Latest News
ਜੈਸ਼ ਦੇ ਬੰਬ ਮੇਕਰ ਫੌਜੀ ਭਾਈ ਸਣੇ 3 ਦਹਿਸ਼ਤਗਰਦ ਹਲਾਕ

Published on 03 Jun, 2020 10:17 AM.


ਸ੍ਰੀਨਗਰ : ਬੁੱਧਵਾਰ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰ ਅਬਦੁੱਲ ਰਹਿਮਾਨ ਉਰਫ ਫੌਜੀ ਭਾਈ ਸਣੇ 3 ਦਹਿਸ਼ਤਗਰਦ ਮਾਰੇ ਗਏ। ਆਈ ਜੀ ਪੁਲਸ ਵਿਜੇ ਕੁਮਾਰ ਨੇ ਦੱਸਿਆ ਕਿ ਅਬਦੁੱਲ ਪਾਕਿਸਤਾਨ ਦੇ ਮੁਲਤਾਨ ਦਾ ਸੀ ਤੇ 2017 ਤੋਂ ਸਰਗਰਮ ਸੀ। ਧਮਾਕੇ ਕਰਨ ਵਿਚ ਮਾਹਰ ਅਬਦੁੱਲ ਨੇ ਕਈ ਵਾਰਦਾਤਾਂ ਕੀਤੀਆਂ ਸਨ। ਪਿਛਲੇ ਹਫਤੇ ਕਾਰ ਬੰਬ ਰਾਹੀਂ ਜਵਾਨਾਂ ਨੂੰ ਮਾਰਨ ਦੀ ਨਾਕਾਮ ਕੋਸ਼ਿਸ਼ ਵਿਚ ਉਸ ਦਾ ਵੱਡਾ ਰੋਲ ਸੀ। ਉਸ ਨੇ ਅਫਗਾਨ ਜੰਗ ਵਿਚ ਵੀ ਹਿੱਸਾ ਲਿਆ ਸੀ। ਟਾਪ ਬੰਬ ਮੇਕਰ ਅਬਦੁੱਲ ਨੂੰ ਇਸਮਾਈਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ।
ਪਿਛਲੇ ਹਫਤੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਵਿਚ 40-45 ਕਿਲੋ ਵਿਸਫੋਟਕ ਵਾਲੀ ਕਾਰ ਫੜ ਕੇ ਸੁਰੱਖਿਆ ਬਲਾਂ ਨੇ ਵੱਡੀ ਵਾਰਦਾਤ ਨਾਕਾਮ ਕੀਤੀ ਸੀ। ਇਸ ਦੀ ਯੋਜਨਾ ਪਿਛਲੇ ਸਾਲ ਲੇਥਪੋਰਾ ਵਿਚ ਕਾਰ ਬੰਬ ਰਾਹੀਂ ਸੀ ਆਰ ਪੀ ਐੱਫ ਦੇ 40 ਜਵਾਨਾਂ ਨੂੰ ਮਾਰਨ ਵਰਗੀ ਸੀ।
ਆਈ ਜੀ ਨੇ ਦੱਸਿਆ ਕਿ ਅਬਦੁੱਲ ਦਾ ਮਾਰਿਆ ਜਾਣਾ ਇਸ ਸਾਲ ਦੀ ਵੱਡੀ ਕਾਮਯਾਬੀ ਹੈ। ਕੰਗਨ ਇਲਾਕੇ ਵਿਚ ਸਵੇਰੇ ਪੌਣੇ 10 ਵਜੇ ਦਹਿਸ਼ਤਗਰਦਾਂ ਨੂੰ ਪੁਲਸ ਤੇ ਸੀ ਆਰ ਪੀ ਐੱਫ ਦੇ ਜਵਾਨਾਂ ਨੇ ਘੇਰਿਆ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਖਰ ਤਿੰਨੋਂ ਦਹਿਸ਼ਤਗਰਦ ਮਾਰੇ ਗਏ। ਆਈ ਜੀ ਇਹ ਪੁਸ਼ਟੀ ਨਹੀਂ ਕਰ ਸਕੇ ਕਿ ਅਬਦੁੱਲ ਜੈਸ਼ੇ ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਰਿਸ਼ਤੇਦਾਰ ਸੀ।

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper