਸਤੀ ਦੀਆਂ ਮੁੱਦਈ ਹਨ। ਉਹਨਾਂ ਕਿਹਾ ਕਿ ਅਸ਼ੋਕ ਸਰੀਨ ਨੇ ਡਾਕਟਰਾਂ ਬਾਰੇ ਅਜਿਹੇ ਅਪਮਾਨਜਨਕ ਸ਼ਬਦ ਬੋਲੇ ਹਨ, ਜਦੋਂ ਪੂਰੇ ਭਾਰਤ ਵਿੱਚ 31 ਡਾਕਟਰ, 3 ਨਰਸਾਂ ਕੋਰੋਨਾ ਖਿਲਾਫ ਲੜਦਿਆਂ ਖੁਦ ਮੌਤ ਦੇ ਮੂੰਹ 'ਚ ਜਾ ਪਏ ਹਨ। 548 ਹੈੱਲਥ ਕੇਅਰ ਵਰਕਰ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ। ਸੀਮਤ ਸਾਧਨਾਂ ਹਨ, ਫੇਰ ਵੀ ਤਨਦੇਹੀ ਨਾਲ ਲੱਗੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਮਹੂਰੀ ਅਧਿਕਾਰ ਸਭਾ ਦੇ ਆਗੂ ਦਰਸ਼ਨ ਸਿੰਘ ਤੂਰ ਨੇ ਕਿਹਾ ਕਿ ਅੱਜ ਲਾਕਡਾਊਨ ਦੀ ਵਜਾ ਕਾਰਨ ਸੈਂਕੜੇ ਮਜ਼ਦੂਰ ਮੌਤ ਦੇ ਮੂੰਹ ਵਿੱਚ ਜਾ ਪਏ ਹਨ, ਬਾਕੀ ਲੱਖਾਂ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ। ਸਰਕਾਰ ਨੇ ਉਹਨਾਂ ਲਈ ਰੋਜ਼ੀ-ਰੋਟੀ, ਆਵਾਜਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ। ਲਾਕਡਾਊਨ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਫੇਲ੍ਹ ਸਾਬਿਤ ਹੋਇਆ ਹੈ, ਇਸ ਕਰਕੇ ਇਸ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਸੀ ਪੀ ਆਈ ਦੇ ਮਹਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਭੋਲਾ, ਮੰਗਤ ਰਾਏ, ਰਾਮ ਸਿੰਘ ਮਾਣੂੰਕੇ, ਮੁਕੰਦ ਸਿੰਘ ਕੁਸਾ, ਜਗਸੀਰ ਮੀਨੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਗੁਰਦਿੱਤ ਸਿੰਘ ਦੀਨਾ, ਏ ਆਈ ਐੱਸ ਐੱਫ ਦੇ ਬਲਕਰਨ ਸਿੰਘ, ਡਾ. ਹਰਗੁਰਪ੍ਰਤਾਪ ਸਿੰਘ, ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਅਮਰਜੀਤ ਸਿੰਘ ਸੈਦੋਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਬੀ ਕੇ ਯੂ ਕ੍ਰਾਂਤੀਕਾਰੀ ਦੇ ਆਗੂ ਗੁਰਦੀਪ ਵੈਰੋਕੇ, ਰਜਿੰਦਰ ਲੋਪੋ, ਸੀ ਪੀ ਆਈ ਦੇ ਜਗਜੀਤ ਸਿੰਘ, ਅਸੂਲ ਮੰਚ ਦੇ ਇੰਦਰਜੀਤ ਸਿੰਘ ਰਣਸੀਂਹ ਕਲਾਂ ਆਦਿ ਨੇ ਸੰਬੋਧਨ ਕੀਤਾ। ਅਕਾਲੀ ਦਲ ਮਾਨ ਦੇ ਆਗੂ ਦਲਜੀਤ ਘੋਲੀਆ, ਆਮ ਆਦਮੀ ਪਾਰਟੀ ਦੇ ਗੁਰਵਿੰਦਰ ਡਾਲਾ ਨੇ ਧਰਨੇ 'ਚ ਪਹੂੰਚ ਕੇ ਹਮਾਇਤ ਕੀਤੀ। ਸੀ ਪੀ ਆਈ ਦੇ ਬਲਾਕ ਸਕੱਤਰ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ।

209 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper