Latest News
'ਬੱਬਰ ਸ਼ੇਰ' ਘੁਰਨੇ 'ਚ

Published on 01 Jun, 2020 10:17 AM.


ਵਾਸ਼ਿੰਗਟਨ : ਪੱਛੜ ਕੇ ਮਿਲੀ ਰਿਪੋਰਟ ਮੁਤਾਬਕ ਖੁਫੀਆ ਸਟਾਫ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਥਰਾਅ ਕਰ ਰਹੇ ਤੇ ਪੁਲਸ ਬੈਰੀਕੇਡਾਂ ਨੂੰ ਤੋੜ ਰਹੇ ਮੁਜ਼ਾਹਰਾਕਾਰੀਆਂ ਤੋਂ ਬਚਾਉਣ ਲਈ ਵ੍ਹਾਈਟ ਹਾਊਸ ਦੇ ਬੰਕਰ ਵਿਚ ਲਿਜਾਣਾ ਪਿਆ। ਹੁਕਮਰਾਨ ਪਾਰਟੀ ਦੇ ਇਕ ਆਗੂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਟਰੰਪ ਕਰੀਬ ਇਕ ਘੰਟਾ ਬੰਕਰ ਵਿਚ ਰਹੇ। ਇਕ ਅਧਿਕਾਰੀ ਨੇ ਵੀ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਇਸ ਦੀ ਪੁਸ਼ਟੀ ਕੀਤੀ। ਅਜਿਹੀ ਸਥਿਤੀ ਦਹਿਸ਼ਤਗਰਦਾਂ ਦੇ ਹਮਲੇ ਵੇਲੇ ਆਉਂਦੀ ਹੈ। ਟਰੰਪ ਨੂੰ ਬੰਕਰ ਵਿਚ ਲਿਜਾਣ ਤੋਂ ਪਤਾ ਲੱਗਦਾ ਹੈ ਕਿ ਅਧਿਕਾਰੀ ਮੁਜ਼ਾਹਰਿਆਂ ਤੋਂ ਕਿੰਨੇ ਘਾਬਰ ਗਏ ਸਨ। ਰਿਪਬਲੀਕਨ ਆਗੂ ਨੇ ਦੱਸਿਆ ਕਿ ਰਾਸ਼ਟਰਪਤੀ ਤੇ ਉਨ੍ਹਾ ਦਾ ਪਰਵਾਰ ਭੀੜਾਂ ਦੇ ਆਕਾਰ ਤੇ ਨਾਅਰਿਆਂ ਤੋਂ ਹਿਲ ਗਿਆ ਸੀ। ਇਹ ਨਹੀਂ ਪਤਾ ਲੱਗਿਆ ਕਿ ਟਰੰਪ ਦੀ ਪਤਨੀ ਮੇਲਾਨੀਆ ਤੇ 14 ਸਾਲਾ ਬੇਟਾ ਬੈਰਨ ਵੀ ਬੰਕਰ ਵਿਚ ਗਏ। ਇਸ ਦੇ ਬਾਅਦ ਸ਼ਨੀਵਾਰ ਤੇ ਐਤਵਾਰ ਟਰੰਪ ਨੇ ਬੜ੍ਹਕਾਂ ਮਾਰੀਆਂ ਕਿ ਮੁਜ਼ਾਹਰਾਕਾਰੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਉਧਰ, ਗੋਰੇ ਪੁਲਸੀਏ ਵੱਲੋਂ ਮਾਰੇ ਗਏ ਅਫਰੀਕਨ-ਅਮਰੀਕਨ ਜਾਰਜ ਫਲਾਇਡ ਨਾਲ ਹਮਦਰਦੀ ਪ੍ਰਗਟਾ ਰਹੇ ਅਮਰੀਕੀਆਂ ਨੇ ਐਤਵਾਰ ਵੀ ਕਰਫਿਊ ਤੋੜ ਕੇ ਕਈ ਸ਼ਹਿਰਾਂ ਵਿਚ ਮੁਜ਼ਾਹਰੇ ਕੀਤੇ ਤੇ ਪੁਲਸ ਨਾਲ ਝੜਪਾਂ ਲਈਆਂ। ਵ੍ਹਾਈਟ ਹਾਊਸ ਦੇ ਬਾਹਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੰਗਾਮੀ ਹਾਲਤ ਲਈ ਬਣਾਏ ਬੰਕਰ ਵਿਚ ਪਨਾਹ ਲੈਣੀ ਪਈ। ਟਰੰਪ ਨੇ ਦੋਸ਼ ਲਾਇਆ ਹੈ ਕਿ ਅੱਤ ਖੱਬੇ-ਪੱਖੀ ਗਰੁਪ ਅਨਤੀਫਾ ਤੇ ਉਸ ਵਰਗੇ ਹੋਰ ਗਰੁੱਪ ਹਿੰਸਾ ਕਰਵਾ ਰਹੇ ਹਨ। ਵਾਸ਼ਿੰਗਟਨ ਵਿਚ ਸਥਿਤੀ ਸੰਭਾਲਣ ਲਈ 1700 ਜਵਾਨ ਸੱਦਣੇ ਪਏ। ਮਿਨੇਸੋਟਾ ਰਾਜ, ਜਿਥੇ ਫਲਾਇਡ ਨੂੰ ਪੁਲਸ ਵਾਲੇ ਨੇ ਮਾਰਿਆ, ਵਿਚ ਨੈਸ਼ਨਲ ਗਾਰਡ ਤਾਇਨਾਤ ਕਰਨ ਤੇ ਟਰਾਂਸਪੋਰਟ ਬੰਦ ਕਰਨ ਦੇ ਬਾਵਜੂਦ ਭੀੜਾਂ ਨੇ ਸਟੋਰ ਲੁੱਟ ਲਏ ਤੇ ਅਮਰੀਕੀ ਝੰਡੇ ਨੂੰ ਵੀ ਅੱਗ ਲਾ ਦਿੱਤੀ। ਅਟਲਾਂਟਾ, ਸ਼ਿਕਾਗੋ, ਡੇਨਵਰ, ਲਾਸ ਏਂਜਲਸ, ਸਾਨ ਫਰਾਂਸਿਸਕੋ ਤੇ ਸੀਏਟਲ ਵਰਗੇ ਵੱਡੇ ਸ਼ਹਿਰਾਂ ਸਣੇ ਕਈ ਸ਼ਹਿਰਾਂ ਵਿਚ ਕਰਫਿਊ ਲਾਗੂ ਕੀਤਾ ਹੋਇਆ ਹੈ ਅਤੇ ਵਾਸ਼ਿੰਗਟਨ ਤੇ 15 ਹੋਰ ਰਾਜਾਂ ਵਿਚ ਨੈਸ਼ਨਲ ਗਾਰਡ ਦੇ ਜਵਾਨਾਂ ਦੇ ਨਾਲ-ਨਾਲ ਹਵਾਈ ਫੌਜ ਦੇ ਜਵਾਨ ਵੀ ਸਟੈਂਡਬਾਈ ਕੀਤੇ ਹੋਏ ਹਨ। ਵ੍ਹਾਈਟ ਹਾਊਸ ਅੱਗੇ ਬਖਤਰਬੰਦ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਦੇਸ਼ ਵਿਚ 4100 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਮਰੀਕਾ ਹੀ ਨਹੀਂ ਲੰਡਨ ਵਿਚ ਵੀ ਲੋਕਾਂ ਨੇ ਤਖਤੀਆਂ ਚੁੱਕ ਕੇ ਸੋਸ਼ਲ ਡਿਸਟੈਂਸਿੰਗ ਦੀ ਪਰਵਾਹ ਨਾ ਕਰਦਿਆਂ ਜਾਰਜ ਦੇ ਕਤਲ ਖਿਲਾਫ ਮੁਜ਼ਾਹਰਾ ਕੀਤਾ ਹੈ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper