Latest News
ਸਬ ਯਾਦ ਰਖਾ ਜਾਏਗਾ

Published on 04 Jun, 2020 10:23 AM.


ਪੁਰਅਮਨ ਸੰਘਰਸ਼ ਦੀ ਦੁਨੀਆ ਭਰ ਵਿਚ ਮਿਸਾਲ ਬਣਿਆ ਦਿੱਲੀ ਦੇ ਸ਼ਾਹੀਨ ਬਾਗ ਵਿਚ ਦਾਦੀਆਂ ਦਾ ਧਰਨਾ ਕੋਰੋਨਾ ਵਾਇਰਸ ਦੀ ਆਮਦ ਕਾਰਨ ਚੁੱਕਣਾ ਪਿਆ ਸੀ। ਇਹ ਧਰਨਾ ਨਵੇਂ ਨਾਗਰਿਕਤਾ ਕਾਨੂੰਨਾਂ ਖਿਲਾਫ ਲੜਾਈ ਦਾ ਧੁਰਾ ਬਣ ਗਿਆ ਸੀ। ਖਾਸਕਰ, ਵਿਦਿਆਰਥੀ ਇਸ ਵਿਚ ਵੱਡੀ ਗਿਣਤੀ 'ਚ ਸ਼ਿਰਕਤ ਕਰਦੇ ਸਨ। ਇਸ ਦੇ ਨਾਲ-ਨਾਲ ਇਹ ਵਿਦਿਆਰਥੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਵੀ ਆਪਣਾ ਸੰਘਰਸ਼ ਜਾਰੀ ਰੱਖ ਰਹੇ ਸਨ। ਸਰਕਾਰ ਨੇ ਪੁਲਸ ਤੇ ਆਪਣੇ ਗੁੰਡਿਆਂ ਰਾਹੀਂ ਵਿਦਿਆਰਥੀਆਂ ਨੂੰ ਯਰਕਾਉਣ ਦੇ ਬਥੇਰੇ ਜਤਨ ਕੀਤੇ, ਪਰ ਵਿਦਿਆਰਥੀ ਦੱਬੇ ਨਹੀਂ। ਆਖਰ ਸਰਕਾਰ ਨੇ ਕੋਰੋਨਾ ਕਾਲ ਨੂੰ ਵਿਦਿਆਰਥੀਆਂ ਤੋਂ ਬਦਲਾ ਲੈਣ ਲਈ ਚੁਣਿਆ। ਦਿੱਲੀ ਵਿਚ ਹੋਈ ਹਿੰਸਾ ਲਈ ਦਾਖਲ ਕੀਤੀਆਂ ਜਾ ਰਹੀਆਂ ਚਾਰਜਸ਼ੀਟਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਬੰਨ੍ਹਿਆ ਜਾ ਰਿਹਾ ਹੈ। ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਲਾਗੂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਫਾਇਦਾ ਉਠਾ ਕੇ ਸਰਕਾਰ ਅੰਦੋਲਨ ਦਾ ਹਿੱਸਾ ਰਹੇ ਵਿਦਿਆਰਥੀਆਂ ਤੋਂ ਬਦਲੇ ਲੈ ਰਹੀ ਹੈ।
ਅੰਦੋਲਨ ਦੇ ਚੜ੍ਹਾਅ ਦੌਰਾਨ ਅੰਦੋਲਨਕਾਰੀ ਸਰਕਾਰੀ ਦਮਨ ਖਿਲਾਫ ਫੈਜ਼ ਦੀ ਕਵਿਤਾ 'ਹਮ ਦੇਖੇਂਗੇ' ਗਾਉਂਦੇ ਸਨ ਤੇ ਹੁਣ ਉਹ ਆਮਿਰ ਅਜ਼ੀਜ਼ ਦੀ ਕਵਿਤਾ 'ਸਬ ਯਾਦ ਰਖਾ ਜਾਏਗਾ' ਨਾਲ ਮੈਦਾਨ ਵਿਚ ਕੁੱਦੇ ਹਨ। 25 ਮਾਰਚ ਤੋਂ ਲਾਕਡਾਊਨ ਵਿਚ ਫਸੇ ਰਹੇ ਅੰਦੋਲਨਕਾਰੀਆਂ ਨੇ ਲੰਘੇ ਬੁੱਧਵਾਰ ਮਾਸਕ ਪਾ ਕੇ ਤੇ ਜਿਸਮਾਨੀ ਦੂਰੀ ਰੱਖ ਕੇ ਨਿੱਕੇ-ਨਿੱਕੇ ਗਰੁੱਪਾਂ ਵਿਚ ਦਿੱਲੀ ਯੂਨੀਵਰਸਿਟੀ ਦੇ ਨੇੜੇ ਸੜਕ ਕੰਢੇ ਅਤੇ ਜਾਮੀਆ ਮਿਲੀਆ ਇਸਲਾਮੀਆ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਹਮਣੇ ਪੋਸਟਰ ਚੁੱਕ ਕੇ ਮੁਜ਼ਾਹਰੇ ਕੀਤੇ। ਉਹ ਮੰਗ ਕਰ ਰਹੇ ਸਨ ਕਿ ਨਵੇਂ ਨਾਗਰਿਕਤਾ ਕਾਨੂੰਨ ਨੂੰ ਵਾਪਸ ਲਿਆ ਜਾਵੇ, ਦਹਿਸ਼ਤਗਰਦੀ ਵਿਰੋਧੀ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ ਏ ਪੀ ਏ) ਖਤਮ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਸਾਰੇ ਸਿਆਸੀ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਇਹ ਪ੍ਰੋਟੈੱਸਟ ਜ਼ਮੀਨ ਦੇ ਨਾਲ-ਨਾਲ ਆਨਲਾਈਨ ਵੀ ਕੀਤਾ ਗਿਆ। ਉਨ੍ਹਾਂ ਵੱਲੋਂ ਚੁੱਕੇ ਪੋਸਟਰਾਂ 'ਤੇ ਲਿਖਿਆ ਹੋਇਆ ਸੀ : ਲੋਕ ਸਰਕਾਰ ਦੇ ਦਮਨ ਨੂੰ ਚੇਤੇ ਰੱਖਣਗੇ ਤੇ ਉਨ੍ਹਾਂ ਨੂੰ ਵੀ ਚੇਤੇ ਰੱਖਣਗੇ, ਜਿਨ੍ਹਾਂ ਨੇ ਦਮਨ ਦਾ ਵਿਰੋਧ ਕੀਤਾ। ਸਿਤਮਜ਼ਰੀਫੀ ਦੇਖੋ, ਪੁਲਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸਿਟੀ ਨੇੜਿਓਂ ਪੰਜ-ਪੰਜ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਕ ਪੱਤਰਕਾਰ ਨੂੰ ਵੀ ਹਿਰਾਸਤ 'ਚ ਲੈ ਲਿਆ। ਪੁਲਸ ਨੇ ਇਹ ਪ੍ਰੋਟੈੱਸਟ ਰੁਕਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਵਿਦਿਆਰਥੀ ਡਟੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ ਵਿਚ ਹਿੰਸਾ ਭੜਕਾਉਣ ਵਾਲਿਆਂ ਨੂੰ ਪੁਲਸ ਨੇ ਅਜੇ ਤਕ ਹੱਥ ਨਹੀਂ ਪਾਇਆ ਤੇ ਉਨ੍ਹਾਂ ਨੂੰ ਸਰਕਾਰੀ ਪਾਬੰਦੀਆਂ ਦੀ ਪਾਲਣਾ ਕਰਦਿਆਂ ਵੀ ਮੁਜ਼ਾਹਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਪੁਲਸ ਉਨ੍ਹਾਂ ਨੂੰ ਜੇਲ੍ਹ ਵਿਚ ਡੱਕ ਕੇ ਸੁਪਰੀਮ ਕੋਰਟ ਦੇ ਇਸ ਨਿਰਦੇਸ਼ ਦੀ ਉਲੰਘਣਾ ਕਰ ਰਹੀ ਹੈ ਕਿ ਕੋਰੋਨਾ ਨੂੰ ਦੇਖਦਿਆਂ ਜੇਲ੍ਹਾਂ ਵਿਚ ਭੀੜ ਨਾ ਹੋਣ ਦਿੱਤੀ ਜਾਵੇ।
ਹਾਲਾਂਕਿ ਪ੍ਰੋਟੈੱਸਟ ਸੰਕੇਤਕ ਸੀ, ਪਰ ਇਹ ਅਹਿਸਾਸ ਕਰਾ ਗਿਆ ਕਿ ਸੰਸਦ ਵਿਚ ਬਹੁਮਤ ਦੇ ਜ਼ੋਰ ਨਾਲ ਪਾਸ ਕੀਤੇ ਗਏ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਗੁੱਸਾ ਲਾਕਡਾਊਨ ਕਾਰਨ ਕੁਝ ਸਮਾਂ ਸ਼ਾਂਤ ਹੋ ਗਿਆ ਸੀ, ਪਰ ਦੱਬਿਆ ਨਹੀਂ। ਮਾਹੌਲ ਖੁੱਲ੍ਹਣ ਨਾਲ ਇਹ ਹੋਰ ਪ੍ਰਚੰਡ ਰੂਪ ਵਿਚ ਸਾਹਮਣੇ ਆਵੇਗਾ। ਤਸ਼ਦੱਦ-ਵਿਰੋਧੀ ਲਹਿਰਾਂ ਕੁਝ ਸਮਾਂ ਸ਼ਾਂਤ ਹੋ ਜਾਂਦੀਆਂ ਹਨ, ਪਰ ਦੱਬਦੀਆਂ ਨਹੀਂ।

679 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper